Close
Menu

ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹਿਲੇ ਦਿਨ

-- 02 June,2015

7 ਹਜ਼ਾਰ ਸੰਗਤਾਂ ਨੇ ਮੱਥਾ ਟੇਕਿਆ
ਮੀਂਹ ਤੇ ਬਰਫ਼ਬਾਰੀ ਦੇ ਬਾਵਜੂਦ ਸੰਗਤਾਂ ‘ਚ ਭਾਰੀ ਉਤਸ਼ਾਹ

ਦੇਹਰਾਦੂਨ, 2 ਜੂਨ – ਸਿੱਖਾਂ ਦੇ ਵਿਸ਼ਵ ਪ੍ਰਸਿੱਧ ਧਾਮ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸਵੇਰੇ ਪਹਿਲੀ ਅਰਦਾਸ ਉਪਰੰਤ ਸ਼ਰਧਾਲੂਆਂ ਦੇ ਦਰਸ਼ਨ ਲਈ ਖੋਲ੍ਹ ਦਿੱਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਦਰਬਾਰ ਹਾਲ ‘ਚ ਪ੍ਰਕਾਸ਼ ਕੀਤਾ ਗਿਆ ਤੇ ਸਵੇਰੇ 10.30 ਵਜੇ ਪਹਿਲੀ ਅਰਦਾਸ ਕੀਤੀ ਗਈ, ਜਿਸ ‘ਚ 7 ਹਜ਼ਾਰ ਤੋਂ ਜ਼ਿਆਦਾ ਸੰਗਤਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਜੱਸਾ ਸਿੰਘ ਵੱਲੋਂ ਅਰਦਾਸ ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਇਸ ਮੌਕੇ ਪ੍ਰਦੀਪ ਸਿੰਘ ਤੇ ਸੁਖਵਿੰਦਰ ਸਿੰਘ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਕੀਰਤਨ ਕੀਤਾ ਗਿਆ। ਅੱਜ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲਣ ਦੇ ਨਾਲ ਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਸੰਗਤਾਂ ਤੇ ਯਾਤਰਾ ਜਥਿਆਂ ਦਾ ਆਉਣਾ ਸ਼ੁਰੂ ਹੋ ਗਿਆ। ਮੋਟਰਸਾਈਕਲਾਂ ਤੇ ਹੋਰ ਨਿੱਜੀ ਵਾਹਨਾਂ ‘ਤੇ ਵੀ ਹਜ਼ਾਰਾਂ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਪਹੁੰਚ ਰਹੇ ਹਨ। ਸ੍ਰੀ ਹੇਮਕੁੰਟ ਸਾਹਿਬ ‘ਚ ਅੱਜ ਬਾਰਿਸ਼ ਤੇ ਬਰਫ਼ਬਾਰੀ ਵੀ ਹੋਈ, ਪਰ ਸੰਗਤਾਂ ਦੇ ਉਤਸ਼ਾਹ ‘ਚ ਕੋਈ ਕਮੀ ਨਜ਼ਰ ਨਹੀਂ ਆਈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਨੇ ਰਿਸ਼ੀਕੇਸ਼ ਤੋਂ ਲੈ ਕੇ ਗੋਬਿੰਦ ਧਾਮ ਤੇ ਘਾਂਘਰੀਆ ਤੱਕ ਥਾਂ-ਥਾਂ ਸੰਗਤਾਂ ਲਈ ਠਹਿਰਣ, ਲੰਗਰ, ਖਾਣ ਪੀਣ ਤੇ ਦਵਾਈਆਂ ਦੇ ਪ੍ਰਬੰਧ ਕਰ ਰੱਖੇ ਹਨ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਆਉਣ ਵਾਲੀਆਂ ਸੰਗਤਾਂ ਲਈ ਇਸ ਵਾਰ ਪੈਦਲ ਰਸਤਾ ਬਰਫ਼ ਕੱਟ ਕੇ 8 ਫੁੱਟ ਚੌੜਾ ਬਣਾਇਆ ਗਿਆ ਹੈ। ਇਸ ਮੌਕੇ ਹਜ਼ਾਰਾਂ ਸੰਗਤਾਂ ਦੇ ਇਲਾਵਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰਸਟ ਦੇ ਪ੍ਰਧਾਨ ਮਦਨ ਸਿੰਘ, ਸਕੱਤਰ ਜਨਕ ਸਿੰਘ ਤੇ ਖਜ਼ਾਨਚੀ ਮਨਮੋਹਨ ਵੀ ਹਾਜ਼ਰ ਸਨ।

 

Facebook Comment
Project by : XtremeStudioz