Close
Menu

ਸੱਤਿਅਮ ਘੁਟਾਲੇ ‘ਚ ਰਾਜੂ ਸਮੇਤ 10 ਦੋਸ਼ੀਆਂ ਨੂੰ 7-7 ਸਾਲ ਦੀ ਕੈਦ

-- 10 April,2015

5.5 ਕਰੋੜ ਰੁਪਏ ਜੁਰਮਾਨੇ ਦੀ ਸਜ਼ਾ
ਹੈਦਰਾਬਾਦ, ਅੱਜ ਇਕ ਵਿਸ਼ੇਸ਼ ਅਦਾਲਤ ਨੇ ਸੱਤਿਅਮ ਕੰਪਿਊਟਰ ਘੁਟਾਲੇ ਦੇ ਮੁੱਖ ਦੋਸ਼ੀ ਬੀ ਰਾਮਾਲਿੰਗਾ ਰਾਜੂ ਅਤੇ ਉਸ ਦੇ ਭਰਾ ਬੀ ਰਾਮਾ ਰਾਜੂ ਨੂੰ 7000 ਕਰੋੜ ਦੇ ਖਾਤਾ ਘੁਟਾਲੇ ਜਿਸ ਨੇ 6 ਸਾਲ ਪਹਿਲਾਂ ਸਾਰੇ ਕਾਰਪੋਰੇਟ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ, ਵਿਚ ਦੋਸ਼ੀ ਠਹਿਰਾਉਣ ਪਿੱਛੋਂ 7-7 ਸਾਲ ਕੈਦ ਅਤੇ 5.5 ਕਰੋੜ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ | ਵਿਸ਼ੇਸ਼ ਜੱਜ ਬੀ. ਵੀ. ਐਲ. ਐਨ. ਚੱਕਰਵਰਤੀ ਨੇ ਸਾਬਕਾ ਮੁੱਖ ਵਿਤੀ ਅਧਿਕਾਰੀ ਵਾਦਲਾਮਨੀ ਸ੍ਰੀਨਿਵਾਸ, ਸਾਬਕਾ ਪਰਾਈਸ ਵਾਟਰ ਹਾਊਸ ਆਡੀਟਰਜ਼ ਸੁਬਰਾਮਨੀ ਗੋਪਾਲਾ ਕ੍ਰਿਸ਼ਨਨ ਅਤੇ ਟੀ ਸ੍ਰੀਨਿਵਾਸ ਸਮੇਤ 8 ਹੋਰਨਾਂ ਨੂੰ ਵੀ ਬਾਮੁਸ਼ੱਕਤ 7-7 ਸਾਲ ਕੈਦ ਅਤੇ 25 ਲੱਖ ਰੁਪਏ ਤਕ ਜ਼ੁਰਮਾਨਾ ਕੀਤਾ ਹੈ | ਅਦਾਲਤ ਨੇ 10 ਦੋਸ਼ੀਆਂ ਨੂੰ ਦੇਸ਼ ਦੇ ਸਭ ਤੋਂ ਵੱਡੇ ਖਾਤਾ ਘੁਟਾਲੇ ਵਿਚ ਅਪਰਾਧਿਕ ਸਾਜਿਸ਼ ਅਤੇ ਧੋਖਾਧੜੀ ਕਰਨ ਸਮੇਤ ਦੂਸਰੇ ਜ਼ੁਰਮਾਂ ਵਿਚ ਦੋਸ਼ੀ ਠਹਿਰਾਇਆ ਸੀ | ਆਈ. ਟੀ. ਇੰਡਸਟਰੀ ਵਿਚ ਕਿਸੇ ਸਮੇਂ ਪੋਸਟਰ ਬੁਆਏ ਰਿਹਾ 60 ਸਾਲਾ ਬਾਈਰਾਜੂ ਰਾਮਾਲਿੰਗਾ ਰਾਜੂ ਅਤੇ ਸਾਬਕਾ ਮੁਲਾਜ਼ਮ ਜੀ ਰਾਮਕ੍ਰਿਸ਼ਨ ਨੂੰ ਜੱਜ ਨੇ ਧਾਰਾ 201 (ਸਬੂਤ ਖੁਰਦ ਬੁਰਦ ਕਰਨ) ਤਹਿਤ ਵੀ ਦੋਸ਼ੀ ਠਹਿਰਾਇਆ ਸੀ ਅਤੇ ਇਸ ਮਾਮਲੇ ਦੀ ਸੀ. ਬੀ. ਆਈ. ਨੇ ਜਾਂਚ ਕੀਤੀ ਸੀ | ਉਂਜ ਸੱਤਿਅਮ ਕੰਪਿਊਟਰ ਸਰਵਸਿਜ਼ ਲਿਮਟਿਡ ‘ਚ ਖਾਤਾ ਘੁਟਾਲਾ 7000 ਕਰੋੜ ਰੁਪਏ ਦਾ ਸੀ ਪਰ ਇਸ ਦਾ ਨਿਵੇਸ਼ਕਾਂ ਨੂੰ 14000 ਕਰੋੜ ਦਾ ਨੁਕਸਾਨ ਹੋਇਆ ਤੇ ਰਾਜੂ ਅਤੇ ਹੋਰਨਾਂ ਨੇ 1900 ਕਰੋੜ ਦਾ ਗੈਰਕਾਨੂੰਨੀ ਮਾਲ ਛਕਿਆ ਸੀ | ਰਾਮਾਲਿੰਗਾ ਰਾਜੂ ਅਤੇ ਉਸ ਦਾ ਭਰਾ ਅਤੇ ਸਤਿਅਮ ਦਾ ਸਾਬਕਾ ਮੈਨੇਜਿੰਗ ਡਾਇਰੈਕਟਰ ਬੀ. ਰਾਮਾ ਰਾਜੂ ਭਰੋਸਾ ਤੋੜਨ ਨਾਲ ਸਬੰਧਤ ਧਾਰਾ 409 ਤਹਿਤ ਵੀ ਦੋਸ਼ੀ ਪਾਏ ਗਏ ਸਨ | ਜਦੋਂ ਫ਼ੈਸਲਾ ਸੁਣਾਇਆ ਗਿਆ ਤਾਂ ਉਸ ਸਮੇਂ ਸਾਰੇ ਦੋਸ਼ੀ ਅਦਾਲਤ ਵਿਚ ਮੌਜੂਦ ਸਨ ਪਰ ਪੱਤਰਕਾਰਾਂ ਨੂੰ ਅਦਾਲਤ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ | ਹੁਕਮ ਸੁਣਾਉਣ ਪਿੱਛੋਂ ਮਾਣਯੋਗ ਜੱਜ ਨੇ ਸੀ. ਬੀ. ਆਈ. ਨੂੰ ਹਦਾਇਤ ਕੀਤੀ ਕਿ ਉਹ ਸਾਰੇ ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਲਵੇ | ਸੱਤਿਅਮ ਘੁਟਾਲਾ 7 ਜਨਵਰੀ 2009 ਨੂੰ ਕੰਪਨੀ ਦੇ ਬਾਨੀ ਅਤੇ ਚੇਅਰਮੈਨ ਰਾਮਾਲਿੰਗਾ ਰਾਜੂ ਵਲੋਂ ਕਥਿਤ ਰੂਪ ਵਿਚ ਇਹ ਸਵੀਕਾਰ ਕਰਨ ਪਿੱਛੋਂ ਸਾਹਮਣੇ ਆਇਆ ਕਿ ਉਸ ਨੇ ਕੰਪਨੀਆਂ ਦੀਆਂ ਖਾਤਾ ਵਹੀਆਂ ‘ਚ ਹੇਰਾਫੇਰੀ ਕੀਤੀ ਅਤੇ ਕਈ ਸਾਲ ਜ਼ਿਆਦਾ ਮੁਨਾਫਾ ਦਿਖਾਉਂਦਾ ਰਿਹਾ ਸੀ | ਬਾਅਦ ਵਿਚ ਅਪ੍ਰੈਲ 2009 ਵਿਚ ਟੈਕ ਮਹਿੰਦਰਾ ਦੀ ਆਪਣੀ ਕੰਪਨੀ ਮਹਿੰਦਰਾ ਐਾਡ ਮਹਿੰਦਰਾ ਨੇ ਸੱਤਿਅਮ ਨੂੰ ਖਰੀਦ ਲਿਆ ਸੀ |

Facebook Comment
Project by : XtremeStudioz