Close
Menu

ਸ੍ਰੀਕਾਂਤ ਨੂੰ ਹਰਾ ਕੇ ਵਿਕਟਰ ਨੇ ਖ਼ਿਤਾਬ ਜਿੱਤਿਆ

-- 01 April,2019

ਨਵੀਂ ਦਿੱਲੀ, ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਡੈੱਨਮਾਰਕ ਦੇ ਵਿਕਟਰ ਐਕਸੇਲਸਨ ਨੇ ਫਾਈਨਲ ਵਿੱਚ ਭਾਰਤ ਦੇ ਤੀਜਾ ਦਰਜਾ ਪ੍ਰਾਪਤ ਕਿਦੰਬੀ ਸ੍ਰੀਕਾਂਤ ਨੂੰ ਹਰਾ ਕੇ ਅੱਜ ਇੱਥੇ ਦੂਜੀ ਵਾਰ ਯੋਨੈਕਸ ਸਨਰਾਈਜ਼ ਇੰਡੀਆ ਓਪਨ ਦਾ ਪੁਰਸ਼ ਸਿੰਗਲਜ਼ ਖ਼ਿਤਾਬ ਜਿੱਤ ਲਿਆ ਹੈ, ਜਦੋਂਕਿ ਥਾਈਲੈਂਡ ਦੀ ਚੌਥਾ ਦਰਜਾ ਪ੍ਰਾਪਤ ਰਤਚਾਨੋਕ ਇੰਤਾਨੋਨ ਵੀ ਇਕਪਾਸੜ ਮੁਕਾਬਲੇ ਵਿੱਚ ਜਿੱਤ ਦਰਜ ਕਰਕੇ ਤੀਜੀ ਵਾਰ ਮਹਿਲਾ ਸਿੰਗਲਜ਼ ਚੈਂਪੀਅਨ ਬਣੀ।
ਦੂਜਾ ਦਰਜਾ ਪ੍ਰਾਪਤ ਐਕਸੇਲਸਨ ਨੇ 36 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 2015 ਦੇ ਚੈਂਪੀਅਨ ਸ੍ਰੀਕਾਂਤ ਨੂੰ 21-7, 22-20 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਚੌਥੀ ਵਾਰ ਇੰਡੀਆ ਓਪਨ ਦੇ ਫਾਈਨਲ ਵਿੱਚ ਖੇਡ ਰਹੇ ਐਕਸੇਲਸਨ ਨੇ ਇਸ ਦੇ ਨਾਲ ਹੀ 2015 ਦੇ ਫਾਈਨਲ ਵਿੱਚ ਸ੍ਰੀਕਾਂਤ ਖ਼ਿਲਾਫ਼ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਸੀ। ਸਾਬਕਾ ਵਿਸ਼ਵ ਚੈਂਪੀਅਨ ਐਕਸੇਲਸਨ ਨੇ ਇਸ ਤੋਂ ਪਹਿਲਾਂ 2017 ਵਿੱਚ ਵੀ ਇੱਥੇ ਖ਼ਿਤਾਬ ਜਿੱਤਿਆ ਸੀ। ਸ੍ਰੀਕਾਂਤ ਖ਼ਿਲਾਫ਼ ਅੱਠ ਮੈਚਾ ਵਿੱਚ ਇਹ ਐਕਸੇਲਸਨ ਦੀ ਪੰਜਵੀਂ ਜਿੱਤ ਹੈ।
ਦੁਨੀਆ ਦੀ ਅੱਠਵੇਂ ਨੰਬਰ ਦੀ ਖਿਡਾਰਨ ਇਤਾਨੋਨ ਨੇ 46 ਮਿੰਟ ਤੱਕ ਚੱਲੇ ਫਾਈਨਲ ਮੈਚ ਵਿੱਚ ਦੁਨੀਆ ਦੀ ਸੱਤਵੇਂ ਨੰਬਰ ਦੀ ਖਿਡਾਰਨ ਅਤੇ ਤੀਜਾ ਦਰਜਾ ਪ੍ਰਾਪਤ ਚੀਨ ਦੀ ਹੀ ਬਿੰਗਜਿਆਓ ਨੂੰ 21-15, 21-14 ਨਾਲ ਹਰਾਇਆ।
ਸੈਮੀ ਫਾਈਨਲ ਵਿੱਚ ਭਾਰਤ ਦੀ ਦੂਜਾ ਦਰਜਾ ਪ੍ਰਾਪਤ ਪੀਵੀ ਸਿੰਧੂ ਨੂੰ ਸਿੱਧੇ ਸੈੱਟ ਵਿੱਚ ਹਰਾਉਣ ਵਾਲੀ ਬਿੰਗਜਿਆਓ ਕੋਲ ਅੱਜ ਇੰਤਾਨੋਨ ਦੇ ਹਮਲੇ ਦਾ ਕੋਈ ਤੋੜ ਨਹੀਂ ਸੀ, ਜੋ ਸ਼ੁਰੂ ਤੋਂ ਹੀ ਬਿਹਤਰੀਨ ਲੈਅ ਵਿੱਚ ਜਾਪੀ। ਇੰਤਾਨੋਨ ਨੇ ਦੋਵਾਂ ਸੈੱਟਾਂ ਵਿੱਚ ਚੰਗੀ ਸ਼ੁਰੂਆਤ ਕੀਤੀ ਅਤੇ ਇੱਕ ਵਾਰ ਲੀਡ ਬਣਾਉਣ ਮਗਰੋਂ ਬਿੰਗਜਿਆਓ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਸਾਲ 2013 ਅਤੇ 2016 ਦੀ ਚੈਂਪੀਅਨ ਇੰਤਾਨੋਨ ਦੀ ਬਿੰਗਜਿਆਓ ਖ਼ਿਲਾਫ਼ ਪੰਜ ਮੈਚਾਂ ਵਿੱਚ ਇਹ ਪਹਿਲੀ ਜਿੱਤ ਹੈ।
ਸ੍ਰੀਕਾਂਤ ਅਤੇ ਐਕਸੇਲਸਨ ਵਿਚਾਲੇ ਸ਼ੁਰੂ ਤੋਂ ਹੀ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲਿਆ। ਐਕਸੇਲਸਨ ਆਪਣਾ ਮਜ਼ਬੂਤ ਪ੍ਰਦਰਸ਼ਨ ਜਾਰੀ ਰੱਖਣ ਵਿੱਚ ਸਫਲ ਰਿਹਾ। ਹਾਲਾਂਕਿ ਭਾਰਤੀ ਖਿਡਾਰੀ ਨੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਇਸ ਦੇ ਬਾਵਜੂਦ ਐਕਸੇਲਸਨ ਬਰੇਕ ਤੱਕ 11-7 ਨਾਲ ਅੱਗੇ ਸੀ। ਸ੍ਰੀਕਾਂਤ ਨੂੰ ਐਕਸੇਲਸਨ ਦੇ ਸ਼ਾਟ ਮੋੜਨ ਵਿੱਚ ਕਾਫ਼ੀ ਔਖ ਮਹਿਸੂਸ ਹੋ ਰਹੀ ਸੀ। ਡੈਨਮਾਰਕ ਦੇ ਦੂਜਾ ਦਰਜਾ ਪ੍ਰਾਪਤ ਖਿਡਾਰੀ ਨੇ ਇਸ ਮੌਕੇ ਦਾ ਪੂਰਾ ਫ਼ਾਇਦਾ ਉਠਾਇਆ। ਸ੍ਰੀਕਾਂਤ ਨੇ ਬਰੇਕ ਮਗਰੋਂ ਲਗਾਤਾਰ ਗ਼ਲਤੀਆਂ ਕੀਤੀਆਂ, ਜਿਸ ਕਾਰਨ ਐਕਸੇਲਸਨ ਨੇ ਲਗਾਤਾਰ 13 ਅੰਕ ਲੈ ਕੇ ਪਹਿਲਾ ਸੈੱਟ ਸਿਰਫ਼ 12 ਮਿੰਟ ਵਿੱਚ ਆਪਣੇ ਨਾਮ ਕੀਤਾ।
ਐਕਸੇਲਸਨ ਨੇ ਦੂਜੇ ਸੈੱਟ ਵਿੱਚ ਵੀ ਚੰਗੀ ਸ਼ੁਰੂਆਤ ਕੀਤੀ ਅਤੇ 3-0 ਦੀ ਲੀਡ ਬਣਾਈ। ਉਸ ਨੇ ਇਸ ਦੌਰਾਨ ਦੋ ਗੇਮ ਵਿੱਚ ਲਗਾਤਾਰ 15 ਅੰਕ ਜਿੱਤੇ। ਸ੍ਰੀਕਾਂਤ ਕਾਫ਼ੀ ਰੱਖਿਆਤਮਕ ਹੋ ਕੇ ਖੇਡਿਆ। ਉਸ ਨੇ ਕਈ ਸ਼ਾਟ ਨੈੱਟ ਅਤੇ ਬਾਹਰ ਮਾਰੇ। ਐਕਸੇਲਸਨ ਨੇ 6-10 ਦੀ ਲੀਡ ਬਣਾਈ, ਪਰ ਸ੍ਰੀਕਾਂਤ ਕੁੱਝ ਵਾਪਸੀ ਕਰਦੇ ਹੋਏ ਬਰੇਕ ਤੱਕ ਸਕੋਰ 9-11 ਕਰਨ ਵਿੱਚ ਸਫਲ ਰਿਹਾ। ਬਰੇਕ ਮਗਰੋਂ ਸ੍ਰੀਕਾਂਤ ਨੇ ਅਚਾਨਕ ਹਮਲਾਵਰ ਰਵੱਈਆ ਅਪਣਾਇਆ, ਜਿਸ ਦਾ ਉਸ ਨੂੰ ਫ਼ਾਇਦਾ ਮਿਲਿਆ। ਭਾਰਤੀ ਖਿਡਾਰੀ 12-12 ਦੇ ਸਕੋਰ ’ਤੇ ਬਰਾਬਰੀ ਹਾਸਲ ਕਰਨ ਵਿੱਚ ਸਫਲ ਰਿਹਾ।

Facebook Comment
Project by : XtremeStudioz