Close
Menu

ਸੰਯੁਕਤ ਰਾਸ਼ਟਰ ਵੱਲ ਭਾਰਤ ਦੇ 3.8 ਕਰੋੜ ਡਾਲਰ ਬਕਾਇਆ

-- 17 April,2019

ਸੰਯੁਕਤ ਰਾਸ਼ਟਰ, 17 ਅਪਰੈਲ
ਸੰਯੁਕਤ ਰਾਸ਼ਟਰ ਨੇ ਸ਼ਾਂਤੀ-ਰੱਖਿਆ ਮੁਹਿੰਮਾਂ ਲਈ ਭਾਰਤ ਨੂੰ ਮਾਰਚ 2019 ਤੱਕ 3.8 ਕਰੋੜ ਡਾਲਰ ਅਦਾ ਕਰਨੇ ਹਨ। ਇਹ ਕਿਸੇ ਵੀ ਮੁਲਕ ਨੂੰ ਭੁਗਤਾਨ ਕੀਤੀ ਜਾਣ ਵਾਲੀ ਸਭ ਤੋਂ ਜ਼ਿਆਦਾ ਰਾਸ਼ੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਵਿਸ਼ਵ ਪੱਧਰੀ ਸੰਗਠਨ ਦੀ ਵਿੱਤੀ ਹਾਲਤ ’ਤੇ ਚਿੰਤਾ ਜ਼ਾਹਰ ਕੀਤੀ ਸੀ। ਵਿੱਤੀ ਹਾਲਤ ਵਿਚ ਸੁਧਾਰ ’ਤੇ ਆਪਣੀ ਰਿਪੋਰਟ ਵਿਚ ਉਨ੍ਹਾਂ ਕਿਹਾ ਕਿ 31 ਮਾਰਚ 2019 ਤੱਕ ਸੈਨਿਕ ਤੇ ਪੁਲੀਸ ਦੇ ਰੂਪ ਵਿਚ ਯੋਗਦਾਨ ਦੇ ਰਹੇ ਮੁਲਕਾਂ ਨੂੰ ਅਦਾ ਕੀਤੀ ਜਾਣ ਵਾਲੀ ਕੁੱਲ ਰਕਮ 26.5 ਕਰੋੜ ਡਾਲਰ ਹੈ। ਇਸ ਵਿਚੋਂ ਸੰਯੁਕਤ ਰਾਸ਼ਟਰ ਨੇ 3.8 ਕਰੋੜ ਡਾਲਰ ਭਾਰਤ ਨੂੰ ਅਦਾ ਕਰਨੇ ਹਨ। ਇਸ ਤੋਂ ਬਾਅਦ ਰਵਾਂਡਾ (3.1 ਕਰੋੜ ਡਾਲਰ), ਪਾਕਿਸਤਾਨ (2.8 ਕਰੋੜ ਡਾਲਰ), ਬੰਗਲਾਦੇਸ਼ (2.5 ਕਰੋੜ ਡਾਲਰ) ਤੇ ਨੇਪਾਲ (2.3 ਕਰੋੜ ਡਾਲਰ) ਨੂੰ ਵੀ ਭੁਗਤਾਨ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਖ਼ਰਾਬ ਹਾਲਤ ਵਿਚ ਸੈਨਿਕ ਤੇ ਪੁਲੀਸ ਦਾ ਯੋਗਦਾਨ ਦੇਣ ਵਾਲੇ ਦੇਸ਼ਾਂ ਦੀ ਬਕਾਇਆ ਰਾਸ਼ੀ ਜੂਨ 2019 ਤੱਕ 58.8 ਕਰੋੜ ਡਾਲਰ ਤੱਕ ਵੱਧ ਸਕਦੀ ਹੈ। ਦੱਸਣਯੋਗ ਹੈ ਕਿ ਇਸ ਵਰ੍ਹੇ ਦੀ ਸ਼ੁਰੂਆਤ ਵਿਚ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਅਦ ਅਕਬਰੂਦੀਨ ਨੇ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਦੇ ਸ਼ਾਂਤੀ-ਰੱਖਿਆ ਮੁਹਿੰਮ ਦੀ ਵਿੱਤੀ ਸਥਿਤੀ ਖਾਸ ਤੌਰ ’ਤੇ ਬਕਾਇਆ ਨਾ ਅਦਾ ਕਰਨਾ ਜਾਂ ਉਸ ਵਿਚ ਦੇਰੀ ਹੋਣਾ ‘ਫ਼ਿਕਰ ਦੀ ਗੱਲ ਹੈ’।

Facebook Comment
Project by : XtremeStudioz