Close
Menu

ਸ੍ਰੀਲੰਕਾ ਦੀ ਸੰਸਦ ’ਚ ਹੰਗਾਮਾ, ਹੱਥੋਪਾਈ ’ਚ ਸੰਸਦ ਮੈਂਬਰ ਫੱਟੜ

-- 15 November,2018

ਕੋਲੰਬੋ, 15 ਨਵੰਬਰ
ਸ੍ਰੀਲੰਕਾ ਦੀ ਸੰਸਦ ਵੀਰਵਾਰ ਨੂੰ ਅਖਾੜਾ ਬਣ ਗਈ ਜਿਥੇ ਸੰਸਦ ਮੈਂਬਰਾਂ ਨੇ ਇਕ-ਦੂਜੇ ਨਾਲ ਹੱਥੋਪਾਈ ਕੀਤੀ ਅਤੇ ਸਪੀਕਰ ’ਤੇ ਵਸਤਾਂ ਸੁੱਟੀਆਂ। ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਦੇ ਵਫਾਦਾਰ ਸੰਸਦ ਮੈਂਬਰਾਂ ਨੇ ਸਪੀਕਰ ਨੂੰ ਘੇਰਾ ਪਾ ਲਿਆ ਸੀ। ਹੰਗਾਮਾ ਉਦੋਂ ਸ਼ੁਰੂ ਹੋਇਆ ਜਦੋਂ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਭਰੋਸਗੀ ਦਾ ਮਤਾ ਹਾਰਨ ਮਗਰੋਂ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦੀ ਮੰਗ ਕਰ ਦਿੱਤੀ। ਇਸ ’ਤੇ ਲਾਂਭੇ ਕੀਤੇ ਗਏ ਪ੍ਰਧਾਨ ਮੰਤਰੀ ਰਨੀਲ ਵਿਕਰਮਸਿੰਘੇ ਦੀ ਯੂਨਾਈਟਿਡ ਨੈਸ਼ਨਲ ਪਾਰਟੀ (ਯੂਐਨਪੀ) ਨੇ ਵੋਟਾਂ ਪਵਾਉਣ ਦੀ ਬੇਨਤੀ ਕੀਤੀ ਤਾਂ ਸਪੀਕਰ ਕਾਰੂ ਜੈਸੂਰੀਆ ਨੇ ਸਹਿਮਤੀ ਪ੍ਰਗਟਾਈ। ਰਾਜਪਕਸਾ ਨੇ ਸਾਰੇ 225 ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦੀ ਮੰਗ ’ਚ ਸਹਾਇਤਾ ਦੇਣ। ਯੂਐਨਪੀ ਦੇ ਸੰਸਦ ਮੈਂਬਰ ਲਕਸ਼ਮਣ ਕਿਰੀਲਾ ਨੇ ਜੈਸੂਰੀਆ ਨੂੰ ਵੋਟਿੰਗ ਕਰਾਉਣ ਦੀ ਮੰਗ ਕੀਤੀ। ਇਸ ’ਤੇ ਜੈਸੂਰੀਆ ਨੇ ਸਦਨ ਦੀ ਸਹਿਮਤੀ ਮੰਗੀ ਤਾਂ ਸਿਰੀਸੇਨਾ ਤੇ ਰਾਜਪਕਸਾ ਦੇ ਵਫਾਦਾਰ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ ਕਿਉਂਕਿ ਉਹ ਵੋਟਾਂ ਪਵਾਉਣ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਸਨ।
ਇਸ ਮਗਰੋਂ ਯੂਐਨਪੀ ਦੇ ਸੰਸਦ ਮੈਂਬਰਾਂ ਨੇ ਜੈਸੂਰੀਆ ਨੂੰ ਬਚਾਉਣ ਲਈ ਸਪੀਕਰ ਦੀ ਕੁਰਸੀ ਦੇ ਆਲੇ ਦੁਆਲੇ ਖੜ੍ਹੇ ਹੋ ਗਏ। ਸਪੀਕਰ ਦੇ ਕੁਰਸੀ ਵੱਲ ਵਸਤਾਂ ਸੁੱਟੀਆਂ ਗਈਆਂ ਅਤੇ ਇਕ ਸੰਸਦ ਮੈਂਬਰ ਖ਼ੂਨ ਨਾਲ ਲੱਥ-ਪੱਥ ਬਾਹਰ ਜਾਂਦਾ ਦਿਖਾਈ ਦਿੱਤਾ। ‘ਦਿ ਸੰਡੇ ਟਾਈਮਜ਼’ ਮੁਤਾਬਕ ਸੰਸਦ ਮੈਂਬਰ ਡਿਲੁਮ ਅਮੁਨੁਗਾਮਾ ਦੇ ਹੱਥ ’ਚ ਜ਼ਖ਼ਮ ਹੋਣ ਕਰਕੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪ੍ਰਸੰਨਾ ਰਾਣਾਵੀਰਾ ਅਤੇ ਨਵੀਨ ਦਿਸਾਨਾਇਕੇ ਆਪਸ ’ਚ ਭਿੜਦੇ ਦਿਖਾਈ ਦਿੱਤੇ। ਹੰਗਾਮਾ ਕਰੀਬ ਅੱਧੇ ਘੰਟੇ ਤਕ ਹੁੰਦਾ ਰਿਹਾ ਜਿਸ ਮਗਰੋਂ ਸਪੀਕਰ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਉਧਰ ਰਾਸ਼ਟਰਪਤੀ ਸਿਰੀਸੇਨਾ ਨੇ ਸਪੀਕਰ ਨੂੰ ਦੱਸਿਆ ਹੈ ਕਿ ਉਨ੍ਹਾਂ ਬੇਭਰੋਸਗੀ ਦੇ ਮਤੇ ਨੂੰ ਨਕਾਰ ਦਿੱਤਾ ਹੈ ਅਤੇ ਰਾਜਪਕਸਾ ਅਜੇ ਵੀ ਪ੍ਰਧਾਨ ਮੰਤਰੀ ਹੈ।

Facebook Comment
Project by : XtremeStudioz