Close
Menu

ਸੋਮਵਾਰ ਨੂੰ ਵਿਰੋਧੀ ਪਾਰਟੀ ਦੇ ਨਵੇਂ ਨੇਤਾ ਐਂਡਰਿਊ ਸ਼ੀਅਰ ਨੇ ਟਰੂਡੋ ਸਰਕਾਰ ‘ਤੇ ਕੱਸੇ ਤੰਜ

-- 30 May,2017

ਟੋਰਾਂਟੋ— ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਵੈਟੀਕਨ ਅਤੇ ਇਟਲੀ ਦੇ ਦੌਰੇ ਉੱਤੇ ਗਏ ਹੋਏ ਹਨ। ਉਨ੍ਹਾਂ ਦੀ ਗੈਰ-ਹਾਜ਼ਰੀ ‘ਚ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਚੁਣੇ ਗਏ ਲੀਡਰ ਐਂਡਰਿਊ ਸ਼ੀਅਰ ਨੇ ਹਾਊਸ ਆਫ ਕਾਮਨਜ਼ ਸਰਕਾਰ ਦੀ ਨਿੰਦਾ ਕਰਦੇ ਹੋਏ ਕਈ ਮੁੱਦਿਆਂ ‘ਤੇ ਗੱਲ ਕੀਤੀ। ਉਨ੍ਹਾਂ ਨੌਜਵਾਨ ਕੈਨੇਡੀਅਨਾਂ, ਮੱਧ ਵਰਗੀ ਪਰਿਵਾਰਾਂ ਤੇ ਅੱਤਵਾਦ ਖਿਲਾਫ ਵਿਸ਼ਵਵਿਆਪੀ ਜੰਗ ਦੇ ਸੰਬੰਧ ‘ਚ ਸਰਕਾਰ ਦੀਆਂ ਨੀਤੀਆਂ ਦੀ ਖੁੱਲ੍ਹ ਕੇ ਨੁਕਤਾਚੀਨੀ ਕੀਤੀ ਤੇ ਸਰਕਾਰ ਪ੍ਰਤੀ ਆਪਣਾ ਰੁਖ ਕਾਫੀ ਗਰਮ ਰੱਖਿਆ। 38 ਸਾਲਾ ਸ਼ੀਅਰ ਨੇ ਨਾ ਸਿਰਫ 45 ਸਾਲਾ ਪ੍ਰਧਾਨ ਮੰਤਰੀ ਟਰੂਡੋ ਨੂੰ ਲੰਮੇ ਹੱਥੀਂ ਲਿਆ ਸਗੋਂ ਉਨ੍ਹਾਂ ਦੇ ਪਿਤਾ ਦੀ ਵਿਰਾਸਤ ਉੱਤੇ ਵੀ ਸਵਾਲ ਕੀਤੇ।ਕੈਨੇਡਾ ਵਿੱਚ ਵਿਰੋਧੀ ਧਿਰ ਦੇ ਨਵੇਂ ਆਗੂ ਨੇ ਸੋਮਵਾਰ ਦੁਪਹਿਰ ਨੂੰ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਜਦੋਂ ਉਹ ਨਿੱਕੇ ਸਨ ਤਾਂ ਉਨ੍ਹਾਂ ਵਰਗੇ ਪਰਿਵਾਰਾਂ ਨੂੰ 1970ਵਿਆਂ ਦੀਆਂ ਤਬਾਹਕੁੰਨ ਨੀਤੀਆਂ ਨਾਲ ਉਲਝਣਾ ਪੈਂਦਾ ਸੀ। ਜ਼ਿਕਰਯੋਗ ਹੈ ਕਿ ਉਸ ਦਹਾਕੇ ਵਿੱਚ ਬਹੁਤਾ ਸਮਾਂ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮਰਹੂਮ ਪਿਤਾ ਪਿਏਰੇ ਐਲੀਅਟ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਸੀ।ਸ਼ੀਅਰ ਨੇ ਕਿਹਾ ਕਿ ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਪ੍ਰਧਾਨ ਮੰਤਰੀ ਟਰੂਡੋ ਵੀ ਹੂ-ਬ-ਹੂ ਆਪਣੇ ਪਿਤਾ ਵਾਂਗ ਕੰਮ ਕਰ ਰਹੇ ਹਨ।ਟਰੂਡੋ ਦੀ ਗੈਰਹਾਜ਼ਰੀ ਵਿੱਚ ਵਿੱਤ ਮੰਤਰੀ ਬਿੱਲ ਮੌਰਨਿਊ ਉਨ੍ਹਾਂ ਦੀ ਸਰਕਾਰ ਦੇ ਬਚਾਅ ਲਈ ਅੱਗੇ ਆਏ। ਸ਼ੀਅਰ ਨੂੰ ਉਨ੍ਹਾਂ ਦੇ ਨਵੇਂ ਮੁਕਾਮ ਲਈ ਵਧਾਈ ਦੇਣ ਤੋਂ ਬਾਅਦ ਮੌਰਨਿਊ ਨੇ ਕਿਹਾ ਕਿ ਸਾਡੀ ਯੋਜਨਾ ਕੈਨੇਡੀਅਨਾਂ ਲਈ ਹਰ ਪੱਖੋਂ ਵਿਕਾਸ ਦੇ ਰਾਹ ਖੋਲ੍ਹੇਗੀ।

Facebook Comment
Project by : XtremeStudioz