Close
Menu

ਸੰਗਤ ਦਰਸ਼ਨ ਦੇ ਵਿਰੋਧ ਦਾ ਉਦੇਸ਼ ਵਿਕਾਸ ਪਹਿਲਕਦਮੀਆਂ ‘ਚ ਰੁਕਾਵਟ ਪਾਉਣਾ : ਅਕਾਲੀ ਦਲ

-- 02 September,2013

cheema

ਚੰਡੀਗੜ੍ਹ, 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੇ ਬੁਲਾਰੇ ਸ੍ਰੀ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਦੀ ਜ਼ੋਰਦਾਰ ਆਲੋਚਨਾ ਕਰਦਿਆਂ ਕਿਹਾ ਹੈ ਕਿ ਬਿਆਨ ਦੀ ਸ਼ਬਦਾਵਲੀ ਤੋਂ ਸੰਗਤ ਦਰਸ਼ਨ ਪ੍ਰੋਗਰਾਮ ਦੀ ਸਫਲਤਾ ਤੇ ਲੋਕਪ੍ਰਿਅਤਾ ਦੇ ਖਿਲਾਫ ਕਾਂਗਰਸ ਦੀ ਨਮੋਸ਼ੀ ਤੇ ਈਰਖਾ ਸਪਸ਼ਟ ਝਲਕਦੀ ਹੈ।

ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਾਂਗਰਸ ਪਾਰਟੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਤੱਕ ਸੀਮਤ ਰਹੇ। ਉਹਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਸੰਵਿਧਾਨਕ ਫਤਵਾ ਦਿੱਤਾ ਹੈ ਅਤੇ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਤਜਰਬੇਕਾਰ ਸ੍ਰ ਪਰਕਾਸ਼ ਸਿੰਘ ਬਾਦਲ ਨੂੰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੋਂ ਕਿਸੇ ਸਲਾਹ ਦੀ ਜ਼ਰੂਰਤ ਨਈਂ ਹੈ। ਉਹਨਾਂ ਕਿਹਾ ਕਿ ਸਸਤੀ ਸ਼ੌਹਰਤ ਹਾਸਲ ਕਰਨ ਲਈ ਬਿਆਨ ਦਾਗਣ ਦੀ ਥਾਂ ਕਾਂਗਰਸ ਲੀਡਰਸ਼ਿਪ ਨੂੰ ਸ੍ਰ ਪਰਕਾਸ਼ ਸਿੰਘ ਬਾਦਲ ਵਰਗੀ ਦੂਰਅੰਦੇਸ਼ੀ ਸੋਚ ਵਾਲੀ ਸ਼ਖਸੀਅਤ ਤੋਂ ਕੁਝ ਸਿੱਖਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪਿਛਲੀਆਂ ਚਾਰ ਚੋਣਾਂ ਵਿਚ ਅਕਾਲੀ ਦਲ ਤੇ ਭਾਜਪਾ ਗਠਜੋੜ ਹੱਥੋਂ ਕਰਾਰੀ ਹਾਰ ਹਾਸਲ ਕਰਨ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਆਪਣੀ ਅਸਫਲਤਾ ਕਬੂਲਣ ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਘਰ ਬੈਠ ਕੇ ਮੰਥਨ ਕਰਨ ਦੀ ਥਾਂ ਕਾਂਗਰਸ ਪਾਰਟੀ ਦੂਜਿਆਂ ਵਿਚ ਦੋਸ਼ ਲੱਭਦੀ ਫਿਰਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਕੋ ਇਕ ਉਦੇਸ਼ ਸਰਕਾਰ ਦੀ ਆਲੋਚਨਾ ਕਰਨਾ ਤੇ ਵਿਕਾਸ ਪਹਿਲਕਦਮੀਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨਾ ਹੈ।

ਡਾ. ਚੀਮਾ ਨੇ ਹੋਰ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਪਾਰਟੀ ਦੀ ਹਫੜਾ ਦਫੜੀ ਸਮਝ ਸਕਦੇ ਹਨ ਕਿਉਂਕਿ ਮੁੱਖ ਮੰਤਰੀ ਨੇ ਹਰ ਹਫਤੇ ਚਾਰ ਦਿਨ ਸੰਗਤ ਦਰਸ਼ਨ ਪ੍ਰੋਗਰਾਮ ਕਰਨ ਦਾ ਐਲਾਨ ਕੀਤਾ ਹੈ ਜੋ ਵਿਲੱਖਣ ਪ੍ਰੋਗਰਾਮ ਹੈ ਜਿਸਦੀ ਦੁਨੀਆਂ ਵਿਚ ਕਿਤੇ ਮਿਸਾਲ ਨਹੀਂ ਮਿਲਦੀ ਜਿਸ ਰਾਹੀਂ ਲੋਕਾਂ ਤੱਕ ਸਿੱਧਾ ਪਹੁੰਚ ਕੇ ਉਹਨਾਂ ਦੀਆਂ ਸਮੱਸਿਆਵਾਂ ਮੌਕੇ ‘ਤੇ ਹੀ ਹੱਲ ਹੋ ਜਾਂਦੀਆਂ ਹਨ। ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦੀ ਹੈਰਾਨੀਕੁੰਨ ਸਫਲਤਾ ਨੇ ਕਾਂਗਰਸ ਪਾਰਟੀ ਨੂੰ ਵੱਡੇ ਝਟਕੇ ਦੇ ਦਿੱਤੇ ਹਨ ਜਿਸਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਆਪਣੀ ਹਾਰ ਪ੍ਰਤੱਖ ਦਿਸਣ ਲੱਗ ਪਈ ਹੈ।

ਅਕਾਲੀ ਆਗੂ ਨੇ ਕਿਹਾ ਕਿ ‘ਭੰਬਲਭੂਸਾ, ਹਫੜਾ ਦਫੜੀ ਤੇ ਸਵੈ ਵਿਰੋਧੀ ਬਿਆਨ’ ਕਾਂਗਰਸ ਦੇ ਗਹਿਣੇ ਬਣ ਗਏ ਹਨ ਜਿਸਦਾ ਅਸਲ ਚੇਹਰਾ ਕੇਂਦਰੀ ਮੰਤਰੀ ਸ੍ਰੀ ਜੈਰਾਮ ਰਮੇਸ਼ ਨੇ ਵੀ ਕੱਲ੍ਹ ਨੰਗਾ ਕੀਤਾ ਹੈ ਜਿਹਨਾਂ ਨੇ ਜਨਤਕ ਤੌਰ ‘ਤੇ ਇਹ ਮੰਨਿਆ ਹੈ ਕਿ ਪੰਜਾਬ ਤੋਂ ਕਾਂਗਰਸ ਦੇ ਤਿੰਨ ਚੋਟੀ ਦੇ ਆਗੂ ਉਹਨਾਂ ਨਾਲ ਇਸ ਗੱਲੋਂ ਨਾਰਾਜ਼ ਹਨ ਕਿ ਪੰਜਾਬ ਨੂੰ ਗਰਾਂਟਾਂ ਕਿਉਂ ਜਾਰੀ ਕੀਤੀਆਂ ਜਾ ਰਹੀਆਂ ਹਨ।

Facebook Comment
Project by : XtremeStudioz