Close
Menu

ਹਵਾਈ ਸਫਰ ਸਸਤਾ ਕਰਨ ਦੀ ਕੋਸਿ਼ਸ਼ ਕਰ ਰਹੀ ਹੈ ਫੈਡਰਲ ਸਰਕਾਰ : ਗਾਰਨਿਊੂ

-- 04 November,2016

ਓਟਵਾ,  ਫੈਡਰਲ ਸਰਕਾਰ ਹਵਾਈ ਸਫਰ ਨੂੰ ਸਸਤਾ ਕਰਨ ਦੀ ਕੋਸਿ਼ਸ਼ ਕਰ ਰਹੀ ਹੈ। ਕੁੱਝ ਸੁਧਾਰ ਕਰਕੇ ਯਾਤਰੀਆਂ ਲਈ ਸਫਰ ਨੂੰ ਸੁਖਾਲਾ ਬਣਾਇਆ ਜਾਵੇਗਾ ਤੇ ਜਿ਼ਆਦਾ ਤੋਂ ਜਿ਼ਆਦਾ ਏਅਰਲਾਈਨਜ਼ ਵਿੱਚ ਸਿਹਤਮੰਦ ਮੁਕਾਬਲੇ ਨੂੰ ਹੱਲਾਸੇ਼ਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਏਅਰਪੋਰਟ ਦੇ ਸਕਿਊਰਿਟੀ ਚੈੱਕਪੁਆਇੰਟਜ਼ ਉੱਤੇ ਪਛੜੇ ਕੰਮ ਨੂੰ ਖ਼ਤਮ ਕੀਤਾ ਜਾਵੇਗਾ।
ਟਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਓਟਵਾ ਵਿਦੇਸ਼ੀ ਕੰਪਨੀਆਂ ਨੂੰ ਕੈਨੇਡੀਅਨ ਏਅਰਲਾਈਨਜ਼ ਵਿੱਚ ਵੱਡੀ ਹਿੱਸੇਦਾਰੀ ਪਾਉਣ ਦੀ ਇਜਾਜ਼ਤ ਦੇਵੇਗਾ। ਇਸ ਨਾਲ ਕੈਨੇਡੀਅਨਾਂ ਲਈ ਹਵਾਈ ਸਫਰ ਸਸਤਾ ਹੋ ਜਾਵੇਗਾ।
ਵਿਦੇਸ਼ੀ ਕੰਪਨੀਆਂ ਕਿਸੇ ਵੀ ਕੈਨੇਡੀਅਨ ਏਅਰਲਾਈਨ ਵਿੱਚ 49 ਫੀ ਸਦੀ ਹਿੱਸੇਦਾਰੀ ਹਾਸਲ ਕਰਨ ਦੇ ਸਮਰੱਥ ਹੋ ਸਕਣਗੀਆਂ। ਇਸ ਸਮੇਂ ਵਿਦੇਸ਼ੀ ਕੰਪਨੀਆਂ ਕੈਨੇਡੀਅਨ ਏਅਰਲਾਈਨਜ਼ ਵਿੱਚ ਸਿਰਫ 25 ਫੀ ਸਦੀ ਹਿੱਸੇਦਾਰੀ ਹੀ ਹਾਸਲ ਕਰ ਸਕਦੀਆਂ ਹਨ। ਗਾਰਨਿਊ ਨੇ ਆਖਿਆ ਕਿ ਅਸੀਂ ਕੈਨੇਡਾ ਦੀ ਪੈਸੈਂਜਰ ਏਅਰਲਾਈਨ ਇੰਡਸਟਰੀ ਵਿੱਚ ਮਲਕੀਅਤ ਸਬੰਧੀ ਨਿਯਮਾਂ ਵਿੱਚ ਤਬਦੀਲੀ ਕਰਕੇ ਘੱਟ ਭਾੜੇ ਸਬੰਧੀ ਸ਼ਰਤ ਰੱਖਕੇ ਮੁਕਾਬਲੇਬਾਜ਼ੀ ਵਿੱਚ ਵਾਧਾ ਕਰਾਂਗੇ।
ਇਸ ਨਾਲ ਕੈਨੇਡੀਅਨਾਂ ਕੋਲ ਸਫਰ ਦੇ ਬਿਹਤਰ ਬਦਲ ਮੌਜੂਦ ਹੋਣਗੇ ਤੇ ਕੈਨੇਡਾ ਵਿੱਚ ਸਸਤੀਆਂ ਤੇ ਨਵੀਆਂ ਏਅਰਲਾਈਨਜ਼ ਵਿੱਚ ਮੁਕਾਬਲਾ ਵਧੇਗਾ। ਉਨ੍ਹਾਂ ਦੱਸਿਆ ਕਿ ਅਜੇ ਓਟਵਾ ਇਨ੍ਹਾਂ ਤਬਦੀਲੀਆਂ ਨੂੰ ਲਿਆਉਣ ਲਈ ਨਵੀਆਂ ਵਿਧਾਨਕ ਬਾਰੀਕੀਆਂ ਉੱਤੇ ਕੰਮ ਕਰ ਰਿਹਾ ਹੈ। ਜਿ਼ਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਕੈਨੇਡੀਅਨ ਟਰਾਂਸਪੋਰਟੇਸ਼ਨ ਐਕਟ ਦੇ ਕੀਤੇ ਗਏ ਮੁਲਾਂਕਣ ਵਿੱਚ ਵਿਦੇਸ਼ੀ ਨਿਵੇਸ਼ ਨੂੰ 49 ਫੀ ਸਦੀ ਤੱਕ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਸੀ।
ਗਾਰਨਿਊ ਨੇ ਆਖਿਆ ਕਿ ਏਅਰਪੋਰਟਸ ਉੱਤੇ ਸਕਿਊਰਿਟੀ ਜਾਂਚ ਲਈ ਯਾਤਰੀਆਂ ਦੀਆਂ ਲੱਗਣ ਵਾਲੀਆਂ ਲੰਮੀਆਂ ਲਾਈਨਾਂ ਵੀ ਵੱਡੀ ਸਮੱਸਿਆ ਬਣੀਆਂ ਹੋਈਆਂ ਹਨ। ਯਾਤਰੀਆਂ ਦੀ ਗਿਣਤੀ ਵਿੱਚ ਵਾਧਾ ਹੋਣ ਕਾਰਨ ਏਅਰਪੋਰਟ ਸਕਿਊਰਿਟੀ ਦੀ ਜਿੰ਼ਮੇਵਾਰੀ ਨਿਭਾਉਣ ਵਾਲੀ ਕੈਨੇਡੀਅਨ ਏਅਰ ਟਰਾਂਸਪੋਰਟ ਸਕਿਊਰਿਟੀ ਅਥਾਰਟੀ ਨੂੰ ਇਸ ਸਮੱਸਿਆ ਨਾਲ ਸਿੱਝਣਾ ਮੁਸ਼ਕਲ ਹੋਇਆ ਪਿਆ ਹੈ। ਇੱਕ ਨੁਕਤਾ ਇਹ ਵੀ ਹੈ ਕਿ ਫੈਡਰਲ ਸਰਕਾਰ ਤੋਂ ਇਸ ਸਬੰਧ ਵਿੱਚ ਅਥਾਰਟੀ ਨੂੰ ਹਾਸਲ ਹੋਣ ਵਾਲੇ ਫੰਡ ਵੀ ਪੂਰੇ ਨਹੀਂ ਪੈਂਦੇ। ਗਾਰਨਿਊ ਨੇ ਮੰਨਿਆ ਕਿ ਕੌਮਾਂਤਰੀ ਏਅਰਪੋਰਟਸ ਮਾਪਦੰਡਾਂ ਦੇ ਮੁਤਾਬਕ ਇਸ ਮਾਮਲੇ ਵਿੱਚ ਕੈਨੇਡਾ ਪਿੱਛੇ ਚੱਲ ਰਿਹਾ ਹੇ। ਉਨ੍ਹਾਂ ਲੰਡਨ ਦੇ ਹੀਥਰੋਅ ਏਅਰਪੋਰਟ ਦੀ ਉਦਾਹਰਨ ਦਿੰਦਿਆਂ ਆਖਿਆ ਕਿ ਉੱਥੇ ਯਾਤਰੀ ਦਸ ਮਿੰਟ ਵਿੱਚ ਸਕਿਊਰਿਟੀ ਜਾਂਚ ਕਰਵਾ ਕੇ ਅੱਗੇ ਵੱਧ ਜਾਂਦੇ ਹਨ। ਪਰ ਸਾਡੇ ਇੱਥੇ ਕੈਨੇਡੀਅਨਾਂ ਨੂੰ ਲੰਮਾਂ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਪਾਸੇ ਹੋਰ ਬਿਹਤਰ ਕੰਮ ਕੀਤੇ ਜਾਣ ਦੀ ਗੁੰਜਾਇਸ਼ ਹੈ।
ਇਸ ਤੋਂ ਇਲਾਵਾ ਗਾਰਨਿਊ ਨੇ ਯਾਤਰੀਆਂ ਨੂੰ ਕੈਨੇਡਾ ਦੇ ਅੰਦਰ ਹੀ ਸਫਰ ਕਰਨ ਲਈ ਚੁਕਾਉਣੀ ਪੈ ਰਹੀ ਵੱਧ ਕੀਮਤ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਹਵਾਈ ਸਫਰ ਸਸਤਾ ਕਰਨ ਦਾ ਭਰੋਸਾ ਵੀ ਦਿਵਾਇਆ।

Facebook Comment
Project by : XtremeStudioz