Close
Menu

ਸੌਰ ਊਰਜਾ ਪ੍ਰਾਜੈਕਟਾਂ ਲਈ ਲੀਜ਼ ਯੋਜਨਾ ਨੂੰ ਭਰਵਾਂ ਹੁੰਗਾਰਾ: ਮਜੀਠੀਆ

-- 28 May,2015

ਚੰਡੀਗੜ੍ਹ, 28 ਮਈ
ਪੰਜਾਬ ਦੇ ਗੈਰ ਰਵਾਇਤੀ ਊਰਜਾ ਵਿਭਾਗ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਹੈ ਕਿ ਸੂਰਜੀ ੳੂਰਜਾ ਪ੍ਰਾਜੈਕਟਾਂ ਦੀ ਸਥਾਪਨਾ ਲਈ ਆਪਣੀ ਜ਼ਮੀਨ 30 ਸਾਲ ਲਈ ਘੱਟੋ ਘੱਟ 35 ਤੋਂ 50 ਹਜ਼ਾਰ ਰੁਪਏ ਪ੍ਰਤੀ ਸਾਲ ਪ੍ਰਤੀ ਏਕੜ ਦੀ ਦਰ ਨਾਲ ਪਟੇ ’ਤੇ ਦੇਣ ਦੀ ਸਕੀਮ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇੱਥੇ ਜਾਰੀ ਇੱਕ ਬਿਆਨ ਰਾਹੀਂ ਸ੍ਰੀ ਮਜੀਠੀਆ ਨੇ ਦੱਸਿਆ ਕਿ ਯੋਜਨਾ ਦੇ ਸ਼ੁਰੂ ਹੋਣ ਦੇ ਪਹਿਲੇ 10 ਦਿਨਾਂ ਵਿੱਚ ਹੀ ਵੱਡੀ ਗਿਣਤੀ ਵਿੱਚ ਜ਼ਮੀਨ ਮਾਲਕਾਂ ਨੇ 4580 ਏਕੜ ਜ਼ਮੀਨ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਇੱਕ ਸਥਾਨ ’ਤੇ ਘੱਟੋ ਘੱਟ 25 ਏਕੜ ਜ਼ਮੀਨ ਦੀ ਲੋੜ ਹੋਵੇਗੀ ਅਤੇ ਘੱਟ ਜ਼ਮੀਨ ਵਾਲੇ ਮਾਲਕਾਂ ਦੀ ਜ਼ਮੀਨ ਜੇਕਰ ਨਾਲ ਲੱਗਦੀ ਹੈ, ਤਾਂ ੳੁਹ ਇਕੱਠੇ ਹੋ ਕੇ ਵੀ ਇਹ ਪੇਸ਼ਕਸ਼ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਲਈ ਵੱਧ ਤੋਂ ਵੱਧ ਜ਼ਮੀਨ ਦੀ ਕੋਈ ਹੱਦ ਨਹੀਂ ਹੈ। ਜ਼ਮੀਨ ਦਾ ਪਟਾ ਨਿਰਧਾਰਤ ਕਰਨ ਲਈ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇੱਕ ਕਮੇਟੀ ਬਣੇਗੀ। ਇਹ ਕਮੇਟੀ ਜ਼ਮੀਨ ਦੀ ਹਾਲਤ ਤੇ ਭੁਗੌਲਿਕ ਸਥਿਤੀ ਨੂੰ ਦੇਖਦੇ ਹੋਏ ਪਟੇ ਦੀ ਰਾਸ਼ੀ ਨਿਰਧਾਰਤ ਕਰੇਗੀ ਅਤੇ ਇਹ ਰਾਸ਼ੀ ਸ਼ੁਰੂ ਵਿੱਚ 35 ਹਜ਼ਾਰ ਰੁਪਏ ਤੋਂ 50 ਹਜ਼ਾਰ ਰੁਪਏ ਪ੍ਰਤੀ ਸਾਲ ਪ੍ਰਤੀ ਏਕੜ ਦੀ ਦਰ ਨਾਲ ਹੋਵੇਗੀ ਜਿਸ ਵਿੱਚ ਹਰ ਸਾਲ 5 ਫੀਸਦੀ ਦਾ ਵਾਧਾ ਹੋਵੇਗਾ। ਉਨ੍ਹਾਂ ਇਸ ਯੋਜਨਾ ਨੂੰ ਪਟੇ ’ਤੇ ਜ਼ਮੀਨ ਦੇਣ ਵਾਲੇ ਕਿਸਾਨਾਂ, ਪ੍ਰਵਾਸੀ ਭਾਰਤੀਆਂ ਅਤੇ ਦੇਸ਼ ਅੰਦਰ ਹੋਰਨਾਂ ਰਾਜਾਂ ਵਿੱਚ ਰਹਿ ਰਹੇ ਜ਼ਮੀਨ ਮਾਲਕਾਂ ਲਈ ਬੇਹੱਦ ਫਾਇਦੇਮੰਦ ਦੱਸਿਆ। ੳੁਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਸਾਫ਼ ਸੁਥਰਾ ਕੰਮ ਹੋਵੇਗਾ ਜਿਸ ਦੀ ਸਮੁੱਚੀ ਅਦਾਇਗੀ ਚੈੱਕ ਰਾਹੀਂ ਹੋਵੇਗੀ। ਇਹ ਜ਼ਮੀਨ ਅਕਤੂਬਰ ਮਹੀਨੇ ਵਿੱਚ ਲਈ ਜਾਵੇਗੀ ਕਿਉਂਕਿ ਉਦੋਂ ਤੱਕ ਜ਼ਮੀਨ ਮਾਲਕ ਆਪਣੀ ਸਾਉਣੀ ਦੀ ਫਸਲ ਵੱਢ ਕੇ ਵਿਹਲੇ ਹੋ ਜਾਣਗੇ। ਸ੍ਰੀ ਮਜੀਠੀਆ ਨੇ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ ਰਾਜ ਦੇ ਮਾਲ ਵਿਭਾਗ ਨਾਲ ਤਾਲਮੇਲ ਕਰਕੇ ਇਹ ਯਕੀਨੀ ਬਣਾਏਗੀ ਕਿ  ਲੀਜ਼ ’ਤੇ ਲਈ ਗਈ ਜ਼ਮੀਨ ਦੀ ਮਾਲਕੀ ਨਾਲ ਸਬੰਧਤ ਰਿਕਾਰਡ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਨਾ ਹੋਵੇ। ੳੁਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਇੱਕ ਫਾਇਦਾ ਇਹ ਵੀ ਹੋਵੇਗਾ ਕਿ ਤਿੰਨ ਦਹਾਕਿਆਂ ਤੱਕ ਲੀਜ਼ ’ਤੇ ਲਈ ਗਈ ਜ਼ਮੀਨ ਦੀ ਖੇਤੀ ਮੰਤਵ ਲਈ ਵਰਤੋਂ ਨਾ ਹੋਣ ਕਾਰਨ ਜਿੱਥੇ ਇਸ ਦੀ ਉਪਜਾੳੂ ਸ਼ਕਤੀ ਵਧੇਗੀ ਉੱਥੇ ਹੀ ਲੀਜ ਦੀ ਮਿਆਦ ਖ਼ਤਮ ਹੋਣ ਤੇ ਸਬੰਧਤ ਜ਼ਮੀਨ ਮਾਲਕ ਨੂੰ ਆਪਣੀ ਜ਼ਮੀਨ ਅੱਗੇ ਨਾਲੋਂ ਬੇਹਤਰ ਸਥਿਤੀ ਵਿੱਚ ਵਾਪਸ ਮਿਲੇਗੀ।

Facebook Comment
Project by : XtremeStudioz