Close
Menu

ਸੰਸਦੀ ਹਲਕਾ ਤੇ ਸੰਸਦ ਸਿੱਧੂ ਦੀ ਝਲਕ ਦੇਖਣ ਨੂੰ ਤਰਸੇ

-- 09 September,2013

sidhu_mwn2

ਬਠਿੰਡਾ,9 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਆਪਣੇ ਸੰਸਦੀ ਹਲਕੇ ਅੰਮ੍ਰਿਤਸਰ ’ਚੋਂ ਹੀ ਨਹੀਂ ਬਲਕਿ ਪਾਰਲੀਮੈਂਟ ’ਚੋਂ ਵੀ ਗਾਇਬ ਰਹੇ ਹਨ। ਪੰਜਾਬ ਦੇ ਮੌਜੂਦਾ ਸੰਸਦ ਮੈਂਬਰਾਂ ’ਚੋਂ ਸਭ ਤੋਂ ਘੱਟ ਹਾਜ਼ਰੀ ਭਾਜਪਾ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਰਹੀ ਹੈ। ਲੋਕ ਸਭਾ ਦਾ ਹਾਜ਼ਰੀ ਰਜਿਸਟਰ ਗਵਾਹੀ ਭਰਦਾ ਹੈ ਕਿ ਸ੍ਰੀ ਸਿੱਧੂ ਪਾਰਲੀਮੈਂਟ ਵਿੱਚ ਵੀ ਘੱਟ ਹੀ ਦਿੱਖੇ ਹਨ। 15 ਵੀਂ ਲੋਕ ਸਭਾ ਦੇ ਹੁਣ ਤੱਕ 14 ਸੈਸ਼ਨ ਹੋਏ ਹਨ ਜਿਨ੍ਹਾਂ ਦੀਆਂ ਕੁੱਲ 332 ਬੈਠਕਾਂ ਹੋਈਆਂ ਹਨ। ਸ੍ਰੀ ਸਿੱਧੂ ਨੇ ਸਿਰਫ਼ 91 ਬੈਠਕਾਂ ਵਿੱਚ ਹੀ ਹਾਜ਼ਰੀ ਭਰੀ ਹੈ। ਲੰਘੇ ਮੌਨਸੂਨ ਸੈਸ਼ਨ ਦੌਰਾਨ ਨਵਜੋਤ ਸਿੰਘ ਸਿੱਧੂ ਸਿਰਫ਼ 7 ਦਿਨ ਹੀ ਹਾਜ਼ਰ ਹੋਏ ਜਦੋਂ ਕਿ ਇਸ ਸੈਸ਼ਨ ਦੀਆਂ 18 ਬੈਠਕਾਂ ਹੋਈਆਂ ਹਨ। ਇਸੇ ਤਰ੍ਹਾਂ ਲੋਕ ਸਭਾ ਵਿੱਚ ਨਵਜੋਤ ਸਿੱਧੂ ਦੀ ਹਾਜ਼ਰੀ ਦਰ ਸਿਰਫ਼ 27.40 ਫੀਸਦੀ ਹੀ ਰਹੀ ਹੈ।
ਅੰਮ੍ਰਿਤਸਰ ਹਲਕੇ ’ਚੋਂ ਗੈਰਹਾਜ਼ਰੀ ਪਿੱਛੇ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਅਣਦੇਖੀ ਨੂੰ ਕਾਰਨ ਦੱਸਿਆ ਹੈ। ਪਾਰਲੀਮੈਂਟ ਦੇ ਸੈਸ਼ਨਾਂ ਦੌਰਾਨ ਵੀ ਸ੍ਰੀ ਸਿੱਧੂ ਨੇ ਆਪਣੇ ਕਾਰੋਬਾਰੀ ਕੰਮਾਂ ਨੂੰ ਤਰਜੀਹ ਦਿੱਤੀ ਹੈ। ਮੌਨਸੂਨ ਸੈਸ਼ਨ ਵਿੱਚ ਸਭ ਤੋਂ ਘੱਟ ਹਾਜ਼ਰੀ ਨਵਜੋਤ ਸਿੱਧੂ ਦੀ ਸੀ ਜਦੋਂ ਕਿ ਦੂਸਰੇ ਨੰਬਰ ਤੇ ਪ੍ਰਤਾਪ ਸਿੰਘ ਬਾਜਵਾ ਸਨ ਜਿਨ੍ਹਾਂ ਨੇ 18 ਬੈਠਕਾਂ ’ਚੋਂ 9 ਬੈਠਕਾਂ ਵਿੱਚ ਸ਼ਮੂਲੀਅਤ ਕੀਤੀ। ਸੰਸਦ ਮੈਂਬਰ ਸੰਤੋਸ਼ ਚੌਧਰੀ ਅਤੇ ਸੁਖਦੇਵ ਸਿੰਘ ਲਿਬੜਾ ਨੇ 100 ਫੀਸਦੀ ਬੈਠਕਾਂ ਅਟੈਂਡ ਕੀਤੀਆਂ ਹਨ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਡਾ.ਰਤਨ ਸਿੰਘ ਅਜਨਾਲਾ ਅਤੇ ਮਹਿੰਦਰ ਸਿੰਘ ਕੇ ਪੀ ਨੇ 18 ਚੋਂ 17 ਬੈਠਕਾਂ ਵਿੱਚ ਹਾਜ਼ਰੀ ਭਰੀ ਹੈ। ਮੌਨਸੂਨ ਸੈਸ਼ਨ ਵਿੱਚ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਵਿਜੇ ਇੰਦਰ ਸਿੰਗਲਾ ਵੀ ਸਿਰਫ਼ 10 ਦਿਨ ਹੀ ਪਾਰਲੀਮੈਂਟ ਵਿੱਚ ਹਾਜ਼ਰ ਹੋਏ ਜਦੋਂ ਕਿ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਅਤੇ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੀ ਹਾਜ਼ਰੀ 18 ਬੈਠਕਾਂ ’ਚੋਂ ਸਿਰਫ਼ 12 ਬੈਠਕਾਂ ਦੀ ਰਹੀ ਹੈ।
ਨਵਜੋਤ ਸਿੰਘ ਸਿੱਧੂ ਨੇ ਪਾਰਲੀਮੈਂਟ ਦੇ ਸੱਤਵੇਂ ਸੈਸ਼ਨ ਵਿੱਚ ਸਿਰਫ਼ ਇੱਕ ਦਿਨ ਹੀ ਹਾਜ਼ਰੀ ਭਰੀ ਸੀ ਜਦੋਂ ਕਿ 22 ਦਿਨ ਉਹ ਗ਼ੈਰਹਾਜ਼ਰ ਰਹੇ। ਇਹ ਸੱਤਵਾਂ ਸੈਸ਼ਨ 21 ਫਰਵਰੀ 2011 ਤੋਂ 25 ਮਾਰਚ 2011 ਤੱਕ ਚੱਲਿਆ ਸੀ। ਸਿੱਧੂ ਦਾ ਮਾੜਾ ਰਿਕਾਰਡ ਦਸਵੇਂ ਸੈਸ਼ਨ (12 ਮਾਰਚ 2012 ਤੋਂ 22 ਮਈ 2012 ਤੱਕ) ਦੌਰਾਨ ਰਿਹਾ। ਇਸ ਸੈਸ਼ਨ ਦੀਆਂ 35 ਬੈਠਕਾਂ ’ਚੋਂ ਨਵਜੋਤ ਸਿੱਧੂ 33 ਦਿਨ ਗੈਰਹਾਜ਼ਰ ਰਹੇ। ਉਨ੍ਹਾਂ ਸਿਰਫ਼ ਦੋ ਦਿਨ ਹੀ ਪਾਰਲੀਮੈਂਟ ਵਿੱਚ ਹਾਜ਼ਰੀ ਭਰੀ। ਪਾਰਲੀਮੈਂਟ ਦੇ 12ਵੇਂ ਸੈਸ਼ਨ (22 ਨਵੰਬਰ 2012 ਤੋਂ 20 ਦਸੰਬਰ 2012 ਤੱਕ) ਨਵਜੋਤ ਸਿੱਧੂ ਨੇ 20 ਬੈਠਕਾਂ ਚੋਂ ਸਿਰਫ਼ ਤਿੰਨ ਦਿਨ ਹੀ ਹਾਜ਼ਰੀ ਭਰੀ।  ਪੰਜਾਬ ਵਿਧਾਨ ਸਭਾ ਵੱਲੋਂ ਬੈਸਟ ਵਿਧਾਇਕ ਐਲਾਨੇ ਗਏ ਸਾਬਕਾ ਵਿਧਾਇਕ ਅਤੇ ਕਮਿਊਨਿਸਟ ਆਗੂ ਹਰਦੇਵ ਅਰਸ਼ੀ ਦਾ ਕਹਿਣਾ ਸੀ ਕਿ ਵਿਧਾਇਕ ਜਾਂ ਸੰਸਦ ਮੈਂਬਰ ਦਾ ਅਸਲ ਕੰਮ ਤਾਂ ਵਿਧਾਨ ਸਭਾ ਜਾਂ ਪਾਰਲੀਮੈਂਟ ਵਿੱਚ ਹੀ ਹੁੰਦਾ ਹੈ ਜਿਥੇ ਉਹ ਆਪਣੇ ਹਲਕੇ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੋਇਆ ਦੁੱਖ ਤਕਲੀਫ਼ਾਂ ਰੱਖ ਸਕਦਾ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਢਾਂਚੇ ਵਿੱਚ ਵਿਧਾਇਕ ਅਤੇ ਸੰਸਦ ਮੈਂਬਰ ਆਪਣੀ ਅਸਲੀ ਡਿਊਟੀ ਭੁੱਲ ਬੈਠੇ ਹਨ। ਉਨ੍ਹਾਂ ਆਖਿਆ ਕਿ ਕਾਨੂੰਨ ਬਣਾਉਣਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦਾ ਕੰਮ ਹੈ ਪਰ ਬਹੁਤੇ ਵਿਧਾਇਕ ਜਾਂ ਸੰਸਦ ਮੈਂਬਰ ਬਿਨਾਂ ਤਿਆਰੀ ਤੋਂ ਹੀ ਸੈਸ਼ਨ ਵਿੱਚ ਜਾਂਦੇ ਹਨ।

ਨਵਜੋਤ ਸਿੱਧੂ ਦਾ ਹਾਜ਼ਰੀ ਰਿਕਾਰਡ
ਪਾਰਲੀਮੈਂਟ         ਕੁੱਲ           ਬੈਠਕਾਂ ਵਿੱਚ 
ਦਾ ਸੈਸ਼ਨ           ਬੈਠਕਾਂ           ਹਾਜ਼ਰੀ
ਪਹਿਲਾ ਸੈਸ਼ਨ        07                 04
ਦੂਸਰਾ ਸੈਸ਼ਨ         26                 06
ਤੀਸਰਾ ਸੈਸ਼ਨ        21                 08
ਚੌਥਾ ਸੈਸ਼ਨ           32                 07
ਪੰਜਵਾਂ ਸੈਸ਼ਨ         26                14
ਛੇਵਾਂ ਸੈਸ਼ਨ           23                09
ਸੱਤਵਾਂ ਸੈਸ਼ਨ        23                01
ਅੱਠਵਾਂ ਸੈਸ਼ਨ       26                09
ਨੌਵਾਂ ਸੈਸ਼ਨ            24                05
ਦਸਵਾਂ ਸੈਸ਼ਨ         35               02
ਗਿਆਰਵਾਂ ਸੈਸ਼ਨ    19               09
ਬਾਰ੍ਹਵਾਂ ਸੈਸ਼ਨ        20               03
ਤੇਰ੍ਹਵਾਂ ਸੈਸ਼ਨ         32               07
ਹੌਦਵਾਂ ਸੈਸ਼ਨ         18               07

Facebook Comment
Project by : XtremeStudioz