Close
Menu

ਸੂਬੇ ਦੇ ਸ਼ਹਿਰਾਂ ਤੇ ਕਸਬਿਆਂ ਦੇ ਸਰਵਪੱਖੀ ਵਿਕਾਸ ਲਈ 751.58 ਕਰੋੜ ਰੁਪਏ ਜਾਰੀ : ਜੋਸ਼ੀ

-- 18 November,2013

Pic-Anil-Koshi-LGM-1ਚੰਡੀਗੜ੍ਹ,18 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਸਥਾਨਕ ਸਰਕਾਰਾਂ ਵਿਭਾਗ ਨੇ ਸੂਬੇ ਦੇ ਸ਼ਹਿਰਾਂ ਤੇ ਕਸਬਿਆਂ ਦੇ ਸਰਵਪੱਖੀ ਵਿਕਾਸ ਲਈ ਸਮੂਹ 149 ਸਥਾਨਕ ਸਰਕਾਰਾਂ ਨੂੰ ਚੂੰਗੀ ਦੀ ਭਰਪਾਈ ਲਈ ਚਾਲੂ ਵਿੱਤੀ ਵਰ੍ਹੇ ਦੇ ਪਹਿਲੇ 7 ਮਹੀਨਿਆਂ ਦੌਰਾਨ 751.58 ਕਰੋੜ ਰੁਪਏ ਦੀ ਰਾਸ਼ੀ ਵੰਡੀ ਹੈ। ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਸ੍ਰੀ ਜੋਸ਼ੀ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਨੂੰ ਚੂੰਗੀ ਦੀ ਭਰਪਾਈ ਵਜੋਂ ਵੈਟ ਰਾਹੀਂ ਇਕੱਤਰ ਰਾਸ਼ੀ ਵਿੱਚੋਂ ਰੱਖੇ ਜਾਂਦੇ ਪੰਜਾਬ ਮਿਉਂਸਪਲ ਫੰਡ ਤਹਿਤ ਵਿੱਤੀ ਸਹਾਇਤਾ ਦੇਣ ਦੇ ਕੀਤੇ ਫੈਸਲੇ ਤਹਿਤ ਮੌਜੂਦਾ ਵਿੱਤੀ ਵਰ੍ਹੇ ਵਿੱਚ ਸਮੂਹ ਸਥਾਨਕ ਸਰਕਾਰਾਂ ਨੂੰ 31 ਅਕਤੂਬਰ ਤੱਕ 7 ਅਰਬ 51 ਕਰੋੜ 58 ਲੱਖ 2 ਹਜ਼ਾਰ 879 ਰੁਪਏ (751.58 ਕਰੋੜ) ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਪੰਚਾਇਤਾਂ ਇਹ ਰਾਸ਼ੀ ਆਪੋ-ਆਪਣੇ ਸ਼ਹਿਰਾਂ/ਕਸਬਿਆਂ ਦੇ ਵਿਕਾਸ ਕਾਰਜਾਂ ਲਈ ਖਰਚ ਕਰਨਗੀਆਂ ਤਾਂ ਜੋ ਸ਼ਹਿਰਾਂ ਦੀ ਦਿੱਖ ਹੋਰ ਸੁੰਦਰ ਅਤੇ ਸ਼ਹਿਰੀਆਂ ਨੂੰ ਬਿਹਤਰ ਸੇਵਾਵਾਂ ਮਿਲ ਸਕਣ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ 149 ਸਥਾਨਕ ਸਰਕਾਰਾਂ ਵਿੱਚੋਂ ਵੱਡੇ ਸ਼ਹਿਰਾਂ ਦੀਆਂ ਨਗਰ ਨਿਗਮਾਂ ਨੂੰ ਜਾਰੀ ਕੀਤੀ ਰਾਸ਼ੀ ਦੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਨੂੰ 184.84 ਕਰੋੜ ਰੁਪਏ, ਨਗਰ ਨਿਗਮ ਜਲੰਧਰ ਨੂੰ 77.87 ਕਰੋੜ ਰੁਪਏ, ਨਗਰ ਨਿਗਮ ਅੰਮ੍ਰਿਤਸਰ ਨੂੰ 65.55 ਕਰੋੜ ਰੁਪਏ, ਨਗਰ ਨਿਗਮ ਬਠਿੰਡਾ ਨੂੰ 33.33 ਕਰੋੜ ਰੁਪਏ, ਨਗਰ ਨਿਗਮ ਮੋਹਾਲੀ ਨੂੰ 25.70 ਕਰੋੜ ਰੁਪਏ, ਨਗਰ ਨਿਗਮ ਪਟਿਆਲਾ ਨੂੰ 18.21 ਕਰੋੜ ਰੁਪਏ, ਨਗਰ ਨਿਗਮ ਮੋਗਾ ਨੂੰ 15.93 ਕਰੋੜ ਰੁਪਏ, ਨਗਰ ਨਿਗਮ ਹੁਸ਼ਿਆਰਪੁਰ ਨੂੰ 13.55 ਕਰੋੜ ਰੁਪਏ, ਨਗਰ ਨਿਗਮ ਪਠਾਨਕੋਟ ਨੂੰ 9.54 ਕਰੋੜ ਰੁਪਏ ਅਤੇ ਨਗਰ ਨਿਗਮ ਫਗਵਾੜਾ ਨੂੰ 8.99 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ।
ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਕਰਨ ਲਈ ਵਚਨਬੱਧ ਹੈ ਜਿਸ ਤਹਿਤ ਸ਼ਹਿਰਾਂ ਨੂੰ ਕਿਸੇ ਕਿਸਮ ਦੇ ਫੰਡ ਦੀ ਕਮ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ 100 ਫੀਸਦੀ ਪੀਣ ਵਾਲੇ ਸਾਫ ਪਾਣੀ, ਸਟਰੀਟ ਲਾਈਟਾਂ ਅਤੇ ਸੀਵਰੇਜ ਦੀ ਸਹੂਲਤ ਸਮੇਤ ਹਰ ਤਰ੍ਹਾਂ ਦੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

Facebook Comment
Project by : XtremeStudioz