Close
Menu

ਸ: ਬਾਦਲ ਮੁੱਖ ਮੰਤਰੀ ਮਾਤਾ ਬਲਵੰਤ ਕੌਰ ਨੂੰ ਨਿੱਘੀ ਸ਼ਰਧਾਂਜਲੀ ਭੇਂਟ

-- 09 September,2013

cm-11

ਸ੍ਰੀ ਮੁਕਤਸਰ ਸਾਹਿਬ, 9 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਅੱਜ ਇੱਥੇ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ: ਮਿੱਤ ਸਿੰਘ ਬਰਾੜ ਦੇ ਮਾਤਾ ਜੀ ਅਤੇ ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਗਗਨਦੀਪ ਸਿੰਘ ਬਰਾੜ ਆਈ.ਏ.ਐਸ. ਦੇ ਪੂਜਨੀਕ ਦਾਦੀ ਜੀ ਮਾਤਾ ਬਲਵੰਤ ਕੌਰ ਨੂੰ ਉਨ੍ਹਾਂ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਭਾਈ ਮਹਾਂ ਸਿੰਘ ਦਿਵਾਨ ਹਾਲ ਵਿਖੇ ਵੱਖ ਵੱਖ ਉਘੀਆਂ ਸਖ਼ਸੀਅਤਾਂ ਵੱਲੋਂ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਮਾਤਾ ਬਲਵੰਤ ਕੌਰ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਬਰਾੜ ਪਰਿਵਾਰ ਨਾਲ ਪੁਰਾਣੇ ਸਬੰਧ ਹਨ ਅਤੇ ਮਾਤਾ ਜੀ ਦੇ ਅਕਾਲ ਚਲਾਣੇ ਨਾਲ ਉਨ੍ਹਾਂ ਨੂੰ ਪਰਿਵਾਰਕ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਮਾਤਾ ਜੀ ਇਕ ਧਾਰਮਿਕ ਸਖ਼ਸੀਅਤ ਸਨ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਉੱਚ ਸਿੱਖਿਆ ਦਿਵਾ ਕੇ ਪਰਿਵਾਰ ਨੂੰ ਬੁਲੰਦੀਆਂ ਤੇ ਪਹੁੰਚਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਰਿਵਾਰ ਨੂੰ ਉੱਚ ਸਿੱਖਿਆ ਨਾਲ ਜੋੜਨ ਦਾ ਹੀ ਨਤੀਜਾ ਹੈ ਕਿ ਅੱਜ ਉਨ੍ਹਾਂ ਦੇ ਪੋਤਰੇ ਸ: ਗਗਨਦੀਪ ਸਿੰਘ ਬਰਾੜ ਆਈ.ਏ.ਐਸ. ਉਨ੍ਹਾਂ ਦੇ ਵਿਸੇਸ਼ ਪ੍ਰਮੁੱਖ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਹਨ।
ਸ: ਬਾਦਲ ਨੇ ਬਰਾੜ ਪਰਿਵਾਰ ਦੀ ਸਲਾਘਾ ਕਰਦਿਆਂ ਕਿਹਾ ਕਿ ਇਸ ਪਰਿਵਾਰ ਨੇ ਆਪਣੇ ਚੰਗੇ ਅਤੇ ਲੋਕ ਭਲਾਈ ਵਾਲੇ ਕੰਮਾਂ ਨਾਲ ਖੇਤਰ, ਪਾਰਟੀ, ਪਬ੍ਰੰਧਕੀ ਹਲਕਿਆਂ, ਸਮਾਜ ਸੇਵਾ ਵਿਚ ਨਾਂਅ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮਾਤਾ ਬਲਵੰਤ ਕੌਰ ਦੇ ਜਾਣ ਨਾਲ ਨਾ ਪੁਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਨੇ ਸ: ਮਿੱਤ ਸਿੰਘ ਬਰਾੜ ਵੱਲੋਂ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਵੀ ਸਲਾਘਾ ਕੀਤੀ।
ਇਸ ਮੌਕੇ ਮਾਤਾ ਬਲਵੰਤ ਕੌਰ ਨੂੰ ਸ਼ਰਧਾਜ਼ਲੀਆਂ ਭੇਂਟ ਕਰਦਿਆਂ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਪੰਜਾਬ, ਸ: ਬਿਕਰਮ ਸਿੰਘ ਮਜੀਠੀਆ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਅੰਤਿਮ ਅਰਦਾਸ ਮੌਕੇ ਜੁੜੇ ਲੋਕਾਂ ਦਾ ਵੱਡਾ ਇੱਕਠ ਸਿੱਧ ਕਰਦਾ ਹੈ ਕਿ ਮਾਤਾ ਜੀ ਵੱਲੋਂ ਦਿੱਤੀਆਂ ਚੰਗੀਆਂ ਸਿੱਖਿਆਵਾਂ ਕਾਰਨ ਹੀ ਪਰਿਵਾਰ ਨੇ ਲੋਕਾਂ ਵਿਚ ਵੱਡਾ ਨਾਂਅ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮਾਤਾ ਜੀ ਲੰਬੀ ਅਤੇ ਮਹਾਨ ਸੋਚ ਦੇ ਧਾਰਨੀ ਸਨ ਜਿਨ੍ਹਾਂ ਨੇ ਆਪਣੇ ਸਾਰੇ ਬੱਚਿਆਂ ਨੂੰ ਉੱਚ ਵਿਦਿਆ ਦਿਵਾ ਕੇ ਸਮਾਜ ਸੇਵਾ ਲਈ ਉੱਚ ਅਹੁਦਿਆਂ ਤੇ ਪਹੁੰਚਾਇਆ ਹੈ।
ਇਸ ਮੌਕੇ ਖਜ਼ਾਨਾ ਮੰਤਰੀ ਸ: ਪਰਮਿੰਦਰ ਸਿੰਘ ਢਿਂਡਸਾ ਨੇ ਬਰਾੜ ਪਰਿਵਾਰ ਨਾਲ ਆਪਣੇ ਪਰਿਵਾਰਕ ਰਿਸਤਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਮਾਤਾ ਬਲਵੰਤ ਕੌਰ ਤੋਂ ਸਾਰੇ ਪਰਿਵਾਰ ਨੂੰ ਹਮੇਸਾ ਹੀ ਸੁਚੱਜੀ ਸੇਧ ਮਿਲਦੀ ਹੈ। ਇਸ ਤੋਂ ਪਹਿਲਾਂ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਬੇਸ਼ੱਕ ਸਾਰੇ ਰਿਸਤ ਮਹੱਤਵਪੂਰਨ ਹਨ ਪਰ ਮਾਤਾ ਦਾ ਰੁਤਬਾ ਸਭ ਤੋਂ ਉੱਚਾ ਹੈ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਵੀ ਮਾਤਾ ਜੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਸ਼ੇਰ ਸਿੰਘ ਘੁਬਾਇਆ ਮੈਂਬਰ ਲੋਕ ਸਭਾ, ਵਿਧਾਇਕ ਸ: ਹਰਪ੍ਰੀਤ ਸਿੰਘ, ਸ੍ਰੀ ਜੋਗਿੰਦਰ ਪਾਲ ਜੈਨ, ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਜ ਯੋਜਨਾ ਬੋਰਡ ਦੇ ਮੀਤ ਚੇਅਰਮੈਨ ਸ੍ਰੀ ਰਾਜਿੰਦਰ ਭੰਡਾਰੀ, ਸਾਬਕਾ ਕੇਂਦਰੀ ਮੰਤਰੀ ਸ੍ਰੀ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਸਪੀਕਰ ਸ੍ਰੀ ਨਿਰਮਲ ਸਿੰਘ ਕਾਹਲੋਂ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਮਨਜੀਤ ਸਿੰਘ ਬਰਕੰਦੀ, ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਹਲਕਾ ਗਿੱਦੜਬਾਹਾ ਦੇ ਇੰਚਾਰਜ ਸ: ਹਰਦੀਪ ਸਿੰਘ ਢਿੰਪੀ ਢਿੱਲੋਂ, ਸਰਕਲ ਪ੍ਰਧਾਨ ਸ: ਮਨਜਿੰਦਰ ਸਿੰਘ ਬਿੱਟੂ, ਭਾਜਪਾ ਜ਼ਿਲ੍ਹਾ ਪ੍ਰਧਾਨ ਸ: ਰਾਕੇਸ਼ ਧੀਂਗੜਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ‑ਭਾਰਤੀ ਜਨਤਾ ਪਾਰਟੀ ਦੀ ਸਮੂੱਚੀ ਲੀਡਰਸ਼ਿਪ ਸਮੇਤ ਇਲਾਕੇ ਦੇ ਹੋਰ ਪਤਵੰਤੇ ਵੀ ਵੱਡੀ ਗਿੱਣਤੀ ਵਿਚ ਹਾਜਰ ਸਨ।
ਇਸ ਮੌਕੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ, ਪ੍ਰਿੰਸੀਪਲ ਸੈਕਟਰੀ ਸ੍ਰੀ ਐਸ. ਕੇ. ਸੰਧੂ, ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ, ਕਮਿਸ਼ਨਰ ਸ੍ਰੀ ਵੀ.ਕੇ.ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਵੀ ਹਾਜਰ ਸਨ।

Facebook Comment
Project by : XtremeStudioz