Close
Menu

ਸ੍ਰੀ ਅਾਨੰਦਪੁਰ ਸਾਹਿਬ ਦੇ ਇਤਿਹਾਸ ਬਾਰੇ ਸੋਵੀਨਰ ਰਿਲੀਜ਼

-- 19 June,2015

ਸ੍ਰੀ ਆਨੰਦਪੁਰ ਸਾਹਿਬ, 19 ਜੂਨ
ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਲਡ਼ੀ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਵਿਖੇ ਸ੍ਰੀ ਆਨੰਦਪੁਰ ਸਾਹਿਬ ਦੇ ਸ਼ਾਨਾਮੱਤੇ ਇਤਿਹਾਸ ਨੂੰ ਉਜਾਗਰ ਕਰਦਾ ਸੋਵੀਨਰ ਰਿਲੀਜ਼ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬਾਨ ਨੇ ਜਿੱਥੇ-ਜਿੱਥੇ ਵੀ ਚਰਨ ਪਾਏ ਅਤੇ ਨਵੇਂ ਨਗਰ ਵਸਾਏ, ਉਹ ਥਾਵਾਂ ਪੂਜਣਯੋਗ ਹੋ ਗਈਆਂ। ਇਨ੍ਹਾਂ ਥਾਵਾਂ ਵਿੱਚੋਂ ਹੀ ਇਕ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਪੰਥ ਦੇ ਸ਼ਾਨਾਮੱਤੇ ਇਤਿਹਾਸ ਨੂੰ ਵਿਸ਼ਵ ਭਰ ਵਿੱਚ ਪ੍ਰਚਾਰਨ ਲਈ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਇਸ ਸੋਵੀਨਰ ਦੀ ਸੰਪਾਦਨਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਸੁਚਿੱਤਰ ਸੋਵੀਨਰ ਵਿੱਚ ‘ਚੱਕ ਨਾਨਕੀ’ ਦੇ ਰੂਪ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀ ਸਥਾਪਨਾ ਤੋਂ ਲੈ ਕੇ ਵਰਤਮਾਨ ਤੱਕ ਵੱਖ-ਵੱਖ ਵਿਸ਼ਿਆਂ ਦੇ 50 ਖੋਜ ਭਰਪੂਰ ਲੇਖ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੇਖਾਂ ਵਿੱਚ ‘ਕਰਤਾਰਪੁਰ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ’ ‘ਚੱਕ ਨਾਨਕੀ ਤੋਂ ਸ੍ਰੀ ਆਨੰਦਪੁਰ ਸਾਹਿਬ’ ਅਤੇ ਵਰਤਮਾਨ ਤੱਕ ਇਤਿਹਾਸਕ ਵਿਕਾਸ ਦੀਆਂ ਪਰਤਾਂ ਨੂੰ ਉਘਾੜਦਿਆਂ ਇਸ ਦੇ ਭੂਤ ਤੇ ਭਵਿੱਖ ਦੀ ਗੱਲ ਕੀਤੀ ਗਈ ਹੈ।
ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਦੀ ਪ੍ਰਕਿਰਤਿਕ ਨੁਹਾਰ, ਇਸ ਦੀ ਭੂਗੋਲਿਕ ਸਥਿਤੀ ਅਤੇ ਭਵਨ ਨਿਰਮਾਣ ਕਲਾ ਨੂੰ ਖੂਬਸੂਰਤ ਢੰਗ ਨਾਲ ਚਿਤਰਿਆ ਗਿਆ ਹੈ। ਸੋਵੀਨਰ ਵਿੱਚ ਅਨੰਦਗੜ੍ਹ ਦਾ ਸੰਕਲਪ, ਖਾਲਸੇ ਦੀ ਸਿਰਜਨਾ, ਇਥੋਂ ਦੇ ਸਭਿਆਚਾਰ, ਖਾਲਸਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ ਮਹੱਲਾ, ਇਥੋਂ ਦੇ ਇਤਿਹਾਸਕ ਅਸਥਾਨ ਅਤੇ ਸ਼ਸਤਰ ਆਦਿ ਪੱਖਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰ ਹੁਣ ਤੱਕ ਗੁਰੂ ਵਾਲੇ ਨਹੀਂ ਬਣੇ ਉਹ ਇਸ ਸੋਵੀਨਰ ਰਾਹੀਂ ਆਪਣੇ ਅਮੀਰ ਵਿਰਸੇ ਤੋਂ ਜਾਗਰੂਕ ਹੋ ਕੇ ‘ਅੰਮ੍ਰਿਤ ਛਕ’ ਗੁਰੂ ਵਾਲੇ ਬਨਣ।
ਸੋਵੀਨਰ ਰਿਲੀਜ਼ ਕਰਨ ਮੌਕੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ, ਬਾਬਾ ਬਲਬੀਰ ਸਿੰਘ  ਮੁਖੀ ਬਾਬਾ ਬੁੱਢਾ ਦਲ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਆਦਿ ਹਾਜ਼ਰ ਸਨ।

Facebook Comment
Project by : XtremeStudioz