Close
Menu

ਹਾਂ ਪੱਖੀ ਰਿਪੋਰਟ ਆਉਣ ਨਾਲ ਕੈਨੇਡਾ ਦਾ ਪਾਈਪਲਾਈਨ ਪ੍ਰੋਜੈਕਟ ਦੇ ਰਾਹ ਦਾ ਵੱਡਾ ਅੜਿੱਕਾ ਖ਼ਤਮ

-- 01 February,2014

imageਓਨਟਾਰੀਓ, 1 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)- ਵਿਵਾਦਗ੍ਰਸਤ ਕੀਸਟੋਨ ਐਕਸਐਲ ਪਾਈਪਲਾਈਨ ਦੇ ਸਬੰਧ ਵਿੱਚ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਬਹੁਤਾ ਇਤਰਾਜ਼ ਨਾ ਪ੍ਰਗਟਾਏ ਜਾਣ ਮਗਰੋਂ ਇਸ ਪ੍ਰੋਜੈਕਟ ਦੇ ਰਾਹ ਦਾ ਵੱਡਾ ਅੜਿੱਕਾ ਖ਼ਤਮ ਹੋ ਗਿਆ ਹੈ। ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਤੋਂ ਬਾਅਦ 7 ਬਿਲੀਅਨ ਡਾਲਰ ਦੀ ਲਾਗਤ ਨਾਲ ਵਿਛਾਈ ਜਾਣ ਵਾਲੀ ਇਸ ਪਾਈਪਲਾਈਨ ਦਾ ਮਾਮਲਾ ਇੱਕ ਕਦਮ ਹੋਰ ਅੱਗੇ ਵੱਧ ਗਿਆ ਹੈ। ਪਰ ਅਜੇ ਵੀ ਇਸ ਮਾਮਲੇ ਵਿੱਚ ਆਖਰੀ ਫੈਸਲਾ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਹੀ ਲਿਆ ਜਾਵੇਗਾ। ਵਿਦੇਸ਼ ਵਿਭਾਗ ਵੱਲੋਂ ਓਬਾਮਾ ਨੂੰ ਸਿਫਾਰਿਸ਼ ਕੀਤੇ ਜਾਣ ਤੋਂ ਪਹਿਲਾਂ ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਤੇ ਹੋਰਨਾਂ ਵਿਭਾਗਾਂ ਕੋਲ ਇਤਰਾਜ਼ ਪ੍ਰਗਟਾਉਣ ਲਈ 90 ਦਿਨਾਂ ਦਾ ਸਮਾਂ ਹੈ। ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਭਾਵੇਂ ਪਾਈਪਲਾਈਨ ਦਾ ਨਿਰਮਾਣ ਹੋਵੇ ਜਾਂ ਨਾ ਪਰ ਅਲਬਰਟਾ ਦੇ ਆਇਲਸੈਂਡਜ਼ ਦੇ ਵਿਕਾਸ ਦਾ ਕ੍ਰਮ ਤਾਂ ਜਾਰੀ ਹੀ ਰਹੇਗਾ। ਕੈਨੇਡਾ ਦੇ ਕੁਦਰਤੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਜੋਈ ਓਲੀਵਰ ਨੇ ਆਖਿਆ ਕਿ ਉਹ ਇਨ੍ਹਾਂ ਲੱਭਤਾਂ ਤੋਂ ਕਾਫੀ ਉਤਸਾਹਿਤ ਹਨ। ਉਨ੍ਹਾਂ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਕੀਸਟੋਨ ਐਕਸਐਲ ਦੇ ਵਾਤਾਵਰਣ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਇਹ ਪੰਜਵੀਂ ਵਾਰੀ ਫੈਡਰਲ ਅਧਿਐਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੀਤੇ ਗਏ ਸਾਰੇ ਅਧਿਐਨਾਂ ਤੋਂ ਇਹੋ ਸਾਹਮਣੇ ਆਇਆ ਸੀ ਕਿ ਕੀਸਟੋਨ ਐਕਸਐਲ ਦੇ ਨਿਰਮਾਣ ਨਾਲ ਵਾਤਾਵਰਣ ਉੱਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਅੱਜ ਵਾਲੀ ਰਿਪੋਰਟ ਤੋਂ ਇੱਕ ਵਾਰੀ ਫਿਰ ਇਹ ਸਿੱਧ ਹੋ ਗਿਆ ਹੈ ਕਿ ਗ੍ਰੀਨਹਾਊਸ ਗੈਸਾਂ ਉੱਤੇ ਵੀ ਇਸ ਪ੍ਰੋਜੈਕਟ ਦਾ ਕੋਈ ਪ੍ਰਭਾਵ ਨਹੀਂ ਪਵੇਗਾ।

Facebook Comment
Project by : XtremeStudioz