Close
Menu

ਸੰਗਾਕਾਰਾ ਦੇ ਦੋਹਰੇ ਸੈਂਕੜੇ ਸਦਕਾ ਸ੍ਰੀਲੰਕਾ ਦੀ ਸਥਿਤੀ ਮਜ਼ਬੂਤ

-- 05 January,2015

ਵੈਲਿੰਗਟਨ, ਕੁਮਾਰ ਸੰਗਾਕਾਰਾ ਦੇ ਦੋਹਰੇ ਸੈਂਕੜੇ (203) ਦੀ ਬਦੌਲਤ ਸ੍ਰੀਲੰਕਾ ਨੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਕ੍ਰਿਕਟ ਟੈਸਟ ਵਿੱਚ ਸਥਿਤੀ ਮਜ਼ਬੂਤ ਕਰ ਲਈ ਹੈ। ਸ੍ਰੀਲੰਕਾ ਨੇ ਪਹਿਲੀ ਪਾਰੀ ਵਿੱਚ 356 ਦੌੜਾਂ ਬਣਾ ਕੇ 135 ਦੌੜਾਂ ਦੀ ਬੜਤ ਲਈ। ਦੂਜੇ ਦਿਨ ਦੀ ਖੇਡ ਖਤਮ ਹੋਣ ਮੌਕੇ ਮੇਜ਼ਬਾਨ ਨਿਊਜ਼ੀਲੈਂਡ ਨੇ ਬਿਨਾਂ ਕਿਸੇ ਨੁਕਸਾਨ ਦੇ 22 ਦੌੜਾਂ ਬਣਾ ਲਈਆਂ ਸਨ ਤੇ ਉਹ ਮਹਿਮਾਨ ਟੀਮ ਤੋਂ ਅਜੇ ਵੀ 113 ਦੌੜਾਂ ਪਿੱਛੇ ਹੈ।
ਸੰਗਾਕਾਰਾ ਨੇ ਅੱਜ ਜਦੋਂ ਕੱਲ੍ਹ ਦੇ ਸਕੋਰ 78/5 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਉਸ ਦਾ ਨਿੱਜੀ ਸਕੋਰ 33 ਦੌੜਾਂ ਸੀ। ਕੁਮਾਰ ਸੰਗਾਕਾਰਾ ਤੇ ਦਿਨੇਸ਼ ਚਾਂਦੀਮਲ ਛੇਵੇਂ ਵਿਕਟ ਲਈ 130 ਦੌੜਾਂ ਦੀ ਭਾਈਵਾਲੀ ਕੀਤੀ। ਸੰਗਾਕਾਰਾ ਨੇ ਆਪਣਾ 38ਵਾਂ ਟੈਸਟ ਸੈਂਕੜਾ 191 ਗੇਂਦਾਂ ‘ਚ ਪੂਰਾ ਕੀਤਾ ਤੇ ਇਸ ਦੌਰਾਨ ਸਿਰਫ ਸੱਤ ਚੌਕੇ ਲਾਏ।
ਸੰਗਾਕਾਰਾ ਨੇ ਸੱਤ ਘੰਟੇ ਦੀ ਦੋਹਰੇ ਸੈਂਕੜੇ ਵਾਲੀ ਪਾਰੀ ਦੌਰਾਨ 306 ਗੇਂਦਾਂ ਦਾ ਸਾਹਮਣਾ ਕੀਤਾ। ਇਹ ਉਸ ਦੇ ਕਰੀਅਰ ਦਾ 10ਵਾਂ ਸਰਵੋਤਮ ਸਕੋਰ ਤੇ 11ਵਾਂ ਦੋਹਰਾ ਸੈਂਕੜਾ ਹੈ। ਉਹ ਦੋਹਰਾ ਸੈਂਕੜਾ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਆਸਟਰੇਲੀਆ ਦੇ ਡਾਨ ਬਰੈਡਮੈਨ ਤੋਂ ਸਿਰਫ ਇਕ ਦੋਹਰਾ ਸੈਂਕੜਾ ਪਿੱਛੇ ਹੈ। ਸੰਗਾਕਾਰਾ 206 ਦੌੜਾਂ ਬਣਾਉਣ ਮਗਰੋਂ ਨੀਸ਼ਾਮ ਦਾ ਸ਼ਿਕਾਰ ਬਣਿਆ। ਉਸ ਨੇ ਪਾਰੀ ਦੌਰਾਨ 11 ਚੌਕੇ ਤੇ ਤਿੰਨ ਛੱਡੇ ਲਾਏ, ਉਧਰ ਦਿਨੇਸ਼ ਚਾਂਦੀਮਲ ਨੇ 67 ਦੌੜਾਂ ਦੀ ਪਾਰੀ ਖੇਡੀ ਤੇ ਟੈਸਟ ਕ੍ਰਿਕਟ ਵਿੱਚ 1000 ਦੌੜਾਂ ਪੂਰੀਆਂ ਕੀਤੀਆਂ। ਉਹ ਵੀ ਨੀਸ਼ਾਮ ਦੀ ਗੇਂਦ ‘ਤੇ ਵਿਕਟਾਂ ਦੇ ਪਿੱਛੇ ਜੇ ਵਾਟਲਿੰਗ ਨੂੰ ਕੈਚ ਦੇ ਬੈਠਿਆ। ਧਮਿਕਾ ਪ੍ਰਸਾਦ ਵੀ 11 ਦੇ ਨਿੱਜੀ ਸਕੋਰ ‘ਤੇ ਨੀਸ਼ਾਮ ਦਾ ਹੀ ਸ਼ਿਕਾਰ ਬਣਿਆ। ਰੰਗਨਾ ਹੇਰਾਤ (15) ਨੂੰ ਨੀਸ਼ਾਮ ਨੇ ਵਿਕਟਾਂ ਮਗਰ ਵਾਟਲਿੰਗ ਹੱਥੋਂ ਕੈਚ ਆਊਟ ਕਰਵਾਇਆ। ਸੁਰੰਗਾ ਲਕਮਲ ਨੇ ਨੌਵੇਂ ਵਿਕਟ ਲਈ ਸੰਗਾਕਾਰਾ ਨਾਲ 67 ਦੌੜਾਂ ਦੀ ਭਾਈਵਾਲੀ ਕੀਤੀ ਹਾਲਾਂਕਿ ਉਸ ਦਾ ਆਪਣਾ ਨਿੱਜੀ ਯੋਗਦਾਨ ਪੰਜ ਦੌੜਾਂ ਦਾ ਹੀ ਸੀ। ਲਕਮਲ ਨੂੰ ਵਾਟਲਿੰਗ ਨੇ ਆਪਣਾ ਪੰਜਵਾਂ ਸ਼ਿਕਾਰ ਬਣਾਇਆ। ਨੀਸ਼ਾਮ ਨੇ 42 ਦੌੜਾਂ ਦੇ ਕੇ ਤਿੰਨ ਜਦਕਿ ਡਗ ਬਰੇਸਵੈੱਲ ਨੇ 93 ਦੌੜਾਂ ਬਦਲੇ ਤਿੰਨ ਵਿਕਟ ਲਏ। ਦਿਨ ਦੀ ਖੇਡ ਖਤਮ ਹੋਣ ਮੌਕੇ ਮੇਜ਼ਬਾਨ ਨਿਊਜ਼ੀਲੈਂਡ ਨੇ ਦੂਜੀ ਪਾਰੀ ਵਿੱਚ ਸਲਾਮੀ ਬੱਲੇਬਾਜ਼ਾਂ ਹਾਮਿਸ਼ ਰਦਰਫੋਰਡ (12) ਤੇ ਟਾਮ ਲਾਥਮ ਦੀਆਂ 9 ਦੌੜਾਂ ਦੀ ਮਦਦ ਨਾਲ ਬਿਨਾਂ ਵਿਕਟ ਗੁਆਏ 22 ਦੌੜਾਂ ਬਣਾ ਲਈਆਂ ਸਨ।

Facebook Comment
Project by : XtremeStudioz