Close
Menu

ਹਰਸਿਮਰਤ ਬਾਦਲ ਵੱਲੋਂ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ 5 ਲੱਖ ਦੀ ਮੁਆਵਜਾ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ

-- 09 December,2014

*    ਸਿੱਖ ਵਿਰੋਧੀ ਦੰਗਿਆਂ ਦੀ ਰੋਜ਼ਾਨਾ ਸੁਣਵਾਈ ਕਰਵਾ ਕੇ ਛੇਤੀ ਇਨਸਾਫ ਦਵਾਉਣ ਦੀ ਅਪੀਲ

*   ਨਾਂਗੋਲੀ ਮਾਮਲੇ ‘ਚ ਸੱਜਣ ਕੁਮਾਰ ਵਿਰੁੱਧ ਕਾਰਵਾਈ ਦੀ ਮੰਗ

ਚੰਡੀਗੜ੍ਹ, ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇੱਕ ਮਹੀਨਾ ਪਹਿਲਾਂ ਲਏ ਫੈਸਲੇ ਅਨੁਸਾਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ 5 ਲੱਖ ਰੁਪਏ ਹਰੇਕ ਦੀ ਮੁਆਵਜਾ ਰਾਸ਼ੀ ਤੁਰੰਤ ਜਾਰੀ ਕਰੇ।
ਅੱਜ ਇਥੇ ਜਾਰੀ ਇੱਕ ਬਿਆਨ ‘ਚ ਸ੍ਰੀਮਤੀ ਬਾਦਲ ਨੇ ਕਿਹਾ ਕਿ ਉਨ੍ਹਾਂ ਬੀਤੇ 2 ਮਹੀਨਿਆਂ ਦੌਰਾਨ ਤਿੰਨ ਵਾਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਇਸ ਮੁਆਵਜੇ ਨੂੰ ਤੁਰੰਤ ਜਾਰੀ ਕਰਨ ਲਈ ਜ਼ੋਰ ਪਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਇਸ ਮੁਆਵਜੇ ਦਾ ਸਮੁੱਚੇ ਸਿੱਖ ਜਗਤ ਵੱਲੋਂ ਸਵਾਗਤ ਕੀਤਾ ਗਿਆ ਸੀ। ਸ੍ਰੀਮਤੀ ਬਾਦਲ ਨੇ ਕਿਹਾ ਕਿ ਉਨ੍ਹਾਂ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਇਸ ਫੈਸਲੇ ਨੂੰ ਜਲਦ ਤੋਂ ਜਲਦ ਲਾਗੂ ਕਰਨ ਦੇ ਨਾਲ-ਨਾਲ ਇੰਨ੍ਹਾਂ ਸਿੱਖ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਦਿਸ਼ਾ ‘ਚ ਹੋਰ ਕਦਮ ਪੁੱਟਦਿਆਂ ਸਬੰਧਤ ਮਾਮਲਿਆਂ ‘ਤੇ ਕਾਨੂੰਨੀ ਪ੍ਰਕ੍ਰਿਆ ਨੂੰ ਤੇਜ ਕੀਤਾ ਜਾਵੇ।
ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਜਦੋਂ ਜੰਮੂ-ਕਸ਼ਮੀਰ ਅਤੇ ਝਾਰਖੰਡ ‘ਚ ਵੋਟਾਂ ਪੈਣ ਦੀ ਪ੍ਰਕ੍ਰਿਆ ਮੁਕੰਮਲ ਹੋ ਗਈ ਹੈ ਤਾਂ ਕੇਂਦਰ ਵੱਲੋਂ ਐਲਾਨੇ ਇਸ ਮੁਆਵਜੇ ਨੂੰ ਤਰੁੰਤ ਸਿੱਖ ਵਿਰੋਧੀ ਦੰਗਾ ਪੀੜਤਾਂ ਨੂੰ ਮੁਹੱਈਆ ਕਰਨਾ ਚਾਹੀਦਾ ਹੈ ਤਾਂ ਕਿ ਬਾਅਦ ਵਿੱਚ ਦਿੱਲੀ ਚੋਣਾਂ ਦੇ ਐਲਾਨ ਨਾਲ ਇਹ ਮਾਮਲਾ ਹੋਰ ਲੰਬੇ ਸਮੇਂ ਤੱਕ ਨਾ ਲਟਕ ਜਾਵੇ।
ਸ੍ਰੀਮਤੀ ਬਾਦਲ ਨੇ ਇਸ ਤੋਂ ਇਲਾਵਾ ਇਹ ਵੀ ਮੰਗ ਉਠਾਈ ਕਿ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਮਾਮਲਿਆਂ ਦੀ ਰੋਜਾਨਾ ਸੁਣਵਾਈ ਕਰਵਾਕੇ ਪੀੜਤਾਂ ਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰਾਂ ਨੇ ਜਾਣਬੁੱਝ ਕੇ ਇੰਨ੍ਹਾ ਮਾਮਲਿਆਂ ‘ਚ ਅੜਚਨਾ ਖੜੀਆਂ ਕਰਦਿਆਂ 1984 ਦੇ ਮੁੱਖ ਦੰਗਾ ਦੋਸ਼ੀਆਂ ਨੂੰ ਕਾਨੂੰਨ ਤੋਂ ਬਚਾਉਣ ‘ਚ ਰੁੱਝੀਆਂ ਰਹੀਆਂ। ਸ੍ਰੀਮਤੀ ਬਾਦਲ ਨੇ ਇੰਨ੍ਹਾ ਮਾਮਲਿਆਂ ਦੀ ਰੋਜ਼ਾਨਾ ਸੁਣਵਾਈ ਤੋਂ ਇਲਾਵਾ ਨਾਂਗੋਲੀ ਮਾਮਲੇ ‘ਚ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਸ਼ਮੂਲੀਅਤ ਵਿਰੁੱਧ ਵੀ ਕਾਰਵਾਈ ਕਰਨ ਦੀ ਮੰਗ ਕੀਤੀ।
ਸ੍ਰੀਮਤੀ ਬਾਦਲ ਨੇ ਕਿਹਾ ਕਿ 1991 ‘ਚ ਜੈਨ-ਅਗਰਵਾਲ ਕਮੇਟੀ ਦੀਆਂ ਸਿਫਾਰਿਸ਼ਾਂ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਨਾਂਗੋਲੀ ਵਿਖੇ ਸੱਜਣ ਕੁਮਾਰ ਵਿਰੁੱਧ ਐਫ.ਆਈ.ਆਰ ਨੰਬਰ 418ਯ91 ਦਰਜ਼ ਕੀਤੀ ਸੀ ਅਤੇ ਜਾਂਚ ਦੌਰਾਨ ਗਵਾਹਾਂ ਨੇ ਸੱਜਣ ਕੁਮਾਰ ਵੱਲੋਂ ਦੰਗਾਕਾਰੀਆਂ ਨੂੰ ਉਕਸਾਉਣ ਦੇ ਬਿਆਨ ਦਰਜ਼ ਕਰਵਾਏ ਸਨ। ਉਨ੍ਹਾਂ ਕਿਹਾ ਕਿ ਇਸ ਉਪਰੰਤ ਦਿੱਲੀ ਪੁਲਿਸ ਨੇ ਕਾਂਗਰਸ ਸਰਕਾਰ ਦੇ ਦਬਾਅ ਹੇਠ ਸੱਜਣ ਕੁਮਾਰ ਨੂੰ ਕਲੀਨ ਚਿਟ ਦਿੰਦਿਆਂ 1995 ‘ਚ ਹੋਰਨਾਂ ਦੋਸ਼ੀਆਂ ਦੇ ਵਿਰੁੱਧ ਦੋਸ਼ ਪੱਤਰ ਦਾਖਿਲ ਕੀਤੀ ਸੀ। ਸ੍ਰੀਮਤੀ ਬਾਦਲ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਸੱਜਣ ਕੁਮਾਰ ਵਿਰੁੱਧ ਚਾਰ ਸਿੱਖਾਂ ਦੇ ਕਤਲ ਅਤੇ ਦੰਗੇ ਭੜਕਾਉਣ ਦਾ ਦੋਸ਼ ਪੱਤਰ ਤਿਆਰ ਕੀਤਾ ਸੀ ਜਿਸ ‘ਤੇ ਉਸ ਸਮੇਂ ਦੇ ਇੱਕ ਇੰਸਪੈਕਟਰ ਅਤੇ ਏ.ਸੀ.ਪੀ ਦੇ ਵੀ ਹਸਤਾਖਰ ਸਨ। ਇਸ ਦੋਸ਼ ਪੱਤਰ ‘ਚ ਇਹ ਵੀ ਲਿਖਿਆ ਗਿਆ ਸੀ ਕਿ ਸੱਜਣ ਕੁਮਾਰ ਨੂੰ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਕਾਰਨ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਅਤੇ ਅਦਾਲਤ ਉਸ ਨੂੰ ਸੰਮਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਦੋਸ਼ ਪੱਤਰ ਅੱਜ ਤੱਕ ਵੀ ਦਾਇਰ ਨਹੀਂ ਕੀਤਾ ਗਿਆ ਹੈ।
ਹਾਲ ਹੀ ‘ਚ ਹੋਏ ਇੱਕ ਸਟਿੰਗ ਓਪਰੇਸ਼ਨ ਦਾ ਹਵਾਲਾ ਦਿੰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਇਸ ਸਟਿੰਗ ਦੌਰਾਨ ਦਿੱਲੀ ਦੇ ਸੱਭ ਤੋਂ ਵੱਧ ਦੰਗਾ ਪ੍ਰਭਾਵਿਤ ਇਲਾਕਿਆਂ ਦੇ ਉਸ ਸਮੇਂ ਦੇ ਪੁਲਿਸ ਅਧਿਕਾਰੀਆਂ ਨੇ ਇਹ ਮੰਨਿਆ ਹੈ ਕਿ ਉਹ ਉਸ ਸਮੇਂ ਆਪਣਾ ਫਰਜ਼ ਨਹੀਂ ਨਿਭਾ ਸਕੇ ਸਨ। ਉਨ੍ਹਾਂ ਕਿਹਾ ਕਿ ਇਸ ਸਟਿੰਗ ਦੌਰਾਨ ਇਹ ਵੀ ਇੰਕਸ਼ਾਫ ਹੋਇਆ ਕਿ ਪੁਲਿਸ ਨੇ ਉਸ ਸਮੇਂ ਦੀ ਕਾਂਗਰਸ ਸਰਕਾਰ ਨਾਲ ਮਿਲੀਭੁਗਤ ‘ਚ ਦੰਗਾਕਾਰੀਆਂ ਨੂੰ ਸਿੱਖਾਂ ਨੂੰ ਮਾਰਨ, ਜਿੰਦਾ ਸਾੜਨ ਅਤੇ ਲੁੱਟਣ ਦੀ ਪੂਰੀ ਖੁੱਲ੍ਹ ਦਿੱਤੀ ਸੀ। ਸ੍ਰੀਮਤੀ ਬਾਦਲ ਨੇ ਕਿਹਾ ਕਿ ਇਸ ਪੁਲਿਸ-ਕਾਂਗਰਸ ਮਿਲੀਭੁਗਤ ਦੀ ਵੀ ਵੱਖਰੇ ਤੌਰ ‘ਤੇ ਜਾਂਚ ਕਰਕੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ।

Facebook Comment
Project by : XtremeStudioz