Close
Menu

ਸੈਮੀ ਫਾਈਨਲਜ਼ ਵਿੱਚ ਫਸਣਗੇ ਕੁੰਢੀਆਂ ਦੇ ਸਿੰਗ

-- 23 March,2015

* ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਅਤੇ 26 ਨੂੰ ਭਾਰਤ ਤੇ ਆਸਟਰੇਲੀਆ
ਵਿਚਾਲੇ ਫਸਵੇਂ ਮੁਕਾਬਲੇ ਦੀ ਆਸ

ਨਵੀਂ ਦਿੱਲੀ, ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਇਕਤਰਫ਼ਾ ਰਹਿਣ ਬਾਅਦ ਹੁਣ ਪੂਰੀ ਸੰਭਾਵਨਾ ਹੈ ਕਿ ਸੈਮੀ ਫਾਈਨਲ ਮੁਕਾਬਲੇ ਵਿੱਚ ਜਬਰਦਸਤ ਟੱਕਰ ਦੇਖਣ ਨੂੰ ਮਿਲੇਗੀ। ਸੈਮੀ ਫਾਈਨਲ ਵਿੱਚ ਪਿਛਲੀ ਚੈਂਪੀਅਨ ਭਾਰਤੀ ਟੀਮ ਦਾ ਮੁਕਾਬਲਾ ਸਹਿ-ਮੇਜ਼ਬਾਨ ਆਸਟਰੇਲੀਆ ਨਾਲ ਸਿਡਨੀ ਵਿੱਚ 26 ਮਾਰਚ ਨੂੰ ਅਤੇ ਦੱਖਣੀ ਅਫਰੀਕਾ ਦਾ ਮੁਕਾਬਲਾ ਦੂਜੀ ਸਹਿ-ਮੇਜ਼ਬਾਨ ਟੀਮ ਨਿਊਜ਼ੀਲੈਂਡ ਨਾਲ ਅਾਕਲੈਂਡ ਵਿੱਚ 24 ਮਾਰਚ ਨੂੰ ਹੋਵੇਗਾ। ਇਨ੍ਹਾਂ ਦੋਹਾਂ ਮੁਕਾਬਲਿਆਂ ਦੀਆਂ ਜੇਤੂ ਟੀਮਾਂ 29 ਮਾਰਚ ਨੂੰ ਮੈਲਬਰਨ ਵਿੱਚ ਖ਼ਿਤਾਬੀ ਮੁਕਾਬਲੇ ਵਿੱਚ ਭਿਡ਼ਨਗੀਆਂ। ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਇਸ ਟੂਰਨਾਮੈਂਟ ਵਿੱਚ ਹੁਣ ਤਕ ਜੇਤੂ ਰਹੀਆਂ ਹਨ। ਇਨ੍ਹਾਂ ਨੇ ਆਪਣੇ ਸਾਰੇ ਸੱਤ ਸੱਤ ਮੈਚ ਜਿੱਤੇ ਹਨ।
ਓਵਰਆਲ ਅੰਕਡ਼ਿਆਂ ’ਤੇ ਝਾਤ ਮਾਰੀ ਜਾਵੇ ਤਾਂ ਭਾਰਤ ਅਤੇ ਆਸਟਰੇਲੀਆ ਹੁਣ ਤਕ 117 ਵਾਰ ਅਾਹਮੋ ਸਾਹਮਣੇ ਹੋਏ ਹਨ, ਜਿਸ ਵਿੱਚ ਭਾਰਤ ਨੇ 40 ਮੈਚ ਅਤੇ ਆਸਟਰੇਲੀਆ ਨੇ 67 ਮੈਚ ਜਿੱਤੇ ਹਨ। ਹਾਲਾਂਕਿ ਭਾਰਤ ਨੇ 2011 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਨੂੰ ਹਰਾ ਦਿੱਤਾ ਸੀ। ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਖ਼ਿਲਾਫ਼ ਖੇਡੇ 61 ਮੈਚਾਂ ਵਿੱਚੋਂ 20 ਜਿੱਤੇ ਹਨ ਅਤੇ 36 ਹਾਰੇ ਹਨ। ਭਾਰਤ ਵਾਂਗ ਹੀ ਕਿਵੀ ਟੀਮ ਨੇ ਪਿਛਲੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਦਿੱਤਾ ਸੀ। ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਸੈਮੀ ਫਾਈਨਲ ਵਿੱਚ ਇਸ ਵਾਰ ਇਕ ਟੀਮ ਜ਼ਰੂਰ ਇਤਿਹਾਸ ਰਚੇਗੀ ਕਿਉਂਕਿ ਇਨ੍ਹਾਂ ਦੋਹਾਂ ਟੀਮਾਂ ਵਿੱਚੋਂ ਹੁਣ ਤਕ ਇਕ ਵੀ ਟੀਮ ਖ਼ਿਤਾਬੀ ਮੁਕਾਬਲੇ ਵਿੱਚ ਨਹੀਂ ਪਹੁੰਚ ਸਕੀ ਹੈ। ਭਾਰਤ 1983, 2003 ਅਤੇ 2011 ਦਾ ਫਾਈਨਲ ਖੇਡ ਚੁੱਕਾ ਹੈ ਅਤੇ ਉਹ ਚੌਥੀ ਵਾਰ ਫਾਈਨਲ ਵਿੱਚ ਦਾਖਲੇ ਲਈ ਉਸ ਟੀਮ ਖ਼ਿਲਾਫ਼ ਉਤਰੇਗਾ ਜੋ ਚਾਰ ਵਾਰ ਚੈਂਪੀਅਨ ਰਹਿ ਚੁੱਕੀ ਹੈ ਅਤੇ ਸੱਤਵੀਂ ਵਾਰ ਫਾਈਨਲ ਵਿੱਚ ਪਹੁੰਚਣ ਦਾ ਟੀਚਾ ਰੱਖਦੀ ਹੈ। ਆਸਟਰੇਲੀਆ ਨੇ 1975, 1987, 1996, 1999, 2003 ਅਤੇ 2007 ਵਿੱਚ ਵਿਸ਼ਵ ਕੱਪ ਫਾਈਨਲ ਖੇਡਿਆ ਸੀ। ਇਨ੍ਹਾਂ ਅੰਕਡ਼ਿਆਂ ਨੂੰ ਦੇਖਿਆ ਜਾਵੇ ਤਾਂ ਸੈਮੀ ਫਾਈਨਲ ਵਿੱਚ ਬੇਹੱਦ ਫਸਵੇਂ ਮੁਕਬਾਲੇ ਦੇਖਣ ਨੂੰ ਮਿਲਣਗੇ। ਭਾਰਤ-ਆਸਟਰੇਲੀਆ ਸੈਮੀ ਫਾਈਨਲ ਵਿੱਚ ਇਕ ਪਾਸੇ ਸ਼ਿਖਰ ਧਵਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸੁਰੇਸ਼ ਰੈਣਾ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਵਰਗੇ ਬੱਲੇਬਾਜ਼ ਖਡ਼੍ਹੇ ਹੋਣਗੇ ਅਤੇ ਦੂਜੇ ਪਾਸੇ ਆਸਟਰੇਲੀਆ ਵੱਲੋਂ ਡੇਵਿਡ ਵਾਰਨਰ, ਮਾਈਕਲ ਕਲਾਰਕ, ਸਟੀਵਨ ਸਮਿੱਥ, ਸ਼ੇਨ ਵਾਟਸਨ ਅਤੇ ਗਲੇਨ ਮੈਕਸਵੈੱਲ ਦੀ ਚੁਣੌਤੀ ਹੋਵੇਗੀ। ਗੇਂਦਬਾਜ਼ੀ ਵਿੱਚ ਦੋਵਾਂ ਟੀਮਾਂ ਦਰਮਿਆਨ ਦਿਲਚਸਪ ਮੁਕਾਬਲਾ ਹੋਵੇਗਾ। ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ, ਉਮੇਸ਼ ਯਾਦਵ ਅਤੇ ਮੋਹਿਤ ਸ਼ਰਮਾ ਦੀ ਮਿਸ਼ੇਲ ਸਟਾਰਕ, ਮਿਚੇਲ ਜੌਹਨਸਨ ਅਤੇ ਜੋਸ਼ ਹੇਜ਼ਲਵੁੱਡ ਨਾਲ ਟੱਕਰ ਇਸ ਮੈਚ ਦਾ ਫੈਸਲਾ ਕਰੇਗੀ। ਸਪਿੰਨਰ ਵਿਭਾਗ ’ਚ ਭਾਰਤ ਦੇ ਆਰ ਅਸ਼ਵਿਨ ਸਾਹਮਣੇ ਆਸਟਰੇਲੀਆ ਦਾ ਪਾਰਟ-ਟਾਈਮ ਸਪਿੰਨਰ ਮੈਕਸਵੈੱਲ ਹੋਵੇਗਾ। ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਸੈਮੀ ਫਾਈਨਲ ਵਿੱਚ ਕਿਵੀ ਟੀਮ ਦੇ ਮਾਰਟਿਨ ਗੁਪਟਿਲ ਤੇ ਕਪਤਾਨ ਬ੍ਰੈਂਡਨ ਮੈੱਕਲਮ ਅਤੇ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਅਤੇ ਕਪਤਾਨ ਏਬੀ ਡੀਵਿਲੀਅਰਜ਼ ਦਾ ਬੱਲਾ ਫਾਈਨਲ ਦੀ ਰਾਹ ਤੈਅ ਕਰੇਗਾ। ਟੂਰਨਾਮੈਂਟ ਵਿੱਚ ਸਭ ਤੋਂ ਵੱਧ 19 ਵਿਕਟਾਂ ਲੈ ਚੁੱਕਾ ਕਿਵੀ ਗੇਂਦਬਾਜ਼ ਟ੍ਰੈਂਟ ਬੋਲਟ ਤੇ ਅਫਰੀਕੀ ਤੂਫਾਨ ਡੇਲ ਸਟੇਨ ਦਾ ਮੁਕਾਬਲਾ ਨਿਰਣਾਇਕ ਸਾਬਤ ਹੋਵੇਗਾ। ਸਪਿੰਨਰ ਵਿਭਾਗ ਵਿੱਚ ਕਿਵੀ ਟੀਮ ਦਾ ਖੱਬੂ ਸਪਿੰਨਰ ਡੇਨੀਅਨ ਵਿਟੋਰੀ ਅਤੇ ਦੱਖਣੀ ਅਫਰੀਕਾ ਦਾ ਇਮਰਾਨ ਤਾਹਿਰ ਹੁਣ ਤਕ 15-15 ਵਿਕਟਾਂ ਝਟਕਾ ਚੁੱਕੇ ਹਨ ਅਤੇ ਇਨ੍ਹਾਂ ਦੀਆਂ ਉਂਗਲੀਆਂ ਦਾ ਜਾਦੂ ਆਪਣੀ ਆਪਣੀ ਟੀਮ ਲਈ ਫਾਈਨਲ ਦੀ ਰਾਹ ਪੱਧਰਾ ਕਰ ਸਕਦਾ ਹੈ। ਆਸਟਰੇਲੀਆ ਤੇ ਨਿਊਜ਼ੀਲੈਂਡ ਸੈਮੀ ਫਾਈਨਲ ਘਰੇਲੂ ਮੈਦਾਨਾਂ ਵਿੱਚ ਖੇਡ ਰਹੇ ਹਨ, ਜਿਸ ਦਾ ਇਨ੍ਹਾਂ ਨੂੰ ਲਾਹਾ ਮਿਲੇਗਾ। ਆਸਟਰੇਲੀਆ ਨੂੰ ਚੌਕੰਨਾ ਹੋਣ ਦੀ ਲੋਡ਼ ਹੈ ਕਿਉਂਕਿ ਭਾਰਤੀ ਟੀਮ ਪਿਛਲੇ ਚਾਰ ਮਹੀਨਿਆਂ ਤੋਂ ਆਸਟਰੇਲੀਆ ਵਿੱਚ ਹੈ ਅਤੇ ਉਹ ਇਥੋਂ ਦੇ ਹਾਲਾਤਾਂ ਤੋਂ ਵਾਕਿਫ਼ ਹੋ ਚੁੱਕੀ ਹੈ ਅਤੇ ਹਾਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਸਮਰਥਕ ਆਸਟਰੇਲੀਆ ’ਚ ਧੋਨੀ ਦੀ ਸੈਨਾ ਦਾ ਉਤਸ਼ਾਹ ਵਧਾ ਰਹੇ ਹੈ। ਇਸ ਲਈ ਸੈਮੀ ਫਾਈਨਲ ਮੁਕਾਬਲੇ ਫਸਵੇਂ ਤੇ ਦਿਲਚਸਪ ਹੋਣ ਦੀ ਉਮੀਦ ਹੈ।

Facebook Comment
Project by : XtremeStudioz