Close
Menu

ਹਫ਼ਤੇ ਵਿੱਚ ਚਾਰ ਦਿਨ ‘ਸੰਗਤ ਦਰਸ਼ਨ’ ਕਰਿਆ ਕਰਨਗੇ ਬਾਦਲ

-- 01 September,2013

31ptnw59

ਬਟਾਲਾ,1 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਕੋਲ ਪੈਸੇ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਵੱਲੋਂ ਹੜ੍ਹ ਪੀੜਤਾਂ ਨੂੰ ਪ੍ਰਤੀ ਏਕੜ 35 ਸੌ ਰੁਪਏ ਮੁਆਵਜ਼ਾ ਦਿੱਤਾ ਜਾ ਰਿਹਾ ਹੈ,ਜੋ ਬਹੁਤ ਨਿਗੂਣੀ ਰਕਮ ਹੈ। ਉਹ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਲ ਇਸੇ ਮਸਲੇ ’ਤੇ  ਮਿਲਣ ਲਈ ਜਾਣਗੇ ਅਤੇ ਹੋਰ ਮੁਆਵਜ਼ੇ ਦੀ ਮੰਗ ਰੱਖਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਕਾਂਗਰਸੀ ਐਮਪੀ ਕੇਂਦਰ ਸਰਕਾਰ ਤੋਂ ਆਰਥਿਕ ਪੈਕੇਜ ਮੰਗਣ ਲਈ ਕਿਉਂ ਡਰਦੇ ਹਨ, ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ।

ਸਮਾਗਮ ਦੌਰਾਨ ਸ੍ਰੀ ਬਾਦਲ ਨੇ ਐਸਐਸਪੀ ਬਟਾਲਾ ਐਸ.ਐਸ. ਮੰਡ ਨੂੰ ਹੁਕਮ ਦਿੱਤੇ ਕਿ ਆਮ ਲੋਕਾਂ ਨੂੰ ਉਨ੍ਹਾਂ ਤੱਕ ਪਹੁੰਚਣ ਦਿੱਤਾ ਜਾਵੇ ਅਤੇ ਕਿਸੇ ਨੂੰ ਵੀ ਰੋਕਿਆ ਨਾ ਜਾਵੇ। ਫਿਰ ਵੀ ਸਮਾਗਮ ਦੌਰਾਨ ਕੁਝ ਕੁ ਪੰਚਾਇਤਾਂ ਨੂੰ ਹੀ ਮਿਲਣ ਦੀ ਇਜਾਜ਼ਤ ਦਿੱਤੀ ਗਈ। ਇਸ ਤਰ੍ਹਾਂ ਕਈ ਲੋਕ ਸੰਗਤ ਦਰਸ਼ਨ ਪ੍ਰੋਗਰਾਮ ਤੋਂ ਵਾਂਝੇ ਰਹਿ ਗਏ।
ਸ੍ਰੀ  ਬਾਦਲ ਅੱਜ ਬਟਾਲਾ ਦੇ ਵਿਧਾਨ ਸਭਾ ਹਲਕਾ ਕਾਦੀਆਂ ਵਿਖੇ ਸੰਗਤ ਦਰਸ਼ਨ ਮੌਕੇ ਇਕੱਠ ਨੂੰੂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਪੰਜਾਬ ਦਾ ਕੋਈ ਵਰਗ, ਕੋਈ ਪਿੰਡ, ਕੋਈ ਸ਼ਹਿਰ ਤੇ ਕੋਈ ਕਸਬਾ ਵਾਂਝਾ ਨਹੀਂ ਰਹੇਗਾ। ਸੂਬਾਈ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਜੱਦੀ ਹਲਕੇ ਵਿਚ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੀ ਅਗਵਾਈ ’ਚ ਕਰਵਾਏ ਇਸ ਸੰਗਤ ਦਰਸ਼ਨ ਪ੍ਰੋਗਰਾਮ ’ਚ ਕਿਆਸ ਅਰਾਈਆਂ ਦੇ ਉਲਟ ਲੋਕਾਂ ਵਿੱਚ ਭਾਰੀ ਉਤਸ਼ਾਹ ਤੇ ਜੋਸ਼ ਵੇਖਣ ਨੂੰ ਮਿਲਿਆ।
ਸ੍ਰੀ ਬਾਦਲ ਨੇ ਸੰਗਤ ਦਰਸ਼ਨਾਂ ਦੌਰਾਨ ਮਾਂਝੇ, ਮਾਲਵੇ ਤੇ ਦੁਆਬੇ ਨੂੰ ਬਰਾਬਰ ਪ੍ਰਤੀਨਿਧਤਾ ਦੇਣ ਦੇ ਮਨੋਰਥ ਨਾਲ ਭਵਿੱਖ ’ਚ ਹਰ ਹਫ਼ਤੇ ਇਕ ਦਿਨ ਮਾਝਾ, ਇਕ ਦਿਨ ਮਾਲਵਾ ਤੇ ਦੋ ਦਿਨ ਦੁਆਬੇ ਦੇ ਵਿਚ ਜਨਤਾ ਦਰਬਾਰ ਲਗਾਉਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੰਗਤ ਦਰਸ਼ਨ ਪ੍ਰੋਗਰਾਮਾਂ ਦਾ ਵਿਰੋਧ ਕਰਦਿਆਂ ਇਨ੍ਹਾਂ ਸਮਗਮਾਂ ਦਾ ਬਾਈਕਾਟ ਕਰਨ ਦਾ ਕਾਂਗਰਸੀ ਆਗੂਆਂ ਨੂੰ ਸੱਦਾ ਦਿੱਤਾ ਸੀ, ਪਰ ਇਸ ਦਾ ਜ਼ਮੀਨੀ ਪੱਧਰ ’ਤੇ ਕੋਈ ਅਸਰ ਦਿਖਾਈ ਨਹੀਂ ਦਿੱਤਾ। ਇਸ ਮੌਕੇ ਪੁਲੀਸ ਵੱਲੋਂ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਅੱਜ ਸੰਗਤ ਦਰਸ਼ਨ ਦੌਰਾਨ ਸ੍ਰੀ ਬਾਦਲ ਨੇ ਹਲਕਾ ਕਾਦੀਆਂ ਦੀਆਂ 47 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 3.40 ਕਰੋੜ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਦੋਂ ਕਿ ਕਾਦੀਆਂ  ਸ਼ਹਿਰ ਵਿੱਚੋਂ ਲੰਘਦੇ ਨਾਲੇ ਨੂੰ ਢੱਕਣ ਅਤੇ ਅਹਿਮਦੀਆ ਚੌਕ ਤੋਂ ਸਿਵਲ ਲਾਈਨ ਨੂੰ ਜਾਂਦੀ ਸੜਕ ਨੂੰ ਪੱਕਾ ਤੇ ਚੌੜਾ ਕਰਨ ਲਈ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਅਫ਼ਸਰਾਂ ਨੂੰ ਅਸਟੀਮੇਟ ਬਣਾ ਕੇ ਕੰਮ ਜਲਦੀ ਸ਼ੁਰੂ ਕਰਨ ਦੇ ਆਦੇਸ਼ ਦਿੱਤੇ।  ਸ੍ਰੀ ਬਾਦਲ ਨੇ ਤੁਗਲਵਾਲ ਵਿਖੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਫਾਰ ਗਰਲਜ਼ ਨੂੰ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਅਤੇ ਧਾਰਮਿਕ ਥਾਵਾਂ ਵਾਸਤੇ ਪਹਿਲ ਦੇ ਆਧਾਰ ’ਤੇ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਬਾਰਸ਼ਾਂ ਦੌਰਾਨ ਢਹਿ ਗਏ ਕੱਚੇ ਮਕਾਨਾਂ ਦਾ ਸਰਵੇ ਕਰਵਾ ਕੇ ਸਾਰਿਆਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਸਮਾਗਮ ਵਿੱਚ ਹਲਕਾ ਇੰਚਾਰਜ ਸੇਵਾ ਸਿੰਘ ਸੇਖਵਾਂ, ਉਨ੍ਹਾਂ ਦਾ ਬੇਟਾ ਜਗਰੂਪ ਸਿੰਘ ਸੇਖਵਾਂ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਵਿਸ਼ੇਸ਼ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘੋ ਅਤੇ ਐਸਡੀਐਮ ਜਗਵਿੰਦਰਜੀਤ ਸਿੰਘ ਗਰੇਵਾਲ ਮੌਜੂਦ ਸਨ। ਸ੍ਰੀ ਬਾਦਲ ਨੇ ਇਸ ਤੋਂ ਪਹਿਲਾਂ ਜਮਾਤ-ਏ-ਅਹਿਮਦੀਆ ਦੇ ਹੈੱਡਕੁਆਰਟਰ ਵਿਖੇ ਇੱਕ ਕਮਿਊਨਿਟੀ ਸੈਂਟਰ ਬਣਾਉਣ ਦਾ ਐਲਾਨ ਕੀਤਾ ਅਤੇ ਜਮਾਤ-ਏ-ਅਹਿਮਦੀਆ ਦੇ ਰੂਹਾਨੀ ਖਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਵਲੋਂ ‘ਵਿਸ਼ਵ ਕਰਾਈਸਿਸ’ ’ਤੇ ਕਲਮਬੰਦ ਹੋਈ ਸਪੀਚ ਦੀ ਘੁੰਡ ਚੁਕਾਈ ਵੀ ਕੀਤੀ। ਜਮਾਤ-ਏ-ਅਹਿਮਦੀਆ ਦੇ ਮੁੱਖ ਸਕੱਤਰ ਜਨਾਬ ਜਲਾਲੂਦੀਨ,ਸਕੱਤਰ ਜਨਾਬ ਜ਼ਹੀਰ ਅਹਿਮਦ ਖਾਦਿਮ,ਡਿਪਟੀ ਸਕੱਤਰ ਜਨਾਬ ਤਨਵੀਰ ਅਹਿਮਦ ਖਾਦਿਮ ਅਤੇ ਸੈਕਟਰੀ ਜਨਾਬ ਮੁਹੰਮਦ ਨਾਸਿਮ ਨੇ ਮੁੱਖ ਮੰਤਰੀ ਨੂੰ ਕੁਰਾਨ ਸ਼ਰੀਫ਼ ਅਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ।

Facebook Comment
Project by : XtremeStudioz