Close
Menu

ਹਵਾਈ ਹਮਲੇ ਮਗਰੋਂ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ

-- 27 February,2019

ਸ੍ਰੀਨਗਰ, 27 ਫਰਵਰੀ
ਭਾਰਤੀ ਹਵਾਈ ਸੈਨਾ ਵਲੋਂ ਜੈਸ਼-ਏ-ਮੁਹੰਮਦ ਦੇ ਪਾਕਿਸਤਾਨ ਵਿਚਲੇ ਅਤਿਵਾਦੀ ਕੈਂਪ ’ਤੇ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅੱਜ ਸੂਬੇ ਦੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਅਫ਼ਵਾਹਾਂ ’ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਹੈ।
ਪੁਲਵਾਮਾ ਹਮਲੇ ਤੋਂ ਬਾਅਦ ਦੋਹਾਂ ਮੁਲਕਾਂ ਵਿਚਾਲੇ ਵਧੇ ਤਣਾਅ ਦੇ ਮੱਦੇਨਜ਼ਰ ਸ੍ਰੀਨਗਰ ਅਤੇ ਹੋਰ ਮੁੱਖ ਕਸਬਿਆਂ ਦੇ ਲੋਕ ਅੱਜ ਦੇ ਤਾਜ਼ਾ ਘਟਨਾਕ੍ਰਮ ਬਾਰੇ ਚਰਚਾਵਾਂ ਕਰਦੇ ਰਹੇ। ਇਲਾਕੇ ਦੇ ਬਜ਼ੁਰਗ ਅਬਦੁਲ ਗਨੀ ਡਾਰ, ਜਿਸਨੇ ਦੋਹਾਂ ਮੁਲਕਾਂ ਵਿਚਾਲੇ ਜੰਗ ਅੱਖੀਂ ਦੇਖੀ ਹੈ, ਨੇ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਇਹ ਸਭ ਇੱਥੇ ਹੀ ਮੁੱਕ ਜਾਵੇਗਾ ਅਤੇ ਇਸ ਵਿਚ ਹੋਰ ਵਾਧਾ ਨਹੀਂ ਹੋਵੇਗਾ। ਜੇਕਰ ਇਹ ਮੁੱਦਾ ਹੋਰ ਭਖਦਾ ਹੈ ਤਾਂ ਕੰਟਰੋਲ ਰੇਖਾ ਦੇ ਦੋਵੇਂ ਪਾਸੀਂ ਸਭ ਤੋਂ ਵੱਧ ਨੁਕਸਾਨ ਆਮ ਲੋਕਾਂ ਦਾ ਹੋਵੇਗਾ।’’
ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਸਣੇ ਬਹੁਤ ਸਾਰੇ ਨਾਗਰਿਕਾਂ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਦੋਵਾਂ ਪਰਮਾਣੂ ਸ਼ਕਤੀਆਂ ਵਿਚਾਲੇ ਤਣਾਅ ਹੋਰ ਵਧਣ ਦੇ ਖ਼ਦਸ਼ੇ ਪ੍ਰਗਟਾਏ ਹਨ। ਅਬਦੁੱਲਾ ਨੇ ਆਪਣੇ ਟਵਿੱਟਰ ’ਤੇ ਲਿਖਿਆ, ‘‘ਇਹ ਸਮੱਸਿਆ ਹੁਣ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਆਪਣੇ ਦੇਸ਼ ਲਈ ਪ੍ਰਤੀਬੱਧਤਾ ਬਣ ਗਈ ਹੈ- ‘ਪਾਕਿਸਤਾਨ ਹੁਣ ਜਵਾਬੀ ਕਾਰਵਾਈ ਬਾਰੇ ਸੋਚੇਗਾ ਨਹੀਂ, ਬਲਕਿ ਜਵਾਬੀ ਕਰਵਾਈ ਕਰੇਗਾ।’ ਜਵਾਬੀ ਕਾਰਵਾਈ ਕੀ ਹੋਵੇਗੀ? ਇਹ ਕਿੱਥੇ ਹੋਵੇਗੀ? ਕੀ ਭਾਰਤ ਨੂੰ ਪਾਕਿਸਤਾਨ ਦੀ ਜਵਾਬੀ ਕਾਰਵਾਈ ਦਾ ਜਵਾਬ ਦੇਣਾ ਚਾਹੀਦਾ ਹੈ?’’
ਇਸੇ ਦੌਰਾਨ ਮੁੱਖ ਸਕੱਤਰ ਬੀਵੀਆਰ ਸੁਬਰਾਮਨੀਅਮ ਨੇ ਅੱਜ ਲੋਕਾਂ ਨੂੰ ਤਣਾਅ ਮੁਕਤ ਰਹਿਣ ਅਤੇ ਆਪਣੇ ਰੋਜ਼ਮਰ੍ਹਾ ਦੇ ਕੰਮ ਆਮ ਵਾਂਗ ਕਰਨ ਲਈ ਆਖਿਆ ਹੈ। ਉਨ੍ਹਾਂ ਹਵਾਈ ਹਮਲੇ ਦਾ ਜ਼ਿਕਰ ਕੀਤੇ ਬਗੈਰ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੀ ਸੁਰੱਖਿਆ ਸਬੰਧੀ ਜੇਕਰ ਕੁਝ ਵੀ ਦੱਸਣਾ ਹੋਵੇਗਾ ਤਾਂ ਸਰਕਾਰ ਸਿੱਧਾ ਮੀਡੀਆ ਰਾਹੀਂ ਜਾਣਕਾਰੀ ਦੇਵੇਗੀ। ਉਨ੍ਹਾਂ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਵੱਟਸਐਪ ਤੇ ਹੋਰ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਅਫਵਾਹਾਂ ਵਿਚ ਯਕੀਨ ਨਾ ਕਰਨ ਲਈ ਕਿਹਾ ਹੈ।

Facebook Comment
Project by : XtremeStudioz