Close
Menu

ਹਰਸਿਮਰਤ ਬਾਦਲ ਵੱਲੋਂ ਪੰਜਾਬ ਨੂੰ ਮਿਲੇ ਨਵੇਂ ਏਮਜ਼ ਨੂੰ ਬਠਿੰਡਾ ਵਿਖੇ ਸਥਾਪਤ ਕਰਨ ਦੀ ਕੀਤੀ ਵਕਾਲਤ

-- 28 February,2015

*  ਇਤਿਹਾਸਕ ਬਜਟ ਪੇਸ਼ ਕਰਨ ‘ਤੇ ਅਰੁਣ ਜੇਤਲੀ ਨੂੰ ਦਿੱਤੀਆਂ ਮੁਬਾਰਕਾਂ

ਬਠਿੰਡਾ, ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਇਤਿਹਾਸਕ ਬਜਟ ਪੇਸ਼ ਕਰਨ ਲਈ ਮੁਬਾਰਕਾਂ ਦਿੰਦਿਆਂ ਕਿਹਾ ਕਿ ਪਹਿਲੀ ਵਾਰ ਆਮ ਵਿਅਕਤੀ ਨੂੰ ਦੇਸ਼ ਦੀ ਵਿਕਾਸ ਗਾਥਾ ਦਾ ਹਿੱਸਾ ਬਣਾ ਕੇ ਨਾਲ ਜੋੜਿਆ ਹੈ।

ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੇਂਦਰੀ ਮੰਤਰੀ ਨੇ ਸ੍ਰੀ ਜੇਤਲੀ ਦਾ ਇਸ ਗੱਲੋਂ ਵੀ ਧੰਨਵਾਦ ਕੀਤਾ ਹੈ ਕਿ ਪੰਜਾਬ  ਵਿੱਚ ਏਮਜ਼ ਜਿਹੀ ਪ੍ਰਮੁੱਖ ਸਿਹਤ ਸੰਸਥਾ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਏਮਜ਼ ਨੂੰ ਬਠਿੰਡਾ ਵਿਖੇ ਸਥਾਪਤ ਕਰਨ ਦੀ ਆਸ ਵੀ ਜਤਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ ਵਿਖੇ ਪਹਿਲਾਂ ਹੀ ਸਰਕਾਰੀ ਮੈਡੀਕਲ ਕਾਲਜ ਹਨ ਅਤੇ ਜਲੰਧਰ ਤੇ ਲੁਧਿਆਣਾ ਵਿਖੇ ਕਈ ਪ੍ਰਾਈਵੇਟ ਸਿਹਤ ਸੰਸਥਾਵਾ ਮੌਜੂਦ ਹਨ। ਬਠਿੰਡਾ ਵਿਖੇ ਏਮਜ਼ ਦੀ ਸਥਾਪਨ ਨਾਲ ਇਸ ਖਿੱਤੇ ਦੇ ਲੋਕਾਂ ਨੂੰ ਇਲਾਜ ਲਈ ਬਾਹਰ ਆਦਿ ਜਿਵੇਂ ਕਿ ਰਾਜਸਥਾਨ ਦੇ ਬੀਕਾਨੇਰ ਨਹੀਂ ਜਾਣਾ ਪਵੇਗਾ।

ਸ੍ਰੀਮਤੀ ਬਾਦਲ ਨੇ ਸ੍ਰੀ ਜੇਤਲੀ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਦੋ ਵੱਡੇ ਤੋਹਫੇ ਦੇਣ ਦੀ ਵੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਬਾਗਬਾਨੀ ਦਾ ਪੋਸਟ ਗਰੈਜੂਏਟ ਸੈਂਟਰ ਸਥਾਪਤ ਕਰਨ ਦੇ ਨਾਲ ਇਤਿਹਾਸਕ ਤੇ ਧਾਰਮਿਕ ਨਗਰੀ ਨੂੰ ਵਿਰਾਸਤੀ ਮਹੱਤਤਾ ਦਿੰਦਿਆਂ ਜਲ੍ਹਿਆਂ ਵਾਲਾ ਬਾਗ ਨੂੰ ਵਿਸ਼ਵ ਵਿਰਾਸਤੀ ਸਥਾਨਾਂ ਵਿੱਚ ਸ਼ਾਮਲ ਕਰਨ ਦਾ ਉਪਰਾਲਾ ਕੀਤਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਗਰੀਬ ਪੱਖੀ ਬਜਟ ਪੇਸ਼ ਕਰ ਕੇ ਸ੍ਰੀ ਜੇਤਲੀ ਨੇ ਸਿੱਧ ਕੀਤਾ ਹੈ ਕਿ ਐਨ.ਡੀ.ਏ. ਸਰਕਾਰ ਦੀ ਪਹਿਲ ਆਮ ਗਰੀਬ ਜਨਤਾ ਅਤੇ ਗਰੀਬੀ ਨੂੰ ਦੂਰ ਕਰਨਾ ਹੈ। ਉਨ੍ਹਾਂ ਮਨਰੇਗਾ ਲਈ 5000 ਕਰੋੜ ਰੁਪਏ ਵਾਧੂ ਜਾਰੀ ਕਰ ਕੇ ਐਨ.ਡੀ.ਏ. ਸਰਕਾਰ ਦੇ ਨਿਸ਼ਾਨਿਆਂ ‘ਤੇ ਮੋਹਰ ਲਾਈ ਹੈ। ਇਸ ਦੇ ਨਾਲ ਹੀ ਉਨ੍ਹਾਂ 6 ਕਰੋੜ ਸੌਚਾਲਿਆ ਬਣਾਉਣ ਦਾ ਟੀਚਾ ਰੱਖਿਆ ਹੈ ਜਿਸ ਵਿੱਚ ਪੇਂਡੂ ਖੇਤਰਾਂ ਲਈ 4 ਕਰੋੜ ਅਤੇ ਸ਼ਹਿਰੀ ਖੇਤਰਾਂ ਲਈ 2 ਕਰੋੜ ਸ਼ਾਮਲ ਹਨ।

ਕਾਲੇ ਧਨ ਪ੍ਰਤੀ ਅਪਣਾਈ ਪਹੁੰਚ ਦੀ ਸ਼ਲਾਘਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਵੱਡੀ ਸਜ਼ਾ ਦੇਣ ਦੇ ਫੈਸਲੇ ਨਾਲ ਸਿਸਟਮ ਵਿੱਚ ਸੁਧਾਰ ਆਵੇਗਾ। ਉਨ੍ਹਾਂ ਵੈਲਥ ਟੈਕਸ ਖਤਮ ਕਰਨ ਦੇ ਫੈਸਲੇ ਦੀ ਵੀ ਤਾਰੀਫ ਕੀਤੀ। ਅਮੀਰਾਂ ਲਈ ਦੋ ਫੀਸਦੀ ਸਰਚਾਰਜ ਲਾਉਣ ਦਾ ਫੈਸਲਾ ਵੀ ਸਹੀ ਹੈ।

ਸ੍ਰੀਮਤੀ ਬਾਦਲ ਨੇ ਆਮ ਲੋਕਾਂ ਦੇ ਭਲਾਈ ਲਈ ਲਏ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਰਫ ਇਕ ਰੁਪਏ ਪ੍ਰਤੀ ਮਹੀਨਾ ਪ੍ਰੀਮੀਅਮ ਨਾਲ 2 ਲੱਖ ਰੁਪਏ ਬੀਮਾ ਕਵਰ ਦਾ ਸਿੱਧਾ ਫਾਇਦਾ ਗਰੀਬ ਵਿਅਕਤੀ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਗਰੀਬ ਕਾਮਿਆਂ ਤੋਂ 330 ਰੁਪਏ ਲੈ ਕੇ ਉਨ੍ਹਾਂ ਨੂੰ ਪੈਨਸ਼ਨ ਦੇਣ ਦਾ ਫੈਸਲਾ ਇਕ ਇਤਿਹਾਸਕ ਕਦਮ ਹੈ। ਉਨ੍ਹਾਂ ਬਜਟ ਨੂੰ ਮਹਿਲਾ ਪੱਖੀ ਦੱਸਦਿਆਂ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ ਲਈ ਸਥਾਪਤ ਕੀਤੇ ਨਿਰਭੈ ਫੰਡ ਲਈ 1 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕਰਨਾ ਬਹੁਤ ਵੀ ਵਧੀਆ ਫੈਸਲਾ ਹੈ। ਉਨ੍ਹਾਂ ਕੌਮੀ ਸਕਿੱਲ ਮਿਸ਼ਨ ਬਣਾਉਣ ਦੇ ਨਾਲ ਕੋਲਡ ਚੇਨ ਇਨਫਰਾ ਸਟੱਕਚਰ ਨੂੰ ਟੈਕਸ ਤੋਂ ਛੋਟ ਦੇਣ ਉਤੇ ਵੀ ਵਿੱਤ ਮੰਤਰੀ ਦਾ ਧੰਨਵਾਦ ਕੀਤਾ।

ਸ੍ਰੀਮਤੀ ਬਾਦਲ ਨੇ ਅੰਤ ਵਿੱਚ ਇਤਿਹਾਸਕ ਬਜਟ ਦੀ ਤਾਰੀਫ ਕਰਦਿਆਂ ਇਸ ਨੂੰ 10 ਵਿੱਚੋਂ 11 ਨੰਬਰ ਦਿੱਤੇ।

Facebook Comment
Project by : XtremeStudioz