Close
Menu

ਸ੍ਰੀਲੰਕਾ ’ਚ ਫਿਦਾਈਨ ਹਮਲਿਆਂ ਪਿੱਛੇ ਆਈਐੱਸ ਦਾ ਹੱਥ

-- 24 April,2019

ਕੋਲੰਬੋ, 24 ਅਪਰੈਲ
ਇਸਲਾਮਿਕ ਸਟੇਟ (ਆਈਐਸ) ਨੇ ਸ੍ਰੀਲੰਕਾ ਵਿੱਚ ਐਤਵਾਰ ਨੂੰ ਈਸਟਰ ਮੌਕੇ ਗਿਰਜਾਘਰਾਂ ਤੇ ਲਗਜ਼ਰੀ ਹੋਟਲਾਂ ਵਿੱਚ ਲੜੀਵਾਰ ਫ਼ਿਦਾਈਨ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਇਸ ਦੌਰਾਨ ਸ੍ਰੀਲੰਕਾ ਦੇ ਇਕ ਸੀਨੀਅਰ ਮੰਤਰੀ ਨੇ ਫਿਦਾਈਨ ਹਮਲਿਆਂ ਦੀ ਮੁੱਢਲੀ ਜਾਂਚ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਹੈ ਇਨ੍ਹਾਂ ਧਮਾਕਿਆਂ ਦਾ ਮੁੱਖ ਮੰਤਵ ਨਿਊਜ਼ੀਲੈਂਡ ਦੀਆਂ ਮਸਜਿਦਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਦਾ ਬਦਲਾ ਲੈਣਾ ਸੀ। ਉਧਰ ਸ੍ਰੀਲੰਕਾ ਸਰਕਾਰ ਨੇ ਇਕ ਅਣਪਛਾਤੇ ਟਰੱਕ ਵਿੱਚ ਧਮਾਕਾਖੇਜ਼ ਸਮੱਗਰੀ ਹੋਣ ਦੀਆਂ ਕਨਸੋਆਂ ਮਗਰੋਂ ਕੋਲੰਬੋ ਵਿਚਲੇ ਸਾਰੇ ਪੁਲੀਸ ਸਟੇਸ਼ਨਾਂ ਨੂੰ ਵਧੇਰੇ ਚੌਕਸ ਰਹਿਣ ਲਈ ਕਿਹਾ ਹੈ। ਇਸ ਦੌਰਾਨ ਸ੍ਰੀਲੰਕਾ ਦੇ ਲੋਕਾਂ ਨੇ ਅੱਜ ਸਵੇਰੇ ਸਾਢੇ ਅੱਠ ਵਜੇ ਤਿੰਨ ਮਿੰਟ ਦਾ ਮੌਨ ਰੱਖ ਕੇ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਮੁਲਕ ਦਾ ਕੌਮੀ ਝੰਡਾ ਵੀ ਅੱਧਾ ਝੁਕਿਆ ਰਿਹਾ। ਜਹਾਦੀ ਸਰਗਰਮੀਆਂ ’ਤੇ ਬਾਜ਼ ਅੱਖ ਰੱਖਣ ਵਾਲੇ ਸ਼ੀਆ ਇੰਟੈਲੀਜੈਂਸ ਗਰੁੱਪ ਮੁਤਾਬਕ ਦਹਿਸ਼ਤੀ ਜਥੇਬੰਦੀ ਨੇ ‘ਅਮਾਕ ਨਿਊਜ਼ ਏਜੰਸੀ’ ਦੇ ਹਵਾਲੇ ਨਾਲ ਜਾਰੀ ਇਕ ਬਿਆਨ ’ਚ ਕਿਹਾ, ‘ਸ੍ਰੀਲੰਕਾ ਵਿੱਚ ਅਮਰੀਕਾ ਦੀ ਅਗਵਾਈ ਵਾਲੇ ਭਾਈਵਾਲਾਂ ਤੇ ਇਸਾਈਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਇਨ੍ਹਾਂ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਇਸਲਾਮਿਕ ਸਟੇਟ ਦੇ ਲੜਾਕੇ ਸਨ।’ ਇਸ ਤੋਂ ਪਹਿਲਾਂ ਹੰਗਾਮੀ ਹਾਲਾਤ ਵਿੱਚ ਸੱਦੇ ਵਿਸ਼ੇਸ਼ ਸੰਸਦੀ ਇਜਲਾਸ ਨੂੰ ਸੰਬੋਧਨ ਕਰਦਿਆਂ ਰੱਖਿਆ ਰਾਜ ਮੰਤਰੀ ਰੂਵਨ ਵਿਜੇਵਾਰਡੇਨੇ ਨੇ ਕਿਹਾ ਕਿ ਹੁਣ ਤਕ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਫਿਦਾਈਨ ਹਮਲੇ 15 ਮਾਰਚ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿੱਚ ਹੋਏ ਹਮਲੇ ਦਾ ਬਦਲਾ ਲੈਣ ਲਈ ਕੀਤੇ ਗਏ ਸਨ, ਜਿਸ ਵਿੱਚ 50 ਲੋਕਾਂ ਦੀ ਜਾਨ ਜਾਂਦੀ ਰਹੀ ਸੀ। ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਫਿਦਾਈਨ ਹਮਲਿਆਂ ਲਈ ਜ਼ਿੰਮੇਵਾਰ ਨੈਸ਼ਨਲ ਤੌਹੀਦ ਜਮਾਤ (ਐਨਟੀਜੇ) ’ਤੇ ਪਾਬੰਦੀ ਲਈ ਤਜਵੀਜ਼ ਵੀ ਰੱਖੀ। ਮੰਤਰੀ ਨੇ ਦੱਸਿਆ ਕਿ ਧਮਾਕਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 321 ਹੋ ਗਈ ਹੈ, ਜਿਨ੍ਹਾਂ ਵਿੱਚ 38 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਕਿਹਾ ਕਿ ਸ੍ਰੀਲੰਕਾ ਨੇ 2009 ਤਕ ਸਿਆਸੀ ਮੰਤਵਾਂ ਨਾਲ ਜੁੜੀ ਦਹਿਸ਼ਤੀ ਮੁਹਿੰਮ ਦਾ ਟਾਕਰਾ ਕੀਤਾ ਹੈ, ਪਰ ਲੰਘੇ ਦਿਨੀਂ ਹੋਏ ਹਮਲੇ ਬਿਲਕੁੱਲ ਵੱਖਰੇ ਹਨ।

Facebook Comment
Project by : XtremeStudioz