Close
Menu

ਸੂਬੇ ਨੂੰ ਮਿਲਣ ਵਾਲੇ ਹੱਕੀ ਫੰਡਾਂ ਨੂੰ ਬਹਾਨੇਬਾਜ਼ੀ ਕਰਕੇ ਰੋਕਣਾ ਯੂਪੀਏ ਦੀ ਸੌੜੀ ਸੋਚ ਦਾ ਨਤੀਜਾ : ਬੱਬੀ ਖਹਿਰਾ

-- 19 September,2013

Babbi

ਪਟਿਆਲਾ, 19 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਦੇਸ਼ ਦੀ ਆਜ਼ਾਦੀ ਤੋਂ ਹੁਣ ਤੱਕ ਲੰਮਾਂ ਸਮਾਂ ਕੇਂਦਰੀ ਸੱਤਾ ‘ਚ ਰਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਦੁਸ਼ਮਣ ਜਮਾਤ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਸੂਬੇ ਦੀ ਆਰਥਿਕਤਾ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਸੂਬੇ ਦੇ ਵਿਕਾਸ ‘ਚ ਇਕ ਰੋੜੇ ਵਾਲੀ ਭੂਮਿਕਾ ਅਦਾ ਕੀਤੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੌਮੀ ਉਪ ਪ੍ਰਧਾਨ ਸ. ਹਰਜੀਤ ਸਿੰਘ ਬੱਬੀ ਖਹਿਰਾ ਨੇ ਕੇਂਦਰ ਸਰਕਾਰ ਵਲੋਂ ਕੌਮੀ ਦਿਹਾਤੀ ਮਿਸ਼ਨ ਤਹਿਤ 108 ਐਂਬੂਲੈਂਸ ਸੇਵਾ ਲਈ ਦਿੱਤੇ ਜਾਂਦੇ ਕੇਂਦਰੀ ਫੰਡ ਫੋਟੋ ਲਗਾਉਣ ਦਾ ਬਹਾਨਾ ਬਣਾ ਕੇ ਰੋਕੇ ਜਾਣ ‘ਤੇ ਯੂ ਪੀ ਏ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਇਹ ਯੂ ਪੀ ਏ ਸਰਕਾਰ ਦੀ ਸੌੜੀ ਸੋਚ ਦਾ ਨਤੀਜਾ ਹੈ, ਕਿਉਂਕਿ ਕੇਂਦਰ ਸਰਕਾਰ ਇਹ ਸਕੀਮਾਂ ਵੱਖ ਵੱਖ ਸੂਬਿਆਂ ਤੋਂ ਇਕੱਠੇ ਹੁੰਦੇ ਫੰਡਾਂ ਨਾਲ ਹੀ ਲਾਗੂ ਕਰਦੀ ਹੈ।
ਬੱਬੀ ਖਹਿਰਾ ਨੇ ਆਖਿਆ ਕਿ ਕੇਂਦਰ ਦੀ ਯੂ ਪੀ ਏ ਸਰਕਾਰ ਪੰਜਾਬ ਅੰਦਰ ਕਾਂਗਰਸ ਪਾਰਟੀ ਨੂੰ ਮਿਲ ਰਹੀ ਇਕ ਤੋਂ ਬਾਅਦ ਇਕ ਹਾਰ ਕਾਰਨ ਬੌਖਲਾਹਟ ‘ਚ ਆ ਚੁੱਕੀ ਹੈ ਅਤੇ ਅਪਣਾ ਅਧਾਰ ਸੂਬੇ ਅੰਦਰੋਂ ਖਤਮ ਹੁੰਦਾ ਦੇਖ ਸੂਬੇ ਨੂੰ ਮਿਲਣ ਵਾਲੇ ਹੱਕੀ ਫੰਡਾਂ ਨੂੰ ਰੋਕ ਕੇ ਅਪਣੀ ਨਲਾਇਕੀ ਦਾ ਸਬੂਤ ਦੇ ਰਹੀ ਹੈ। ਉਨ੍ਹਾਂ ਆਖਿਆ ਕਿ ਕੇਂਦਰ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਦਾ ਜਵਾਬ ਦੇਸ਼ ਦੀ ਜਨਤਾ ਅਗਾਮੀ ਲੋਕ ਸਭਾ ਚੋਣਾਂ ‘ਚ ਦੇਣ ਲਈ ਕਮਰਕਸੇ ਕਰੀ ਬੈਠੀ ਹੈ।
ਉਨ੍ਹਾਂ ਸੂਬੇ ਦੇ ਕਾਂਗਰਸੀਆਂ ਦੀ ਵੀ ਆਲੋਚਨਾ ਕਰਦਿਆਂ ਆਖਿਆ ਕਿ ਪੰਜਾਬ ਦੇ ਕਾਂਗਰਸੀਆਂ ਨੇ ਕਦੇ ਵੀ ਸੂਬੇ ਦੇ ਹੱਕਾਂ ਲਈ ਆਵਾਜ਼ ਬੁਲੰਦ ਨਹੀਂ ਕੀਤੀ ਅਤੇ ਮੈਡਮ ਸੋਨੀਆ ਦੀ ਝਿੜਕ ਤੋਂ ਡਰਦਿਆਂ ਉਨ੍ਹਾਂ ਹਮੇਸ਼ਾਂ ਸੂਬੇ ਨੂੰ ਕੇਂਦਰ ਵਲੋਂ ਮਿਲਣ ਵਾਲੇ ਹੱਕਾਂ ਤੋਂ ਪਾਸਾ ਵੱਟੀ ਰਖਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਕਾਂਗਰਸੀ ਇਥੇ ਫੋਕੀ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ ਅਤੇ ਕੇਂਦਰ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਵਤੀਰੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਵਲੋਂ ਵਿੱਢੀ ਜੰਗ ‘ਚ ਸਾਥ ਦੇਣ।

ਇਸ ਮੌਕੇ ਪ੍ਰਧਾਨ ਗੁਰਦੁਆਰਾ ਸਾਹਿਬ ਅਨੰਦ ਨਗਰ ਲਵਜੋਤ ਸਿੰਘ, ਸ. ਮੇਹਰ ਸਿੰਘ, ਸ੍ਰੀ ਗਰਗ, ਗੁਰਬਚਨ ਸਿੰਘ, ਪਰਮਜੀਤ ਸਿੰਘ ਵੀ ਹਾਜ਼ਰ ਸਨ।

Facebook Comment
Project by : XtremeStudioz