Close
Menu

ਸੋਮਨਾਥ ਭਾਰਤੀ ਦੀ ਗ੍ਰਿਫ਼ਤਾਰੀ ’ਤੇ ਨਹੀਂ ਲੱਗੀ ਰੋਕ

-- 25 September,2015

ਨਵੀਂ ਦਿੱਲੀ, 25 ਸਤੰਬਰ
‘ਆਪ’ ਦੇ ਵਿਧਾਇਕ ਤੇ ਸਾਬਕਾ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਦੀਆਂ ਮੁਸ਼ਕਲ ਹੋਰ ਵਧ ਗਈਆਂ ਹਨ ਕਿਉਂਕਿ ੳੁਨ੍ਹਾਂ ਦੀ ਅਗਾੳੂਂ ਜ਼ਮਾਨਤ ਦੀ ਪਟੀਸ਼ਨ ਉਪਰ ਸੁਪਰੀਮ ਕੋਰਟ ਸੋਮਵਾਰ ਨੂੰ ਸੁਣਵਾਈ ਕਰੇਗੀ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਉਪਰ ਕੋਰਟ ਨੇ ਰੋਕ ਨਹੀਂ ਲਾਈ ਹੈ। ਇਸ ਕਰਕੇ ਦਿੱਲੀ ਪੁਲੀਸ ਵੱਲੋਂ ਵਿਧਾਇਕ ਨੂੰ ਸੋਮਵਾਰ ਤੋਂ ਪਹਿਲਾਂ ਗ੍ਰਿਫ਼ਤਾਰ ਕਰਨ ਲਈ ਸਿਰ-ਧੜ ਦੀ ਬਾਜ਼ੀ ਲਾ ਦਿੱਤੀ ਗਈ ਹੈ।
ਅੱਜ ਸੁਪਰੀਮ ਕੋਰਟ  ਦੇ ਜੱਜ ਐਚ ਐਲ ਦੱਤੂ ਤੇ ਜਸਟਿਸ ਅਮ੍ਰਿਤਵਾ ਰਾਇ ਵੱਲੋਂ ਮਾਮਲੇ ਦੀ ਸੁਣਵਾਈ 28 ਸਤੰਬਰ ਨੂੰ ਤੈਅ ਕੀਤੀ ਹੈ। ਸ੍ਰੀ ਭਾਰਤੀ ਦੀ ਦਿੱਲੀ ਹਾਈ ਕੋਰਟ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ ਤੇ ਟਿੱਪਣੀਆਂ ਕੀਤੀਆਂ ਸਨ ਕਿ ਭਾਰਤੀ ਨੇ ਘਰ ਅੰਦਰ ਤੇ ਬਾਹਰ ਵੀ ਕਥਿਤ ਗ਼ਲਤ ਵਰਤਾਓ ਕੀਤਾ ਹੈ। ਬੀਤੇ ਦਿਨ ਸੋਮਨਾਥ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ। ਅੱਜ ਉਨ੍ਹ੍ਹਾਂ ਵੱਲੋਂ ਵਕੀਲ ਪ੍ਰਮੋਦ ਸਵਰੂਪ ਸੁਪਰੀਮ ਕੋਰਟ ਵਿੱਚ ਪੇਸ਼ ਹੋਏ।
ਸ੍ਰੀ ਭਾਰਤੀ ਉਪਰ ਉਨ੍ਹਾਂ ਦੀ ਪਤਨੀ ਲਿਪਿਕਾ ਮਿਸ਼ਰਾ ਵੱਲੋਂ ਧਾਰਾ 307, 498ਏ, 324, 406, ਤਹਿਤ ਕੇਸ ਦਰਜ ਕਰਵਾਇਆ ਸੀ ਤੇ ਦੋਸ਼ ਲਾਇਆ ਸੀ ਕਿ ਭਾਰਤੀ ਉਸ ਨੂੰ 2010 ਤੋਂ ਘਰ ਵਿੱਚ ਕੁੱਟਦਾ ਮਾਰਦਾ ਸੀ।ਦਿੱਲੀ ਮਹਿਲਾ ਕਮਿਸ਼ਨ ਵੱਲੋਂ ਤਤਕਾਲੀ ਚੇਅਰਪਰਸਨ ਬਰਖ਼ਾ ਸਿੰਘ  ਲਿਪਿਕਾ ਦੇ ਹੱਕ ਵਿੱਚ ਖੁੱਲ੍ਹ ਕੇ ਆਈ ਸੀ। ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਨੇ ਵੀ ਸੋਮਨਾਥ ਭਾਰਤੀ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਕਾਨੂੰਨ ਤੋਂ ਡਰ ਕੇ ਭੱਜਣਾ ਪਾਰਟੀ ਤੇ ਪਰਿਵਾਰ ਲਈ ਸ਼ਰਮਿੰਦਗੀ ਵਾਲੀ ਗੱਲ ਹੈ ਇਸ ਲਈ ਉਹ ਦਿੱਲੀ ਪੁਲੀਸ ਨੂੰ ਸਹਿਯੋਗ ਦੇਣ ਲਈ ਆਤਮ ਸਮਰਪਣ ਕਰ ਦੇਣ।
ਇਸੇ ਦੌਰਾਨ ਦਿੱਲੀ ਸਰਕਾਰ ਨੇ ਵੀ ਸੋਮਨਾਥ ਦੀਆਂ ਦਿੱਕਤਾਂ ਵਿੱਚ ਵਾਧਾ ਕਰ ਦਿੱਤਾ ਹੈ। ਕੇਜਰੀਵਾਲ ਸਰਕਾਰ ਵੱਲੋਂ ਮਾਲਵੀਆ ਨਗਰ ਤੋਂ ਆਪਣੇ ਵਿਧਾਇਕ ਭਾਰਤੀ ‘ਤੇ ਖਿੜਕੀਪੁਰ ਵਿੱਚ ਰਾਤ ਵੇਲੇ ਅਫ਼ਰੀਕੀ ਮੂਲ ਦੀਆਂ ਔਰਤਾਂ ਨਾਲ ਕਥਿਤ ਬਦਸਲੂਕੀ ਨੂੰ ਲੈ ਕੇ ਤੇ ਛਾਪਾ ਮਾਰਨ ਦੇ ਦੋਸ਼ਾਂ ਹੇਠ ਦਿੱਲੀ ਦੇ ਗ੍ਰਹਿ ਵਿਭਾਗ ਨੂੰ ਕੇਸ ਸ਼ੁਰੂ ਕਰਨ ਦੀ ਹਰੀ ਝੰਡੀ ਦਿੱਤੀ ਗਈ ਹੈ। ਉਪਰਾਜਪਾਲ ਵੱਲੋਂ ਵਿਧਾਇਕ ਖ਼ਿਲਾਫ਼ ਕਾਰਵਾਈ ਕਰਨ ਦੀ ਪਹਿਲਾਂ ਹੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਪਰ ਕੇਜਰੀਵਾਲ ਸਰਕਾਰ ਵੱਲੋਂ ਇਸ ਫਾਈਲ ਨੂੰ ਅੱਗੇ ਨਹੀਂ ਸਰਕਾਇਆ ਜਾ ਰਿਹਾ ਸੀ ਅਤੇ ਪਹਿਲਾਂ ਦਿੱਲੀ ਸਰਕਾਰ ਨੇ ਨਜੀਬ ਜੰਗ ਵੱਲੋਂ ਵਿਧਾਇਕ ਭਾਰਤੀ ਖ਼ਿਲਾਫ਼ ਮਾਮਲਾ ਦਰਜ ਦੀ ਮਨਜ਼ੂਰੀ ਦੇਣ ਦਾ ਵਿਰੋਧ ਕੀਤਾ ਸੀ।
ਇਹ ਘਟਨਾ 2014  ਦੀ ਜਨਵਰੀ15-16 ਰਾਤ  ਦੀ ਹੈ ਜਦੋਂ ਸ੍ਰੀ ਸੋਮਨਾਥ ਭਾਰਤੀ (ਤਤਕਾਲੀ ਕਾਨੂੰਨ ਮੰਤਰੀ) ਨੇ ਖਿੜਕੀਪੁਰ ਵਿਸਥਾਰ ਵਿੱਚ ਛਾਪਾ ਮਾਰ ਕੇ ਅਫ਼ਰੀਕੀਨ ਔਰਤਾਂ ਨੂੰ ਵੇਸਵਾਗਮਨੀ ਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕਰਨ ਤੋਂ ਕਥਿਤ ਰੋਕਿਆ ਸੀ ਪਰ ਇਹ ਮਾਮਲਾ ਵੀ ਬਾਅਦ ਵਿੱਚ ਉਨ੍ਹਾਂ ਲਈ ਮੁਸੀਬਤ ਬਣ ਗਿਆ ਤੇ 9 ਔਰਤਾਂ ਨਾਲ ਕਥਿਤ ਛੇੜਛਾੜ ਦੇ ਦੋਸ਼ਾਂ ਵਿੱਚ ਉਹ ਘਿਰ ਗਏ।
ਇਸੇ ਦੌਰਾਨ ਦਿੱਲੀ ਪੁਲੀਸ ਦੇ ਸੂਤਰਾਂ ਵੱਲੋਂ ਸੋਮਨਾਥ ਭਾਰਤੀ ਦੀ ਠਿਕਾਣੇ ਦਾ ਪਤਾ ਲਾ ਲੈਣ ਦਾ ਦਾਅਵਾ ਕੀਤਾ ਗਿਆ ਹੈ। ਦਿੱਲੀ ਪੁਲੀਸ ਦੀਆਂ ਅੱਠ ਟੀਮਾਂ ਵੱਲੋਂ ਉਸ ਦੇ ਸੰਭਾਵਿਤ ਠਿਕਾਣਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਧਾਇਕ ਅਗਾਉਂ ਜ਼ਮਾਨਤ ਨਾ ਲੈ  ਸਕੇ ਅਤੇ ਉਹ ਪੁਲੀਸ ਦੀ ਪਕੜ ਵਿੱਚ ਆ ਜਾਵੇ।
ਪੁਲੀਸ ਸੂਤਰਾਂ ਮੁਤਾਬਕ ਭਾਰਤੀ ਹੁਣ ਤਕ ਤਿੰਨ ਮੋਬਾਈਲ ਬਦਲ ਚੁੱਕੇ ਹਨ ਤੇ ਉਨ੍ਹਾਂ ਵੱਲੋਂ ਆਗਰਾ ਵਿੱਚ ਵੀ ਛੁਪਣ ਦਾ ਠਿਕਾਣਾ ਬਣਾਇਆ ਗਿਆ ਸੀ। ਪੁਲੀਸ ਹੁਣ ਤਕ ਭਾਰਤੀ ਦੀ ਭੈਣ, ਭਰਾ ਤੇ ਨਿੱਜੀ ਸਹਾਇਕ ਤੋਂ ਪੁਛ-ਪੜਤਾਲ ਕਰ ਚੁੱਕੀ ਹੈ। ਪੁਲੀਸ ਮੁਤਾਬਕ ਉਹ ਪਿਛਲੇ ਚੌਵੀ ਘੰਟਿਆਂ ਦੌਰਾਨ ਚਾਰ ਟਿਕਾਣੇ ਬਦਲ ਚੁੱਕੇ ਹਨ। ਸ੍ਰੀ ਭਾਰਤੀ ਵੱਲੋਂ ਦਿੱਲੀ ਪੁਲੀਸ ‘ਤੇ ਪ੍ਰਧਾਨ ਮੰਤਰੀ ਦੇ ਇਸ਼ਾਰੇ ਉਪਰ ਕੰਮ ਕਰਨ ਦੇ ਦੋਸ਼ ਲਾਏ ਸਨ ਤੇ ਕਿਹਾ ਸੀ ਕਿ ਪੁਲੀਸ ਉਸ ਉਪਰ ਤਸ਼ੱਦਦ ਕਰਨਾ ਚਾਹੁੰਦੀ ਹੈ।

Facebook Comment
Project by : XtremeStudioz