Close
Menu

ਹਰਿਆਣਾ ਸਰਕਾਰ ਨੇ ਬਹਾਦਰ ਭੈਣਾਂ ਦਾ ਸਨਮਾਨ ਰੋਕਿਆ

-- 04 December,2014

ਚੰਡੀਗੜ੍ਹ, ਚੱਲਦੀ ਬੱਸ ਵਿੱਚ ਕਥਿਤ ਛੇੜਖਾਨੀ ਕੀਤੇ ਜਾਣ ’ਤੇ ਤਿੰਨ ਨੌਜਵਾਨਾਂ ਨੂੰ ਕੁੱਟਣ ਦੀ ਹਫਤੇ ਤੋਂ ਵੀ ਘੱਟ ਸਮਾਂ ਪਹਿਲਾਂ ਵਾਪਰੀ ਘਟਨਾ ਮਗਰੋਂ ਹਰਿਆਣਾ ਸਰਕਾਰ ਵੱਲੋਂ ਦੋਵੇਂ ਭੈਣਾਂ ਨੂੰ ਸਨਮਾਨਤ ਤੇ ਪੁਰਸਕ੍ਰਿਤ ਕਰਨ ਦਾ ਫੈਸਲਾ ਹਾਲੇ ਰੋਕ ਲਿਆ ਹੈ। ਪਹਿਲਾਂ ਇਸ ਮਾਮਲੇ ਦੀ ਜਾਂਚ ਮੁਕੰਮਲ ਕੀਤੀ ਜਾਏਗੀ, ਇਸ ਦੇ ਨਾਲ ਹੀ ਸਰਕਾਰ ਵੱਲੋਂ ਮੁਅੱਤਲ ਕੀਤੇ ਗਏ ਬੱਸ ਚਾਲਕ ਤੇ ਕੰਡਕਟਰ ਨੂੰ ਬਹਾਲ ਕਰ ਦਿੱਤਾ ਗਿਆ ਹੈ। ਬੱਸ ਵਿੱਚ ਸਵਾਰ ਚਾਰ ਔਰਤਾਂ ਵੱਲੋਂ ਇਹ ਬਿਆਨ ਦੇਣਾ ਕਿ ਮਾਮਲਾ ਛੇੜਛਾੜ ਦਾ ਨਹੀਂ, ਸੀਟ ’ਤੇ ਬੈਠਣ ਦਾ ਵਿਵਾਦ ਸੀ, ਨੇ ਕਈ ਸ਼ੰਕੇ ਖੜੇ ਕਰ ਦਿੱਤੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਦੇ ਵਿਸ਼ੇਸ਼ ਡਿਊੂੂਟੀ ’ਤੇ ਤਾਇਨਾਤ ਅਧਿਕਾਰੀ ਜਵਾਹਰ ਯਾਦਵ ਨੇ ਦੱਸਿਆ ਕਿ ਦੋਵੇਂ ਭੈਣਾਂ ਨੂੰ ਰਾਜ ਸਰਕਾਰ ਨੇ 26 ਜਨਵਰੀ ਨੂੰ ਜੋ ਪੁਰਸਕਾਰ ਦੇ ਕੇ ਸਨਮਾਨਤ ਕਰਨਾ ਸੀ, ਉਹ ਕੇਸ ਦੀ ਜਾਂਚ ਦੇ ਚੱਲਦਿਆਂ ਹਾਲ ਦੀ ਘੜੀ ਰੋਕ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਦੇ ਵੀ ਵਿਰੁੱਧ ਸਬੂਤ ਮਿਲਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਏਗੀ।
ਇਕ ਚਲਦੀ ਬੱਸ ਵਿੱਚ ਤਿੰਨ ਮੁੰਡਿਆਂ ਨੂੰ ਲੜਕੀਆਂ ਵੱਲੋਂ ਕੁੱਟੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਚੈਨਲਾਂ ਨੇ ਉਨ੍ਹਾਂ ਨੂੰ ‘ਬਹਾਦਰ ਕੁੜੀਆਂ’ ਕਹਿ ਕੇ ਵਡਿਆਇਆ ਸੀ। ਹਰਿਆਣਾ ਸਰਕਾਰ ਨੇ ਦੋਵੇਂ ਭੈਣਾਂ ਨੂੰ ਗਣਤੰਤਰ ਦਿਵਸ ’ਤੇ ਸਨਮਾਨਣ ਦਾ ਵੀ ਐਲਾਨ ਕਰ ਦਿੱਤਾ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਸਰਕਾਰੀ ਬਿਆਨ ਵਿੱਚ ਕਿਹਾ ਸੀ ਕਿ ਲੜਕੀਆਂ ਨੇ ਛੇੜਛਾੜ ਕਰਨ ਵਾਲੇ ਲੜਕਿਆਂ ਦੀ ਭੁਗਤ ਸਵਾਰ ਕੇ ਅਥਾਹ ਹੌਸਲੇ ਤੇ ਬਹਾਦਰੀ ਦਾ ਸਬੂਤ ਦਿੱਤਾ ਹੈ। ਹਰਿਆਣਾ ਰੋਡਵੇਜ਼ ਦੀ ਬੱਸ ’ਚ ਇਹ ਘਟਨਾ ਸੋਨੀਪਤ-ਰੋਹਤਕ ਸੜਕ ’ਤੇ ਵਾਪਰੀ ਸੀ।
ਲੜਕੀਆਂ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਤਿੰਨੇ ਲੜਕਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਸੀ। ਇਸ ਘਟਨਾ ਤੋਂ ਫੌਰੀ ਮਗਰੋਂ ਮਹਿਲਾ ਕਾਰਕੁਨਾਂ, ਕੌਮੀ ਮਹਿਲਾ ਕਮਿਸ਼ਨ ਤੇ ਇਥੋਂ ਤੱਕ ਕਿ ਕੇਂਦਰੀ ਮੰਤਰੀ ਉਮਾ ਭਾਰਤੀ ਜਿਹਿਆਂ ਨੇ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਲਈ ਕਿਹਾ ਸੀ ਪਰ ਲੜਕੀਆਂ ਦੇ ਪਿੰਡ ਆਸਨ ਦੀਆਂ ਚਾਰ ਔਰਤਾਂ ਵੱਲੋਂ ਲੜਕਿਆਂ ਨੂੰ ਬੇਕਸੂਰ ਕਹਿਣ ਬਾਰੇ ਹਲਫਨਾਮੇ ਦੇਣ ਮਗਰੋਂ ਕੇਸ ਦਾ ਰੁਖ਼ ਬਦਲ ਗਿਆ ਹੈ। ਔਰਤਾਂ ਦਾ ਕਹਿਣਾ ਸੀ ਕਿ ਲੜਕਿਆਂ ਨੇ ਛੇੜਛਾੜ ਨਹੀਂ ਕੀਤੀ ਸੀ। ਬਿਮਲਾ ਨਾਮ ਦੀ ਇਕ ਔਰਤ ਨੇ ਦਾਅਵਾ ਕੀਤਾ ਸੀ ਕਿ ਇਹ ਲੜਾਈ ਸੀਟ ਨੂੰ ਲੈ ਕੇ ਹੋਈ ਸੀ ਤੇ ਲੜਕਿਆਂ ਨੇ ਲੜਕੀਆਂ ਨੂੰ ਕੁੁਝ ਨਹੀਂ ਕਿਹਾ ਸੀ ਤੇ ਉਲਟਾ ਉਨ੍ਹਾਂ ਤੋਂ ਖਹਿੜਾ ਛੁਡਾਉਣ ਲਈ ਮੁੰਡਿਆਂ ਨੇ ਬੱਸ ’ਚੋਂ ਛਾਲ ਮਾਰੀ ਸੀ। ਅਸਲ ’ਚ ਲੜਕੀਆਂ ਦੀ ਕੁੱਟਮਾਰ ਕਰਦੀਆਂ ਦੀ ਇਕ ਹੋਰ ਵੀਡੀਓ ਵੀ ਆ ਚੁੱਕੀ ਹੈ।
ਜਾਂਚ ਦੇ ਚੱਲਦਿਆਂ ਸਰਕਾਰ ਨੇ ਬੱਸ ਦੇ ਡਰਾਈਵਰ ਬਲਵਾਨ ਸਿੰਘ ਤੇ ਕੰਡਕਟਰ ਲਾਭ ਸਿੰਘ ਨੂੰ ਵੀ ਬਹਾਲ ਕਰ ਦਿੱਤਾ ਹੈ। ਰੋਹਤਕ ਦੇ ਐਸਪੀ ਸ਼ਸ਼ਾਂਕ ਆਨੰਦ ਨੇ ਭਰੋਸਾ ਦਿੱਤਾ ਕਿ ਇਸ ਕੇਸ ਦੀ ਜਾਂਚ ‘‘ਨਿਰਪੱਖ ਤੇ ਨਿਆਂਪੂਰਨ ਢੰਗ ਨਾਲ’’ ਕੀਤੀ ਜਾਏਗੀ।

Facebook Comment
Project by : XtremeStudioz