Close
Menu

ਸ੍ਰੀਲੰਕਾ ਦੇ ਉੱਤਰੀ ਸੂਬੇ ਦੀਆਂ ਕੌਂਸਲ ਚੋਣਾਂ ਵਿੱਚ ਤਾਮਿਲਾਂ ਦੀ ਹੂੰਝਾ ਫੇਰ ਜਿੱਤ

-- 23 September,2013

C.V. Wigneswaran

ਕੋਲੰਬੋ, 23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸ੍ਰੀਲੰਕਾ ਵਿੱਚ ਤਾਮਿਲਾਂ ਦੀ ਮੁੱਖ ਪਾਰਟੀ ਨੇ ਉੱਤਰੀ ਸੂਬੇ ਦੀ ਕੌਂਸਲ ਦੀਆਂ 25 ਸਾਲਾਂ ਮਗਰੋਂ ਹੋਈਆਂ ਇਤਿਹਾਸਕ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕਰ ਲਈ।
ਤਾਮਿਲ ਨੈਸ਼ਨਲ ਅਲਾਇੰਸ (ਟੀਐਨਏ) ਨੇ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਦੀ ਅਗਵਾਈ ਹੇਠਲੇ ਪੀਐਫਏ ਗੱਠਜੋੜ ਨੂੰ ਕਰਾਰੀ ਹਾਰ ਦਿੱਤੀ। ਟੀਐਨਏ ਨੇ 38 ਵਿੱਚੋਂ 30 ਸੀਟਾਂ ਜਿੱਤੀਆਂ, ਇਨ੍ਹਾਂ ਵਿੱਚ ਦੋ ਸੀਟਾਂ ਉਹ ਵੀ ਹਨ ਜਿਹੜੀਆਂ ਉਸ ਨੂੰ ਚੋਣਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਕਾਰਨ ਬੋਨਸ ਵਜੋਂ ਮਿਲੀਆਂ। ਯੂਪੀਐਫਏ ਨੂੰ 7 ਸੀਟਾਂ ਤੇ ਸ੍ਰੀਲੰਕਾ ਮੁਸਲਿਮ ਕਾਂਗਰਸ ਨੂੰ ਸਿਰਫ ਇੱਕ ਸੀਟ ਮਿਲੀ। ਦੇਸ਼ ਦੇ ਉੱਤਰੀ ਸੂਬੇ ਦੇ ਪੰਜ ਜ਼ਿਲ੍ਹਿਆਂ ’ਚੋਂ ਜਾਫਨਾ, ਵਾਵੂਦੀਆਂ ਤੇ ਕਿਲਿਨੋਚੀ ਵਿੱਚ 80 ਫੀਸਦੀ ਤੋਂ ਵੱਧ, ਜਦਕਿ ਮੁਲਾਇਤਿਵੂ ਤੇ ਮੱਨਾਰ ਜ਼ਿਲ੍ਹਿਆਂ ਵਿੱਚ ´ਮਵਾਰ 78 ਤੇ 61 ਫੀਸਦ ਵੋਟਾਂ ਪਈਆਂ ਇਹ ਜ਼ਿਲ੍ਹੇ ਕਿਸੇ ਵੇਲੇ ਲਿੱਟੇ ਬਾਗੀਆਂ ਦੇ ਪ੍ਰਭਾਵ ਹੇਠ ਸਨ ਤੇ ਲਿੱਟੇ ਦੀ ਹੀ ਇੱਥੇ ਚਲਦੀ ਸੀ।
ਜਾਫਨਾ ਜਿਸ ਨੂੰ ਤਾਮਿਲਾਂ ਦੀ ਸਭਿਆਚਾਰਕ ਰਾਜਧਾਨੀ ਮੰਨਿਆ ਜਾਂਦਾ ਹੈ, ’ਚ 86 ਫੀਸਦ ਮਤਦਾਨ ਹੋਇਆ। ਇਨ੍ਹਾਂ ਚੋਣਾਂ ਵਿੱਚ 906 ਉਮੀਦਵਾਰ ਮੈਦਾਨ ਵਿੱਚ ਸਨ। ਸਭ ਤੋਂ ਪਹਿਲੀਆਂ ਕੌਂਸਲ ਚੋਣਾਂ 1988 ਵਿੱਚ     ਹੋਈਆਂ ਸਨ।
ਇਸ ਜਿੱਤ ਮਗਰੋਂ ਟੀਐਨਏ ਦੇ ਵਿਧਾਇਕ ਐਮ.ਏ. ਸੁਮਨਤਿਰਨ ਨੇ ਦੱਸਿਆ, ‘‘ਚੋਣਾਂ ਵਿੱਚ ਤਾਮਿਲਾਂ ਨੇ ਆਪਣੀ ਗੱਲ ਆਖ ਦਿੱਤੀ ਹੈ। ਅਸੀਂ ਤਾਮਿਲਾਂ ਨੂੰ ਕਿਹਾ ਸੀ ਕਿ ਉਹ ਚੋਣਾਂ ਰਾਹੀਂ ਆਪਣਾ ਸਿਆਸੀ ਸਟੈਂਡ ਦੱਸਣ, ਜੋ ਉਨ੍ਹਾਂ ਬਾਖੂਬੀ ਦੱਸ ਦਿੱਤਾ।’’

Facebook Comment
Project by : XtremeStudioz