Close
Menu

ਸੜਕੀ ਢਾਂਚੇ ਨੂੰ ਵਿਸ਼ਵ ਪੱਧਰੀ ਬਣਾਉਣ ਲਈ1253 ਕਿਲੋਮੀਟਰ ਲੰਬੇ ਸ਼ਾਹਮਾਰਗਾਂ ਦੀ ਉਸਾਰੀ ਹੋਵੇਗੀ – ਸੁਖਬੀਰ

-- 20 December,2013

3 (1)ਬਾਦਲ, ਮੁਕਤਸਰ,20 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬਾ ਸਰਕਾਰ ਵਲੋਂ ਸੜਕੀ ਢਾਂਚੇ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਅਗਲੇ ਤਿੰਨ ਸਾਲਾ ਵਿਚ 12280 ਕਰੋੜ ਰੁਪਏ ਦੀ ਲਾਗਤ ਨਾਲ 1253 ਕਿਲੋਮੀਟਰ ਲੰਬੇ ਸ਼ਾਹਮਾਰਗਾਂ ਦੀ ਉਸਾਰੀ ਕੀਤੀ ਜਾਵੇਗੀ।
ਉਸਾਰੀ ਅਧੀਨ ਸੜਕੀ ਨੈਟਵਰਕ ਪ੍ਰੋਜੈਕਟਾਂ ਅਤੇ ਨਵੇਂ ਪ੍ਰੋਜੈਕਟਾਂ ਦੀ ਸਮੀਖਿਆ ਦੌਰਾਨ ਸ. ਬਾਦਲ ਨੇ ਦਸਿਆ ਕਿ ਮੌਜੁਦਾ ਸਮੇਂ 5580 ਕਰੋੜ ਰੁਪਏ ਦੀ ਲਾਗਤ ਨਾਲ ਕੁਲ 617 ਕਿ.ਮੀ ਲੰਬੇ ਸ਼ਾਹਮਾਰਗ ਦੀ ਉਸਾਰੀ ਜੰਗੀ ਪੱਧਰ ‘ਤੇ ਜ਼ਾਰੀ ਹੈ ਜਦਕਿ 6700 ਕਰੋੜ ਰੁਪਏ ਦੀ ਲਾਗਤ ਨਾਲ 636 ਕਿ.ਮੀ ਲੰਬੇ ਸ਼ਾਹਮਾਰਗਾਂ ਦੀ ਯੋਜਨਾ ਤਿਆਰ-ਬਰ-ਤਿਆਰ ਹੈ। ਇਨ੍ਹਾਂ ਪ੍ਰੋਜੈਕਟਾਂ ਵਿਚ ਮੁਖ ਤੌਰ ‘ਤੇ ਸਮੂਹ ਮੁਖ ਸ਼ਹਿਰਾਂ ਨੂੰ ਚਾਰ/ਛੇ ਮਾਰਗੀ ਸੜਕਾਂ ਨਾਲ ਜੋੜਨਾ ਸ਼ਾਮਲ ਹੈ। ਇਹ ਸਮੁਚੇ ਪ੍ਰੋਜੇਕਟ ਅਗਲੇ ਤਿੰਨ ਸਾਲਾਂ ਵਿਚ ਮੁਕੰਮਲ ਕੀਤੇ ਜਾਣਗੇ। ਇਨ੍ਹਾਂ ਪ੍ਰੋਜੇਕਟਾਂ ਲਈ ਵਾਤਾਵਰਨ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਤੋਂ ਸਮੁਹ ਪ੍ਰਵਾਨਗੀਆਂ ਲੈ ਲਈਆਂ ਗਈਆਂ ਹਨ।
ਇਹਨਾਂ ਪ੍ਰੋਜੈਕਟਾਂ ਦੇ ਵਿਸਤਾਰ ਬਾਰੇ ਜਾਣਕਾਰੀ ਦਿੰਦੇ ਹੋਏ ਸ. ਬਾਦਲ ਨੇ ਦਸਿਆ ਕਿ ਭੋਗਪੁਰ ਤੋਂ ਮੁਕੇਰਿਆਂ ਤੱਕ 44 ਕਿ.ਮੀ ਲੰਬੀ ਚਾਰ ਮਾਰਗੀ ਸੜਕ ਦੀ 300 ਕਰੋੜ ਦੀ ਲਾਗਤ ਨਾਲ ਉਸਾਰੀ ਸ਼ਾਮਲ ਹੈ, ਜਿਸ ਨੂੰ ਮਾਰਚ 2014 ਤੱਕ 102 ਕਿ.ਮੀ ਲੰਬੀ ਚਾਰ ਮਾਰਗੀ ਸੜਕ ਦੀ ਉਸਾਰੀ ਨੂੰ 705 ਕਰੋੜ ਦੀ ਲਾਗਤ ਨਾਲ ਮਾਰਚ 2014 ਤੱਕ ਮੁਕੰਮਲ ਕੀਤਾ ਜਾਵੇਗਾ। ਇਸੇ ਤਰ੍ਹਾਂ ਲੁਧਿਆਣਾ ਅਤੇ ਤਲਵੰਡੀ ਤੱਕ ਚਾਰ ਮਾਰਗੀ ਸੜਕ ਨੂੰ 479 ਕਰੋੜ ਦੀ ਲਾਗਤ ਨਾਲ ਸਤੰਬਰ 2014 ਤੱਕ ਉਸਾਰਿਆ ਜਾਵੇਗਾ।

ਸ. ਬਾਦਲ ਨੇ ਦਸਿਆ ਕਿ ਪ੍ਰਸਤਾਵਿਤ ਪ੍ਰੋਜੈਕਟਾਂ ਅਧੀਨ ਭਾਰਤ ਦੇ ਮੈਨਚੇਸਟਰ (ਲੁਧਿਆਣਾ) ਨੂੰ ਚੰਡੀਗੜ੍ਹ ਤੱਕ 6 ਮਾਰਗੀ ਸੜਕ ਰਾਹੀਂ 1800 ਕਰੋੜ ਰੁਪਏ ਦੀ ਲਾਗਤ ਨਾਲ ਜੋੜਿਆ ਜਾਵੇਗਾ। ਇਹ ਸਮੁਚਾ ਮਾਰਗ 90 ਕਿ.ਮੀ ਲੰਬਾ ਹੋਵੇਗਾ ਜਿਸਦੀ ਪ੍ਰੋਜੇਕਟ ਰਿਪੋਰਟ ਪੇਸ਼ ਕੀਤੀ ਜਾ ਚੁੱਕੀ ਹੈ। ਇਸ ਪ੍ਰੋਜੈਕਟ ਲਈ ਕੰਮ ਮਾਰਚ 2014 ਤੱਕ ਅਲਾਟ ਕਰ ਦਿਤਾ ਜਾਵੇਗਾ ਅਤੇ ਇਹ ਪ੍ਰੋਜੇਕਟ ਸਤੰਬਰ 2016 ਤੱਕ ਨੇਪਰੇ ਚਾੜ ਲਿਆ ਜਾਵੇਗਾ। ਇਸ ਤੋਂ ਇਲਾਵਾ ਜਲੰਧਰ ਤੋਂ ਢਿਲਵਾਂ ਤੱਕ ਕੌਮੀ ਸ਼ਾਹਮਾਰਗ-1 ਨੂੰ 500 ਕਰੋੜ ਦੀ ਲਾਗਤ ਨਾਲ 6 ਮਾਰਗੀਕਰਨ ਦਾ ਪ੍ਰੋਜੇਕਟ ਵੀ ਪਾਸ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਜੁਲਾਈ 2015 ਤੱਕ ਮੁਕੰਮਲ ਕਰ ਲਿਆ ਜਾਵੇਗਾ।
ਖਰੜ ਤੋਂ ਕੁਰਾਲੀ ਤੱਕ 13.06 ਕਿ.ਮੀ ਲੰਬੇ ਸੜਕੀ ਟੋਟੇ ‘ਤੇ ਆਵਾਜਾਈ ਦੇ ਭਾਰ ਨੂੰ ਘਟਾਉਣ ਲਈ 220 ਕਰੋੜ ਦੀ ਲਾਗਤ ਨਾਲ ਦਸੰਬਰ 2015 ਤੱਕ 4 ਮਾਰਗੀ ਕਿਤਾ ਜਾਵੇਗਾ।
ਸ. ਬਾਦਲ ਨੇ ਦਸਿਆ ਕਿ ਮਾਲਵਾ ਬੇਲਟ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਪਟਿਆਲਾ ਤੇ ਬਠਿੰਡਾ ਤੱਕ ਸੜਕ ਨੂੰ 4 ਮਾਰਗੀ ਕਰਨ ਲਈ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਇਹ ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਦੇ ਵਿਕਾਸ ਲਈ ਸੜਕੀ ਹੱਡੀ ਵਜੋਂ ਜਾਣੇ ਜਾਂਦੇ 166.445 ਕਿ.ਮੀ ਲੰਬੇ ਸੜਕੀ ਮਾਰਗ ਨੂੰ 2430.90 ਕਰੋੜ ਦੀ ਲਾਗਤ ਨਾਲ ਢਾਈ ਸਾਲ ਦੇ ਰਿਕਾਰਡ ਸਮੇਂ ਵਿਚ ਮੁਕੰਮਲ ਕੀਤਾ ਜਾਵੇਗਾ।
ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰੋਜੇਕਟ ਲਈ ਜੰਗਲਾਤ, ਜੰਗਲੀ ਜੀਵ ਅਤੇ ਵਾਤਾਵਰਨ ਵਿਭਾਗਾਂ ਤੋਂ ਜਰੂਰੀ ਮਨਜੂਰੀਆਂ ਮੰਗੀਆਂ ਗਈਆਂ ਹਨ ਅਤੇ ਇਸ ਪ੍ਰਾਜੈਕਟ ਅਗਸਤ 2014 ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨੂੰ ਅਗਸਤ 2016 ਤੱਕ ਮੁਕੰਮਲ ਕਰ ਦਿਤਾ ਜਾਵੇਗਾ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਬਠਿੰਡਾ ਤੱਕ 174.64 ਕਿਲੋਮੀਟਰ ਲੰਮੀ ਸੜਕ ਦਾ 2420 ਕਰੋੜ ਦੀ ਲਾਗਤ ਨਾਲ ਚਾਰਮਾਰਗੀ ਕਰਨ ਦਾ ਕੰਮ ਜੰਗੀ ਪੱਧਰ ‘ਤੇ ਚਲ ਰਿਹਾ ਹੈ ਇਸ ਪ੍ਰੋਜੇਕਟ ਵਿਚ 7 ਬਾਈਪਾਸ, ਚਾਰ ਗ੍ਰਿਡ ਸੇਪਰੇਟਰ ਅਤੇ ਤਿੰਨ ਰੇਲਵੇ ਓਵਰ ਬ੍ਰਿਜਾਂ ਦਾ ਨਿਰਮਾਣ ਸ਼ਾਮਲ ਹੈ। ਇਹ ਪ੍ਰੋਜੈਕਟ ਸਤੰਬਰ 2016 ਤੱਕ ਮੁਕੰਮਲ ਕਰ ਲਿਆ ਜਾਵੇਗਾ। ਜਲੰਧਰ ਤੋਂ ਬਰਨਾਲਾ ਤੱਕ 146 ਕਿ.ਮੀ ਲੰਮੀ ਚਾਰ ਮਾਰਗੀ ਸੜਕ ਲਈ 1944 ਕਰੋੜ ਰੁਪਏ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ ਜਦਕਿ ਸੰਗਰੂਰ ਤੋਂ ਪਾਤੜਾਂ ਤੱਕ 56.89 ਕਿ.ਮੀ ਲੰਮੀ ਚਾਰ ਮਾਰਗੀ ਸੜਕ ਲਈ 524.81 ਕਰੋੜ ਰੁਪਏ ਦੀ ਵਿੱਤੀ ਪ੍ਰਵਾਨਗੀ ਦਿੱਤੀ ਗਈ ਹੈ।
ਸ. ਬਾਦਲ ਨੇ ਦੱਸਿਆ ਕਿ ਸੂਬੇ ਦੀਆਂ ਸਾਰੀਆਂ ਲਿੰਕ ਸੜਕਾਂ ਨੂੰ 30 ਸਤੰਬਰ, 2014 ਤੱਕ ਮਜ਼ਬੁਤੀਕਰਨ ਅਤੇ ਨਵੀਨੀਕਰਨ ਕੀਤਾ ਜਾਵੇਗਾ। ਜਿਸ ਲਈ 76374 ਲੱਘ ਰੁਪਏ ਦੀ ਵਿੱਤੀ ਪ੍ਰਵਾਨਗੀ ਦਿੱਤੀ ਜਾ ਚੁਕੀ ਹੈ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ ਕਿ ਕੁਲ 372 ਵਿਚੋਂ 72 ਟੈਂਡਰ ਖੋਲੇ ਜਾ ਚੁੱਕੇ ਹਨ। ਸ. ਬਾਦਲ ਨੇ ਬਾਕੀ ਟੈਂਡਰ 31 ਜਨਵਰੀ, 2014 ਤੱਕ ਖੋਲਣ ਦੇ ਹੁਕਮ ਜ਼ਾਰੀ ਕੀਤੇ ਹਨ। ਉਪ ਮੁੱਖ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਉਨ੍ਹਾਂ ਖੇਤਰਾਂ ਦੀ ਨਿਸ਼ਾਨਦੇਹੀ ਕਰਨ ਲਈ ਸਾਂਝੇ ਯਤਨ ਵਿੱਡਣ ਦੇ ਆਦੇਸ਼ ਦਿੱਤੇ ਜਿਥੇ ਨਵੀਂਆਂ ਸੜਕਾਂ ਬਨਾਉਣ ਦੀ ਜਰੂਰਤ ਹੈ।
ਸ. ਬਾਦਲ ਨੇ 7 ਨਵੇਂ ਚਾਰ ਮਾਰਗੀ ਰੇਲਵੇ ਓਵਰ ਬ੍ਰਿਜਾਂ ਦੀ ਪ੍ਰਵਾਨਗੀ ਵੀ ਦਿੱਤੀ ਜਿਸ ‘ਤੇ 400 ਕਰੋੜ ਰੁਪਏ ਖਰਚੇ ਜਾਣਗੇ। ਇਹ ਰੇਲਵੇ ਓਵਰ ਬ੍ਰਿਜ ਅੰਮ੍ਰਿਤਸਰ- ਤਰਨਤਾਰਨ, ਫਰੀਦਕੋਟ- ਤਲਵੰਡੀ ਭਾਈ, ਕੋਟ ਕਪੁਰਾ –ਫਰੀਦਕੋਟ, ਫਿਰੋਜ਼ਪੁਰ ਕੰਟੋਨਮੈਂਟ ਵਿਖੇ ਦੋ ਅਤੇ ਬਠਿੰਡਾ-ਡਬਵਾਲੀ ਮਾਰਗ ‘ਤੇ ਬਣਾਏ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਸ੍ਰੀ ਪੀ ਐਸ ਅੋਜਲਾ, ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਸ੍ਰੀ ਅਸ਼ੋਕ ਗੁਪਤਾ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਹਾਜਰ ਸਨ।

Facebook Comment
Project by : XtremeStudioz