Close
Menu

ਸੂਬੇ ਦੇ ਵਿਕਾਸ ਵਿਚ ਰੋੜੇ ਅਟਕਾਉਣ ਵਾਲੇ ਕਾਂਗਰਸੀ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਕੋਈ ਇਕ ਪ੍ਰਾਪਤੀ ਦੱਸਣ ‑ ਬਾਦਲ

-- 07 August,2013

final-1

ਸ੍ਰੀ ਮੁਕਤਸਰ ਸਾਹਿਬ,7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਅਤੇ ਉਸਦੇ ਆਗੂਆਂ ਨੇ ਹਮੇਸਾ ਹੀ ਪੰਜਾਬ ਦੀ ਤਰੱਕੀ ਅਤੇ ਵਿਕਾਸ ਦੇ ਰਾਹ ਵਿਚ ਰੋੜੇ ਅਟਕਾਏ ਹਨ ਅਤੇ ਉਨ੍ਹਾਂ ਵੱਲੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਹੈ।

ਅੱਜ ਇੱਥੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪਹਿਲੇ ਦਿਨ ਦੇ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਵਿਚ ਕੋਈ ਯੋਗਦਾਨ ਪਾਉਣ ਦੀ ਥਾਂ ਤੇ ਕਾਂਗਰਸੀ ਆਗੂਆਂ ਨੇ ਹਮੇਸਾਂ ਹੀ ਮੀਡੀਆ ਦੀਆਂ ਸੁਰੱਖਿਆ ਵਿਚ ਬਣੇ ਰਹਿਣ ਖਾਤਰ ਕੋਝੇ ਹੱਥਕੰਡੇ ਅਪਨਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸ਼੍ਰੋਮਣੀ ਅਕਾਲੀ ਦਲ‑ਭਾਜਪਾ ਸਰਕਾਰ ਖਿਲਾਫ ਮੁੱਦਾ ਰਹਿਤ ਕਾਂਗਰਸ ਪਾਰਟੀ ਦੇ ਆਗੂ ਅੱਜ ਹਤਾਸ਼ ਹੋਏ ਫਿਰਦੇ ਹਨ ਅਤੇ ਕੋਝੀਆਂ ਹਰਕਤਾਂ ਰਾਹੀਂ ਉਹ ਸੂਬੇ ਦੀ ਵਿਕਾਸ ਪ੍ਰਣਾਲੀ ਨੂੰ ਲੀਹੋਂ ਲਾਉਣ ਲਈ ਯਤਨ ਕਰ ਰਹੇ ਹਨ।  ਸ: ਬਾਦਲ ਨੇ ਕਿਹਾ ਕਿ ਕਾਂਗਸਰ ਪਾਰਟੀ ਸੁਬੇ ਦੀ ਦੁਸ਼ਮਣ ਨੰਬਰ ਇਕ ਪਾਰਟੀ ਹੈ ਜਿਸ ਕਾਰਨ ਸੂਬੇ ਦੇ ਲੋਕਾਂ ਨੇ ਕਾਂਗਰਸ ਨੂੰ ਵਾਰ ਵਾਰ ਨਕਾਰਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਅਤੇ ਦਰਿਆਈ ਪਾਣੀਆਂ ਵਿਚ ਬਣਦੇ ਹੱਕ ਨੂੰ ਖੋਹ ਕੇ ਕਾਂਗਰਸ ਪਾਰਟੀ ਨੇ ਹਮੇਸਾ ਹੀ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਸਮਾਜਿਕ, ਆਰਥਿਕ, ਸਿਆਸੀ ਅਤੇ ਇੱਥੋਂ ਤੱਕ ਕਿ ਧਾਰਮਿਕ ਮਸਲਿਆਂ ਵਿਚ ਦਖਲ ਦੇ ਕੇ ਕਾਂਗਰਸ ਪਾਰਟੀ ਨੇ ਪੰਜਾਬੀਆਂ ਦੇ ਦਿਲਾਂ ਤੇ ਗਹਿਰੇ ਜਖ਼ਮ ਕੀਤੇ ਹਨ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮਾਂ ਦਾ ਇਕੋ ਇੱਕ ਮੰਤਵ ਲੋਕਾਂ ਨਾਲ ਸਿੱਧਾ ਤਾਲਮੇਲ ਕਰਕੇ ਉਨ੍ਹਾਂ ਦੇ ਦੁੱਖ ਦਰਦ ਘਟਾਉਣਾ ਅਤੇ ਉਨ੍ਹਾਂ ਦੀ ਭਲਾਈ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਪ੍ਰੋਗਰਾਮਾਂ ਤਹਿਤ ਸਮੂਚੀ ਸੂਬਾ ਸਰਕਾਰ ਲੋਕਾਂ ਦੇ ਕੋਲ ਆ ਕੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸੀਬਤਾਂ ਦੇ ਹੱਲ ਲਈ ਜੀਅ ਤੋੜ ਉਪਰਾਲੇ ਕਰਦੀ ਹੈ।

ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਗੁਜਰਾਤ ਵਿਚ ਵਸਦੇ ਪੰਜਾਬੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਸ ਲਈ ਲੋੜ ਪੈਣ ਤੇ ਸਿਆਸੀ ਅਤੇ ਕਾਨੂੰਨੀ ਲੜਾਈ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇੰਨ੍ਹਾਂ ਕਿਸਾਨ ਭਰਾਵਾਂ ਦਾ ਸੁਪਰੀਮ ਕੋਰਟ ਵਿਚ ਕੇਸ ਲੜਣ ਲਈ ਭਰਪੁਰ ਪੈਰਵੀ ਕਰੇਗੀ ਅਤੇ ਇੰਨ੍ਹਾਂ ਕਿਸਾਨਾਂ ਨੂੰ ਲੋੜੀਂਦੀ ਆਰਥਿਕ ਸਹਾਇਤਾ ਵੀ ਦੇਵੇਗੀ। ਕਾਂਗਰਸ ਨੂੰ ਇਸ ਸਾਰੀ ਸਮੱਸਿਆ ਦੀ ਜੜ੍ਹ ਦਸੱਦਿਆਂ ਸ: ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸਾ ਹੀ ਕਿਸਾਨ ਅਤੇ ਪੰਜਾਬ ਵਿਰੋਧੀ ਫੈਸਲੇ ਲਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਕਿਸਾਨਾਂ ਦੀਆਂ ਜ਼ਮੀਨਾਂ ਜਬਤ ਕਰਨ ਦਾ ਫੈਸਲਾ 1973 ਦੀ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਰਕੁਲਰ ਦੇ ਅਧਾਰ ਤੇ ਲਿਆ ਗਿਆ ਹੈ ਜਿਸ ਤਹਿਤ ਕੋਈ ਵੀ ਗੈਰ‑ਗੁਜਰਾਤੀ ਕਾਸਤਕਾਰ ਜੇ ਗੁਜਰਾਤ ਵਿਚ ਜਮੀਨ ਲੈਂਦਾ ਹੈ ਤਾਂ ਉਸ ਨੂੰ ਗੈਰ ਕਾਸਤਕਾਰ ਮੰਨਿਆ ਜਾਂਦਾ ਹੈ।

ਇਸ ਉਪਰੰਤ ਪਿੰਡ ਖਿੜਕੀਆਂ ਵਾਲਾ, ਆਸਾਬੁੱਟਰ, ਹਰੀਕੇ ਕਲਾਂ, ਸਮਾਘ, ਕਾਊਣੀ, ਸੂਰੇ ਵਾਲਾ, ਵਾੜਾ ਕਿਸ਼ਨ ਪੁਰਾ ਅਤੇ ਗੂੜੀ ਸੰਘਰ ਵਿਖੇ ਜਨਤਕ ਇੱਕਠਾਂ ਨੂੰ ਸੰਬੋਧਨ ਕਰਦਿਆਂ ਸ: ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਵਿਚ ਛੂਰਾ ਮਾਰ  ਕੇ ਸਾਬਕਾ ਖਜ਼ਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਆਪਣਾ ਸਿਆਸੀ ਜੀਵਨ ਤਬਾਹ ਕਰ ਲਿਆ ਹੈ ਅਤੇ ਹੁਣ ਸਿਆਸੀ ਤੌਰ ਤੇ ਮੁੜ ਸੁਰਜੀਤ ਹੋਣ ਲਈ ਕਾਂਗਰਸ ਪਾਰਟੀ ਦੀਆਂ ਤਰਲੇ ਮਿੰਨਤਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਮਨਪ੍ਰੀਤ ਸਿੰਘ ਨੂੰ ਪਾਰਟੀ ਅਤੇ ਸਰਕਾਰ ਦੀਆਂ ਅਹਿਮ ਜਿੰਮੇਵਾਰੀਆਂ ਦੇ ਕੇ ਨਵਾਜ਼ਿਆ ਸੀ, ਪਰ ਅੱਜ ਉਹ ਕਾਂਗਸਰ ਪ੍ਰਧਾਨ ਬੀਬੀ ਸੋਨੀਆ ਗਾਂਧੀ ਕੋਲ ਰਹਿਮ ਲੈਣ ਖਾਤਿਰ ਆਪਣੀ ਮਾਂ ਪਾਰਟੀ ਖਿਲਾਫ ਹੀ ਜ਼ਹਿਰ ਉਗਲ ਰਿਹਾ ਹੈ। ਗਿੱਦੜਬਾਹਾ ਹਲਕੇ ਦੇ ਲੋਕਾਂ ਨਾਲ ਆਪਣੀ ਸਾਂਝ ਨੂੰ ਯਾਦ ਕਰਦਿਆਂ ਸ: ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਹਲਕੇ ਦੀ ਆਪਣੀ ਸਿਆਸੀ ਵਿਰਾਸਤ ਪੀਪੀਪੀ ਆਗੂ ਨੂੰ ਸੌਂਪੀ ਸੀ ਪਰ ਉਸ ਨੇ ਪਾਰਟੀ ਛੱਡ ਕੇ ਇੱਥੋਂ ਦੇ ਵੋਟਰਾਂ ਨਾਲ ਧ੍ਰੋਹ ਕਮਾਇਆ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਉਨ੍ਹਾਂ ਦੀ ਜਿੰਦਗੀ ਦੇ ਵਿਚ ਖਾਸ਼ ਅਹਿਮੀਅਤ ਹੈ ਕਿਉਂਕਿ ਉਨ੍ਹਾਂ ਨੇ ਆਪਣਾ ਲੰਬਾ ਸਿਆਸੀ ਜੀਵਨ ਇੱਥੋਂ ਹੀ ਸ਼ੁਰੂ ਕੀਤਾ ਸੀ। ਨਾਲ ਹੀ ਉਨ੍ਹਾ ਕਿਹਾ ਕਿ ਇਸ  ਹਲਕੇ ਦੇ ਲੋਕਾਂ ਨੇ ਹਰ ਚੰਗੇ ਮਾੜੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਖਾਸ਼ ਤੌਰ ਤੇ ਬਾਦਲ ਪਰਿਵਾਰ ਦਾ ਪੂਰਾ ਸਾਥ ਦਿੱਤਾ ਹੈ। ਸ: ਬਾਦਲ ਨੇ ਹਲਕੇ ਦੇ ਲੋਕਾਂ ਨੂੰ ਵਿਸਵਾਸ਼ ਦਿਵਾਇਆ ਕਿ ਉਹ ਹੁਣ ਇਸ ਹਲਕੇ ਵਿਚ ਲਗਾਤਾਰ ਸੰਗਤ ਦਰਸ਼ਨ ਕਰਕੇ ਇਸ ਹਲਕੇ ਦੇ ਵਿਕਾਸ ਨੂੰ ਹੋਰ ਵੀ ਗਤੀ ਪ੍ਰਦਾਨ ਕਰਣਗੇ।

ਇਕ ਅਹਿਮ ਕਦਮ ਦੌਰਾਨ ਮੁੱਖ ਮੰਤਰੀ ਨੇ 266 ਅਕਾਲੀ ਕਾਰਕੂਨਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜ਼ਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦੱਲ ਵੱਲੋਂ ਵਿੱਢੇ ਗਏ ਵੱਖ ਵੱਖ ਸੰਘਰਸਾਂ ਦੌਰਾਨ ਜ਼ੇਲ੍ਹਾਂ ਕੱਟੀਆਂ ਸਨ। ਸ: ਬਾਦਲ ਨੇ ਕਿਹਾ ਕਿ ਇੰਨ੍ਹਾਂ ਅਕਾਲੀ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਪਾਰਟੀ ਦੇ ਖਾਤਿਰ ਬਹੁਤ ਘਾਲਣਾ ਘਾਲੀਆਂ ਹਨ ਅਤੇ ਇੰਨ੍ਹਾਂ ਨੂੰ ਇਸ ਵਢਮੁੱਲੀ ਕੁਰਬਾਨੀ ਲਈ ਸਨਮਾਨਿਤ ਕਰਨਾ ਪਾਰਟੀ ਦਾ ਨੈਤਿਕ ਫਰਜ ਹੈ।

ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿਚ ਧੜੇਬੰਦੀ ਨੂੰ ਘਟਾਉਣ ਅਤੇ ਆਪਣੇ ਸੌੜੇ ਹਿੱਤਾਂ ਨੂੰ ਪਾਸੇ ਰੱਖ ਕੇ ਪਿੰਡਾਂ ਦੇ ਵਿਕਾਸ ਵਿਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਦੇ ਵਿਕਾਸ ਵੱਲ ਵੱਧ ਤੋਂ ਵੱਧ ਫੰਡ ਜਾਰੀ ਕਰਨ ਨੂੰ ਵੱਡੀ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੇਂਡੂ ਸੜਕਾਂ ਦੀ ਮਜਬੂਤੀ ਅਤੇ ਨਵੀਨੀਕਰਨ ਲਈ 1700 ਕਰੋੜ ਰੁਪਏ ਖਰਚਨ ਦਾ ਪ੍ਰੋਗਰਾਮ ਉਲੀਕਿਆਂ ਹੈ। ਇਸੇ ਤਰਾਂ ਪੇਂਡੁ ਲੋਕਾਂ ਨੂੰ ਪੀਣ ਯੋਗ ਸਾਫ ਪਾਣੀ ਮੁਹਈਆ ਕਰਵਾਉਣ ਦੇ ਨਾਲ ਨਾਲ ਸ਼ਹਿਰੀ ਖੇਤਰਾਂ ਦੀ ਤਰਜ ਤੇ ਬੁਨਿਆਦੀ ਸਹੁਲਤਾਂ ਪ੍ਰਦਾਨ ਕਰਨ ਵੱਲ ਵੀ ਖਾਸ਼ ਤੱਵਜੋ ਦਿੱਤੀ ਜਾ ਰਹੀ ਹੈ।

ਇਸ ਮੌਕ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਹਲਕਾ ਇੰਚਾਰਜ ਸ: ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਉਨ੍ਹਾਂ ਨੂੰ ਜੀ ਆਇਆ ਨੂੰ ਆਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਆਈ.ਜੀ. ਸ: ਐਨ.ਐਸ. ਢਿੱਲੋਂ, ਐਸ.ਐਸ.ਪੀ. ਸ: ਸੁਰਜੀਤ ਸਿੰਘ, ਐਸ.ਜੀ.ਪੀ.ਸੀ. ਮੈਂਬਰ ਜੱਥੇਦਾਰ ਨਵੇਤਜ ਸਿੰਘ ਕਾਉਣੀ, ਸੀਨੀਅਰ ਆਗੂ ਸ: ਸੰਤ ਸਿੰਘ ਬਰਾੜ,  ਚੇਅਰਮੈਨ ਸ: ਸੁਰਜੀਤ ਸਿੰਘ ਗਿਲਜ਼ੇਵਾਲਾ, ਸ: ਗੁਰਮੀਤ ਸਿੰਘ ਮਾਨ, ਸ: ਰਣਜੋਧ ਸਿੰਘ ਲੰਬੀ ਆਦਿ ਵੀ ਹਾਜਰ ਸਨ।

Facebook Comment
Project by : XtremeStudioz