Close
Menu

ਸੰਨਿਆਸ ਦਾ ਫ਼ੈਸਲਾ ਕਿਸੇ ਦਬਾਅ ’ਚ ਨਹੀਂ ਲਿਆ: ਸਰਦਾਰ ਸਿੰਘ

-- 14 September,2018

ਚੰਡੀਗੜ੍ਹ, 14 ਸਤੰਬਰ

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਕੌਮਾਂਤਰੀ ਹਾਕੀ ਨੂੰ ਅਧਿਕਾਰਤ ਤੌਰ ’ਤੇ ਅਲਵਿਦਾ ਕਹਿਣ ਦਾ ਅੱਜ ਇੱਥੇ ਐਲਾਨ ਕਰ ਦਿੱਤਾ ਹੈ। ਸਰਦਾਰ ਸਿੰਘ ਨੇ ਸਪਸ਼ਟ ਕੀਤਾ ਕਿ ਉਸ ਨੇ ਇਹ ਫ਼ੈਸਲਾ ਕਿਸੇ ਦਬਾਅ ਵਿਚ ਨਹੀਂ, ਬਲਕਿ ਆਪਣੇ ਪਰਿਵਾਰ ਨਾਲ ਸਲਾਹ-ਮਸ਼ਵਰੇ ਮਗਰੋਂ ਲਿਆ ਹੈ। 12 ਸਾਲ ਦੇ ਆਪਣੇ ਕਰੀਅਰ ਦੌਰਾਨ ਅੱਠ ਸਾਲ ਸੀਨੀਅਰ ਟੀਮ ਲਈ ਖੇਡਣ ਵਾਲੇ ਸਰਦਾਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਕੌਮੀ ਕੈਂਪ ਲਈ ਐਲਾਨੀ 25 ਮੈਂਬਰੀ ਟੀਮ ਵਿੱਚ ਉਹਦੀ ਗ਼ੈਰ-ਮੌਜੂਦਗੀ ਦਾ ਸੰਨਿਆਸ ਨਾਲ ਕੋਈ ਲਾਗਾ-ਦੇਗਾ ਨਹੀਂ। ਉਨ੍ਹਾਂ ਕਿਹਾ ਕਿ ਉਹ ਹਾਕੀ ਇੰਡੀਆ ਨੂੰ ਆਪਣੇ ਇਸ ਫੈਸਲੇ ਬਾਰੇ ਪਹਿਲਾਂ ਹੀ ਜਾਣੂ ਕਰਵਾ ਚੁੱਕਾ ਹੈ। ਇਸ ਦੌਰਾਨ ਸਰਦਾਰ ਨੇ ਮੰਨਿਆ ਕਿ ਏਸ਼ਿਆਈ ਖੇਡਾਂ ਦੇ ਸੈਮੀ ਫਾਈਨਲ ਵਿੱਚ ਉਨ੍ਹਾਂ ਦੀ ਟੀਮ ਨੇ ਆਖ਼ਰੀ ਡੇਢ ਮਿੰਟ ਵਿੱਚ ਖ਼ਰਾਬ ਖੇਡ ਖੇਡੀ। ਇਸ ਮੌਕੇ ਸਰਦਾਰ ਸਿੰਘ ਨਾਲ ਉਸ ਦਾ ਵੱਡਾ ਭਰਾ ਤੇ ਸਾਬਕਾ ਹਾਕੀ ਖਿਡਾਰੀ ਦੀਦਾਰ ਸਿੰਘ ਵੀ ਮੌਜੂਦ ਸੀ।
ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸਰਦਾਰ ਨੇ ਕਿਹਾ ਕਿ ਉਸ ਨੇ ਸੰਨਿਆਸ ਲੈਣ ਦਾ ਐਲਾਨ ਪਹਿਲਾਂ ਦਿੱਲੀ ਤੋਂ ਕਰਨਾ ਸੀ, ਪਰ ਸਥਾਨਕ ਮੀਡੀਆ ਦੇ ਕਹਿਣ ’ਤੇ ਉਨ੍ਹਾਂ ਇੱਥੋਂ ਐਲਾਨ ਕਰਨ ਦਾ ਮਨ ਬਣਾ ਲਿਆ।
ਭਾਰਤੀ ਹਾਕੀ ਖਿਡਾਰੀਆਂ ਨੂੰ ਮਨੋਵਿਗਿਆਨੀ ਦੀ ਲੋੜ
ਸਰਦਾਰ ਨੇ ਕਿਹਾ ਕਿ ਉਸ ਨੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੱਕ ਹਾਕੀ ਖੇਡੀ ਹੈ ਤੇ ਹੁਣ ਨੌਜਵਾਨਾਂ ਦੇ ਮੋਢਿਆਂ ’ਤੇ ਜ਼ਿੰਮੇਵਾਰੀ ਪਾਉਣ ਦਾ ਵੇਲਾ ਹੈ। ਸਰਦਾਰ ਨੇ ਕਿਹਾ ਕਿ ਏਸ਼ਿਆਈ ਖੇਡਾਂ ਵਿੱਚ ਉਤਰਨ ਤੋਂ ਪਹਿਲਾਂ ਟੀਮ ਨੂੰ ਆਪਣੇ ਖ਼ਿਤਾਬ ਦਾ ਬਚਾਅ ਕਰਦਿਆਂ ਸੋਨ ਤਗ਼ਮਾ ਜਿੱਤਣ ਦਾ ਪੂਰਾ ਯਕੀਨ ਸੀ। ਟੀਮ ਨੇ ਸਾਰੇ ਮੈਚ ਵੱਡੇ ਫ਼ਰਕ ਨਾਲ ਜਿੱਤੇ। ਸੈਮੀ ਫਾਈਨਲ ਵਿੱਚ ਵੀ ਟੀਮ 2-1 ਨਾਲ ਅੱਗੇ ਸੀ, ਪਰ ਆਖ਼ਰੀ ਪਲਾਂ ਵਿੱਚ ਵਰਤੀ ਢਿੱਲ ਦਾ ਖਮਿਆਜ਼ਾ ਭਾਰਤ ਨੂੰ ਹਾਰ ਵਜੋਂ ਭੁਗਤਣਾ ਪਿਆ। ਸਰਦਾਰ ਨੇ ਕਿਹਾ ਕਿ ਟੀਮ ਨੂੰ ਇਸ ਪਾਸੇ ਕੰਮ ਕਰਨ ਦੀ ਲੋੜ ਹੈ। ਸੈਮੀ ਫਾਈਨਲ ਮੁਕਾਬਲੇ ’ਚ ਪੈਨਲਟੀ ਸ਼ੂਟਆਊਟ ਦੌਰਾਨ ਗੋਲ ਕਰਨ ਤੋਂ ਖੁੰਝਣ ਬਾਰੇ ਪੁੱਛਣ ’ਤੇ ਸਰਦਾਰ ਨੇ ਕਿਹਾ ਕਿ ਅਜਿਹੇ ਅਹਿਮ ਮੁਕਾਬਲਿਆਂ ’ਚ ਜੂਨੀਅਰ ਹੀ ਨਹੀਂ, ਬਲਕਿ ਸੀਨੀਅਰ ਖਿਡਾਰੀਆਂ ’ਤੇ ਵੀ ਦਬਾਅ ਹੁੰਦਾ ਹੈ। ਸਾਬਕਾ ਕਪਤਾਨ ਨੇ ਮੰਨਿਆ ਕਿ ਪਿਛਲੇ ਕਈ ਅਹਿਮ ਟੂਰਨਾਮੈਂਟਾਂ ਦੌਰਾਨ ਟੀਮ ਆਖ਼ਰੀ ਪਲਾਂ ਵਿੱਚ ਗੋਲ ਬਚਾਉਣ ’ਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਸਰੀਰਕ ਫਿਟਨੈੱਸ ਦੇ ਨਾਲ-ਨਾਲ ਉਨ੍ਹਾਂ ਦੇ ਮਾਨਸਿਕ ਸੰਤੁਲਨ ਤੇ ਦ੍ਰਿੜ੍ਹਤਾ ਨੂੰ ਪੱਕਿਆਂ ਕਰਨ ਲਈ ਮਨੋਵਿਗਿਆਨਕ ਤੌਰ ’ਤੇ ਵੀ ਤਿਆਰ ਕੀਤਾ ਜਾਵੇ।
ਵਿਦੇਸ਼ੀ ਕੋਚਾਂ ਨਾਲ ਸੰਵਾਦ ਰਚਾਉਣਾ ਮੁਸ਼ਕਲ
ਵਿਦੇਸ਼ੀ ਤੇ ਦੇਸੀ ਕੋਚਾਂ ਬਾਰੇ ਪੁੱਛਣ ’ਤੇ ਸਰਦਾਰ ਨੇ ਕਿਹਾ ਕਿ ਉਸ ਨੇ ਆਪਣੇ ਕਰੀਅਰ ਦੌਰਾਨ 10 ਤੋਂ 12 ਕੋਚਾਂ ਨਾਲ ਕੰਮ ਕੀਤਾ ਹੈ ਤੇ ਸਾਰਿਆਂ ਨਾਲ ਹੀ ਜੁੜ ਕੇ ਮਜ਼ਾ ਆਇਆ। ਉਂਜ ਸਰਦਾਰ ਨੇ ਕਿਹਾ ਕਿ ਵਿਦੇਸ਼ੀ ਕੋਚ ਹੁੰਦਿਆਂ ਕਿਤੇ ਨਾ ਕਿਤੇ ਸੰਚਾਰ ਵਿੱਚ ਮੁਸ਼ਕਲ ਜ਼ਰੂਰ ਆਉਂਦੀ ਹੈ। ਮੈਦਾਨ ’ਤੇ ਕੁਆਰਟਰਾਂ ਦਰਮਿਆਨ ਦੋ ਮਿੰਟ ਦਾ ਸਮਾਂ ਮਿਲਦਾ ਹੈ, ਜੋ ਬੜਾ ਅਹਿਮ ਹੁੰਦਾ ਹੈ, ਇਸ ਮੌਕੇ ਕੋਈ ਅਨੁਵਾਦਕ ਨਾ ਹੋਣ ਕਾਰਨ ਕਈ ਵਾਰ ਵਿਦੇਸ਼ੀ ਕੋਚ ਦੇ ਦਿਸ਼ਾ-ਨਿਰਦੇਸ਼ ਕਈ ਖਿਡਾਰੀਆਂ ਦੇ ਸਿਰ ਉਪਰੋਂ ਲੰਘ ਜਾਂਦੇ ਹਨ। ਸਰਦਾਰ ਨੇ ਕਿਹਾ ਕਿ ਟੀਮ ਦੇ ਮੌਜੂਦਾ ਮੁੱਖ ਕੋਚ ਹਰਿੰਦਰ ਸਿੰਘ ਹੀ ਉਸ ਨੂੰ ਭਾਰਤੀ ਹਾਕੀ ਟੀਮ ’ਚ ਲਿਆਏ ਸਨ ਤੇ ਅੱਜ ਉਨ੍ਹਾਂ ਦੀ ਮੌਜੂਦਗੀ ਵਿੱਚ ਉਹ ਕੌਮਾਂਤਰੀ ਹਾਕੀ ਨੂੰ ਅਲਵਿਦਾ ਆਖ ਰਿਹਾ ਹੈ।

ਹਾਕੀ ਲੀਗ ਵਿੱਚ ਖੇਡਣਾ ਰਹੇਗਾ ਜਾਰੀ
ਭਵਿੱਖੀ ਯੋਜਨਾਵਾਂ ਦੀ ਗੱਲ ਕਰਦਿਆਂ ਸਰਦਾਰ ਨੇ ਕਿਹਾ ਕਿ ਉਹ ਘਰੇਲੂ ਟੂਰਨਾਮੈਂਟ ਦੇ ਨਾਲ ਹਾਕੀ ਲੀਗ ਵਿੱਚ ਖੇਡਣਾ ਜਾਰੀ ਰੱਖੇਗਾ। ਸਰਦਾਰ ਨੇ ਕਿਹਾ ਕਿ ਉਹ ਸਰਕਾਰ ਤੇ ਹਾਕੀ ਇੰਡੀਆ ਦੀ ਪ੍ਰਵਾਨਗੀ ਨਾਲ ਯੂਰੋਪ ਦੇ ਬਿਹਤਰੀਨ ਕਲੱਬਾਂ ਤੋਂ ਕੋਚਿੰਗ ਕਲਾਸਾਂ ਲਏਗਾ। ਯੂਰੋਪੀ ਮੁਲਕਾਂ ਵੱਲੋਂ ਹਾਕੀ ਖੇਡ ਦੇ ਨੇਮਾਂ ਨਾਲ ਛੇੜ-ਛਾੜ ਬਾਰੇ ਪੁੱਛਣ ’ਤੇ ਸਰਦਾਰ ਨੇ ਕਿਹਾ ਕਿ ਹਾਕੀ ਮੈਚ ਨੂੰ ਚਾਰ ਕੁਆਰਟਰਾਂ ਵਿੱਚ ਵੰਡੇ ਜਾਣ ਨੂੰ ਉਹ ਬਿਹਤਰੀਨ ਮੰਨਦਾ ਹੈ ਕਿਉਂਕਿ ਇਸ ਨਾਲ ਖੇਡ ਨਾ ਸਿਰਫ਼ ਦਿਲਚਸਪ, ਬਲਕਿ ਇਸ ਵਿੱਚ ਪਹਿਲਾਂ ਨਾਲੋਂ ਤੇਜ਼ੀ ਆਈ ਹੈ। ਇਸ ਦੌਰਾਨ ਸਰਦਾਰ ਦੇ ਵੱਡੇ ਭਰਾ ਦੀਦਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਸਰਦਾਰ ਦੇ ਸੰਨਿਆਸ ਦੇ ਫ਼ੈਸਲੇ ਦਾ ਸਤਿਕਾਰ ਕਰਦਾ ਹੈ।

Facebook Comment
Project by : XtremeStudioz