Close
Menu

ਹਥਿਆਰਾਂ ਦੇ ਮਾਮਲੇ ’ਚ ਭਾਰਤ ਦੀ ਪਹਿਲ ਤੋਂ ਚੀਨ ਨੂੰ ਕੀਤਾ ਖ਼ਬਰਦਾਰ

-- 07 January,2015

ਪੇਇਚਿੰਗ, 
ਭਾਰਤ ਵੱਲੋਂ ਰੱਖਿਆ ਖੇਤਰ ’ਚ ਆਤਮ ਨਿਰਭਰ ਬਣਨ ਦੀਆਂ ਸੁਰਾਂ ਮਗਰੋਂ ਚੀਨੀ ਰੱਖਿਆ ਮਾਹਿਰਾਂ ਦੇ ਕੰਨ ਖੜ੍ਹੇ ਹੋ ਗਏ ਹਨ। ਉਨ੍ਹਾਂ ਸਰਕਾਰ ਨੂੰ ਖ਼ਬਰਦਾਰ ਕੀਤਾ ਹੈ ਕਿ ਚੀਨ ਨੇੜਲੇ ਮੁਲਕਾਂ ਵੀਅਤਨਾਮ ਅਤੇ ਫਿਲਪੀਨਜ਼ ਨਾਲ ਭਾਰਤ ਦੇ ਵੱਧ ਰਹੇ ਫੌਜੀ ਸਹਿਯੋਗ ’ਤੇ ਨਜ਼ਰ ਰੱਖੀ ਜਾਵੇ।
ਥਿੰਕਟੈਕ ਵੱਲੋਂ ਸਰਕਾਰੀ ਰਸਾਲੇ ‘ਗਲੋਬਲ ਟਾਈਮਜ਼’ ’ਚ ਪ੍ਰਕਾਸ਼ਤ ਲੇਖ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮੁਲਕ ਨੂੰ ਮਜ਼ਬੂਤ ਕਰਨ ਦੀ ਇੱਛਾ ਰੱਖਦੇ ਹਨ। ਉਨ੍ਹਾਂ ਭਾਰਤੀ ਅਰਥਚਾਰੇ ਨੂੰ ਲੀਹਾਂ ’ਤੇ ਲਿਆਉਣ ਲਈ ‘ਮੇਕ ਇਨ ਇੰਡੀਆ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਕੌਮਾਂਤਰੀ ਕੰਪਨੀਆਂ ਉਨ੍ਹਾਂ ਦੇ ਦੇਸ਼ ’ਚ ਨਿਵੇਸ਼ ਕਰਨ ਅਤੇ ਮਾਲ ਵੀ ਉੱਥੇ ਹੀ ਬਣਾਉਣ। ਉਨ੍ਹਾਂ ਲਿਖਿਆ ਹੈ ਕਿ ਸ੍ਰੀ ਮੋਦੀ ਮਜ਼ਬੂਤ ਭਾਰਤ ਬਣਾਉਣ ਤੋਂ ਅੱਗੇ ਦੀ ਸੋਚ ਰਹੇ ਹਨ।
ਲੇਖ ’ਚ ਕਿਹਾ ਗਿਆ ਹੈ ਕਿ ਭਾਰਤ ਹਥਿਆਰਾਂ ਦੀ ਦਰਾਮਦ ਦੇ ਮਾਮਲੇ ’ਚ ਦੁਨੀਆਂ ਦਾ ਸਭ ਤੋਂ ਵੱਡਾ ਖਰੀਦਦਾਰ ਹੈ ਪਰ ਸ੍ਰੀ ਮੋਦੀ ਹੁਣ ਹਾਲਾਤ ਬਦਲ ਕੇ ਹਥਿਆਰਾਂ ਦੀ ਬਰਾਮਦ ਦੇ ਮਾਮਲੇ ’ਚ ਭਾਰਤ ਨੂੰ ਖੜ੍ਹਾ ਕਰਨਾ ਚਾਹੁੰਦੇ ਹਨ।
ਲੇਖ ਮੁਤਾਬਕ ਮੌਰੀਸ਼ਸ਼ ਨੂੰ ਭਾਰਤ ’ਚ ਬਣਿਆ ਜੰਗੀ ਬੇੜਾ ਵੇਚਣ ਤੋਂ ਬਾਅਦ ਦੱਖਣ-ਪੂਰਬੀ ਏਸ਼ਿਆਈ ਮੁਲਕ ਵੀਅਤਨਾਮ ਅਤੇ ਫਿਲਪੀਨਜ਼ ਵੀ ਇਸ ’ਚ ਆਪਣੀ ਦਿਲਚਸਪੀ ਦਿਖਾਉਣ ਲਗ ਪਏ ਹਨ। ਵੀਅਤਨਾਮ ਲਈ ਭਾਰਤ ਵੱਲੋਂ ਚਾਰ ਗਸ਼ਤੀ ਜਹਾਜ਼ ਤਿਆਰ ਕੀਤੇ ਜਾ ਰਹੇ ਹਨ। ਥਿੰਕ ਟੈਕ ਦਾ ਕਹਿਣਾ ਹੈ ਕਿ ਨਵੀਂ ਦਿੱਲੀ ਦੀ ਪੂਰਬ ਵੱਲ ਦੇਖਣ ਦੀ ਨੀਤੀ ਹੁਣ ‘ਐਕਟ ਈਸਟ’ ’ਚ ਤਬਦੀਲ ਹੋ ਗਈ ਹੈ। ਉਨ੍ਹਾਂ, ਦੱਖਣੀ ਚੀਨ ਸਾਗਰ ਮੁੱਦੇ ’ਤੇ ਵੀ ਭਾਰਤ ਨੂੰ ਚੇਤੰਨ ਰਹਿਣ ਲਈ ਕਿਹਾ ਹੈ।

Facebook Comment
Project by : XtremeStudioz