Close
Menu

ਹਰਿਮੰਦਰ ਸਾਹਿਬ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੀਆਂ ਇਮਾਰਤਾਂ ਹੋਈਆਂ ਕਮਜ਼ੋਰ

-- 02 August,2015

ਸ੍ਰੀ ਆਨੰਦਪੁਰ ਸਾਹਿਬ, ਸਮੁੱਚੀ ਸਿੱਖ ਕੌਮ ਦੀ ਆਸਥਾ ਦੇ ਕੇਂਦਰ ਸ੍ਰੀ ਹਰਮਿੰਦਰ ਸਾਹਿਬ ਦੀ ਇਮਾਰਤ ਅੰਦਰੂਨੀ ਤੌਰ ’ਤੇ ਕਮਜ਼ੋਰ ਹੋ ਗਈ ਹੈ। ਇਸ ਅਸਥਾਨ ਦੀ ਇਮਾਰਤ ਨੂੰ ਮਜ਼ਬੂਤੀ ਪ੍ਰਦਾਨ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ-ਵੱਖ ਪਹਿਲੂਆਂ ’ਤੇ ਵਿਚਾਰ ਕਰ ਰਹੀ ਹੈ। ਮਾਹਿਰਾਂ ਵੱਲੋਂ ਮੁੱਢਲੇ ਤੌਰ ’ਤੇ ਦਿੱਤੀ ਗਈ ਸਲਾਹ ਨੂੰ ਲਾਗੂ ਕਰਨਾ ਸੰਭਵ ਨਹੀਂ ਹੈ। ਇਸ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਸੁਰੱਖਿਅਤ ਰੱਖਣਾ ਸ਼੍ਰੋਮਣੀ ਕਮੇਟੀ ਲਈ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਦੇ ਕਮਜ਼ੋਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ੲਿਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਰ ਵੱਖ-ਵੱਖ ਸੰਸਥਾਵਾਂ ਤੋਂ ਅਧਿਐਨ ਕਰਵਾਇਆ ਸੀ ਅਤੇ ਆਈ.ਆਈ.ਟੀ. ਰੁੜਕੀ ਵੱਲੋਂ ਦਿੱਤੇ ਗਏ ਸੁਝਾਅ ਨੂੰ ਅਮਲੀ ਰੂਪ ਵਿੱਚ ਨੇਪਰੇ ਚਾੜ੍ਹਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਨੂੰ ਮਜ਼ਬੂਤੀ ਪ੍ਰਦਾਨ ਕਰਕੇ 200 ਸਾਲ ਲਈ ਸੁਰੱਖਿਅਤ ਕਰਨ ਦੀ ਸੇਵਾ ਬਾਬਾ ਮਹਿੰਦਾ ਸਿੰਘ ਯੂ.ਕੇ. ਵਾਲਿਆਂ ਨੂੰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਹੀ ਸਮੁੱਚਾ ਡਿਜ਼ਾਈਨ ਤਿਆਰ ਕਰਨ ਲਈ ਕਿਹਾ ਗਿਆ ਹੈ। ਉਸ ਡਿਜ਼ਾਈਨ ਨੂੰ ਅੰਤ੍ਰਿੰਗ ਕਮੇਟੀ ਦੀ ਬੈਠਕ ਵਿੱਚ ਘੋਖਿਆ ਜਾਵੇਗਾ ਅਤੇ ਫਿਰ ਸੇਵਾ ਸ਼ੁਰੂ ਕਰਵਾ ਦਿੱਤੀ ਜਾਵੇਗੀ। ਜਥੇਦਾਰ ਮੱਕੜ ਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਦੀ ਕਾਰ ਸੇਵਾ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੱਥੇ ਹੀ ਹੂਬਹੂ ਆਰਜ਼ੀ ਇਮਾਰਤ ਤਿਆਰ ਕਰਵਾਈ ਜਾਵੇਗੀ, ਜਿੱਥੇ ਦੋ ਮਹੀਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਜਾਵੇਗਾ। ਜਦੋਂ ਤਖ਼ਤ ਸਾਹਿਬ ਦੀ ਇਮਾਰਤ ਦੀ ਕਾਰ ਸੇਵਾ ਮੁਕੰਮਲ ਹੋ ਜਾਵੇਗੀ, ਉਸ ਤੋਂ ਬਾਅਦ ੳੁੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ।
ਸ੍ਰੀ ਹਰਮਿੰਦਰ ਸਾਹਿਬ ਦੀ ਇਮਾਰਤ ਦੇ ਅੰਦਰੂਨੀ ਤੌਰ ’ਤੇ ਕਮਜ਼ੋਰ ਹੋਣ ਬਾਰੇ ਸ਼੍ਰੋਮਣੀ ਕਮੇਟੀ ਦੇ ਸੂਤਰਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਇਸ ਇਤਿਹਾਸਿਕ ਇਮਾਰਤ ਦੀ ਉਸਾਰੀ ਲਈ ਲੱਗੀ ਲੱਕੜ, ਚੂਨਾ ਅਤੇ ਪੁਰਾਣੀਆਂ ਇੱਟਾਂ ਆਦਿ ਨੂੰ ਕੁਝ ਕਾਰਨਾਂ ਕਰਕੇ ਦਿੱਕਤ ਆਉਣੀ ਸ਼ੁਰੂ ਹੋ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵੱਡੀ ਸਮੱਸਿਆ ਸਿਉਂਕ ਦੀ ਹੈ। ਇਹ ਇਮਾਰਤ ਦੇ ਵੱਖ-ਵੱਖ ਹਿੱਸਿਆਂ ਅਤੇ ਇਮਾਰਤ ਦੇ ਨਿਰਮਾਣ ਵਿੱਚ ਵਰਤੇ ਗਏ ਸਮਾਨ ਨੂੰ ਖੋਰਾ ਲਾਉਂਦੀ ਜਾ ਰਹੀ ਹੈ।
ਹਾਲਾਂਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਕਈ ਮਾਹਿਰਾਂ ਨਾਲ ਰਾਬਤਾ ਵੀ ਬਣਾਇਆ ਹੈ ਪਰ ੳੁਨ੍ਹਾਂ ਦੇ ਸੁਝਾਵਾਂ ਅਨੁਸਾਰ ਕੰਮ ਕਰਨਾ ਸੰਭਵ ਨਹੀਂ ਹੈ। ਇਸੇ ਕਾਰਨ ਸ਼੍ਰੋਮਣੀ ਕਮੇਟੀ ਲਈ ਸ੍ਰੀ ਹਰਮਿੰਦਰ ਸਾਹਿਬ ਦੀ ਇਮਾਰਤ ਨੂੰ ਸੁਰੱਖਿਅਤ ਰੱਖਣ ਅਤੇ ਮਰਿਅਾਦਾ ਅਨੁਸਾਰ ਮਜ਼ਬੂਤੀ ਪ੍ਰਦਾਨ ਕਰਨਾ ਚੁਣੌਤੀ ਬਣਿਆ ਹੋਇਆ ਹੈ।

ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਮਜ਼ਬੂਤੀ ਪ੍ਰਦਾਨ ਕਰਨ ਦਾ ਮਾਮਲਾ ਵਿਚਾਰਅਧੀਨ: ਮੱਕੜ

ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ੳੁਹ ਸ੍ਰੀ ਹਰਮਿੰਦਰ ਸਾਹਿਬ ਦੀ ਇਮਾਰਤ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਮਾਮਲੇ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਜਲਦੀ ਹੀ ਯੋਗ ਕਾਰਵਾਈ ਕਰਕੇ ਤਕਨੀਕੀ ਮਾਹਿਰਾਂ ਦੀ ਰਾੲਿ ਨਾਲ ਮਰਿਅਾਦਾ ਵਿੱਚ ਰਹਿ ਕੇ ਢੁਕਵੇਂ ਕਦਮ ਚੁੱਕੇ ਜਾਣਗੇ ਅਤੇ ਸਿੱਖ ਕੌਮ ਦੀ ਆਸਥਾ ਦੇ ਕੇਂਦਰ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।

Facebook Comment
Project by : XtremeStudioz