Close
Menu

ਸੰਸਦੀ ਇਜਲਾਸ ਦਾ ਛੇਵਾਂ ਦਿਨ ਵੀ ਰੌਲੇ-ਰੱਪੇ ਦੀ ਭੇਟ ਚੜ੍ਹਿਆ

-- 20 December,2018

ਨਵੀਂ ਦਿੱਲੀ, 20 ਦਸੰਬਰ
ਸਰਦ ਰੁੱਤ ਇਜਲਾਸ ਦੇ ਛੇਵੇਂ ਦਿਨ ਵੀ ਅੱਜ ਸੱਤਾ ਧਿਰ ਤੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਰਾਫ਼ਾਲ ਕਰਾਰ ਦੇ ਮੁੱਦੇ ’ਤੇ ਮਿਹਣੋ ਮਿਹਣੀ ਹੁੰਦੇ ਰਹੇ, ਜਿਸ ਕਾਰਨ ਸੰਸਦ ਦੇ ਦੋਵਾਂ ਸਦਨਾਂ ਦਾ ਕੰਮਕਾਜ ਅਸਰਅੰਦਾਜ਼ ਹੋਇਆ। ਟੀਡੀਪੀ, ਅੰਨਾ ਡੀਐਮਕੇ ਤੇ ਡੀਐਮਕੇ ਮੈਂਬਰਾਂ ਨੇ ਕਾਵੇਰੀ ਨਦੀ ’ਤੇ ਬੰਨ੍ਹ ਅਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਰਾਜ ਸਭਾ ਨੂੰ ਜਿੱਥੇ ਸਵੇਰੇ 11 ਵਜੇ ਦੇ ਕਰੀਬ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ, ਉਥੇ ਹੇਠਲੇ ਸਦਨ ਲੋਕ ਸਭਾ ਦੀ ਕਾਰਵਾਈ ਵਿੱਚ ਤਿੰੰਨ ਵਾਰ ਅੜਿੱਕਾ ਪਿਆ।
ਇਸ ਤੋਂ ਪਹਿਲਾਂ ਅੱਜ ਸਰਦ ਰੁੱਤ ਇਜਲਾਸ ਦੇ ਛੇਵੇਂ ਦਿਨ ਵੀ ਰਾਫਾਲ ਜੈੱਟ ਕਰਾਰ, ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰੁਤਬਾ ਤੇ ਕਾਵੇਰੀ ਨਦੀ ’ਤੇ ਬੰਨ੍ਹ ਦੀ ਉਸਾਰੀ ਨੂੰ ਲੈ ਕੇ ਕੀਤੇ ਪ੍ਰਦਰਸ਼ਨਾਂ ਦੇ ਚਲਦਿਆਂ ਸੰਸਦ ਦੇ ਦੋਵਾਂ ਸਦਨਾਂ ਵਿਚ ਖਾਸਾ ਰੌਲਾ ਪਿਆ ਤੇ ਕਈ ਵਾਰ ਸੰਸਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ। ਇਸ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਰਾਫ਼ਾਲ ਸਮੇਤ ਵਿਰੋਧੀ ਧਿਰ ਵੱਲੋਂ ਚੁੱਕੇ ਕਿਸੇ ਵੀ ਮੁੱਦੇ ’ਤੇ ਚਰਚਾ ਲਈ ਤਿਆਰ ਹੈ। ਉਧਰ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਰਾਫ਼ਾਲ ਕਰਾਰ ਨੂੰ ਲੈ ਕੇ ਲੋਕਾਂ ਮਨਾਂ ਵਿੱਚ ‘ਗੰਭੀਰ ਸ਼ੰਕੇ’ ਹਨ, ਜਿਨ੍ਹਾਂ ਦੀ ਜੇਪੀਸੀ ਤੋਂ ਜਾਂਚ ਕਰਾਏ ਜਾਣ ਦੀ ਲੋੜ ਹੈ। ਚੇਤੇ ਰਹੇ ਕਿ 11 ਦਸੰਬਰ ਨੂੰ ਸ਼ੁਰੂ ਹੋਏ ਸੰਸਦੀ ਇਜਲਾਸ ਦਾ ਪਹਿਲਾ ਦਿਨ ਮਰਹੂਮ ਆਗੂਆਂ ਨੂੰ ਸ਼ਰਧਾਂਜਲੀਆਂ ਮਗਰੋਂ ਚੁੱਕ ਦਿੱਤਾ ਗਿਆ ਸੀ, ਪਰ 12 ਦਸੰਬਰ ਮਗਰੋਂ ਦੋਵਾਂ ਸਦਨਾਂ ’ਚ ਸੰਸਦੀ ਕੰਮਕਾਜ ਦੌਰਾਨ ਅੜਿੱਕਾ ਹੀ ਪੈਂਦਾ ਰਿਹਾ ਹੈ। ਪਿਛਲੇ ਇਕ ਹਫ਼ਤੇ ਵਿੱਚ ਜਿੱਥੇ ਰਾਜ ਸਭਾ ਵੱਖ ਵੱਖ ਰੋਗਾਂ ਕਰਕੇ ਲਾਚਾਰ ਲੋਕਾਂ ਨੂੰ ਬਰਾਬਰ ਦੇ ਹੱਕ ਦੇਣ ਸਬੰਧੀ ਬਿੱਲ ਨੂੰ ਪਾਸ ਕਰ ਚੁੱਕੀ ਹੈ, ਉਥੇ ਲੋਕ ਸਭਾ ਵਿੱਚ ਹੁਣ ਤਕ ਦੋ ਬਿੱਲ ਪਾਸ ਹੋਏ ਹਨ, ਜਿਨ੍ਹਾਂ ਵਿੱਚ ਟਰਾਂਸਜੈਂਡਰਾਂ ਦੇ ਹੱਕਾਂ ਨਾਲ ਸਬੰਧਤ ਬਿੱਲ ਵੀ ਸ਼ਾਮਲ ਹੈ। ਰਾਜ ਸਭਾ ਵਿੱਚ ਅੱਜ ਜਿੱਥੇ ਕਾਂਗਰਸੀ ਮੈਂਬਰਾਂ ਨੇ ਰਾਫ਼ਾਲ ਮਾਮਲੇ ਦੀ ਜੇਪੀਸੀ ਤੋਂ ਜਾਂਚ ਕਰਾਏ ਜਾਣ ਦੀ ਮੰਗ ਕੀਤੀ, ਉਥੇ ਸੱਤਾਧਿਰ ਨਾਲ ਸਬੰਧਤ ਮੈਂਬਰਾਂ ਨੇ ਸੁਪਰੀਮ ਕੋਰਟ ਵੱਲੋਂ ਰਾਫ਼ਾਲ ਮਾਮਲੇ ਵਿੱਚ ਦਿੱਤੀ ਕਲੀਨਚਿੱਟ ਲਈ ਰਾਹੁਲ ਨੂੰ ਮੁਆਫ਼ੀ ਮੰਗਣ ਲਈ ਕਿਹਾ।

Facebook Comment
Project by : XtremeStudioz