Close
Menu

ਹਾਈ ਕੋਰਟ ਨੇ ਅਸਥਾਨਾ ਖ਼ਿਲਾਫ਼ ਕਾਰਵਾਈ ’ਤੇ ਰੋਕ ਵਧਾਈ

-- 30 October,2018

ਨਵੀਂ ਦਿੱਲੀ, ਦਿੱਲੀ ਹਾਈ ਕੋਰਟ ਨੇ ਅੱਜ ਸੀਬੀਆਈ ਨੂੰ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਖਿਲਾਫ਼ ਫ਼ੌਜਦਾਰੀ ਕਾਰਵਾਈ ’ਤੇ 1 ਨਵੰਬਰ ਤੱਕ ਸਥਿਤੀ ‘ਜਿਉਂ ਦੀ ਤਿਉਂ’ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਦੇ ਜੱਜ ਨਜਮੀ ਵਜ਼ੀਰੀ ਨੇ ਸੀਬੀਆਈ ਤੋਂ ਇਹ ਵੀ ਪੁੱਛਿਆ ਕਿ ਅਸਥਾਨਾ ਅਤੇ ਡੀਐਸਪੀ ਦਵਿੰਦਰ ਕੁਮਾਰ ਜੋ 23 ਅਕਤੂਬਰ ਤੋਂ ਸੀਬੀਆਈ ਦੀ ਹਿਰਾਸਤ ਵਿੱਚ ਹੈ, ਦੀਆਂ ਪਟੀਸ਼ਨਾਂ ’ਤੇ ਹਾਲੇ ਤੱਕ ਜਵਾਬ ਕਿਉਂ ਨਹੀਂ ਦਿੱਤਾ ਗਿਆ। ਹਾਈ ਕੋਰਟ ਨੇ ਲੰਘੀ 23 ਅਕਤੂਬਰ ਨੂੰ ਸੀਬੀਆਈ ਤੋਂ ਸੋਮਵਾਰ ਤੱਕ ਜਵਾਬ ਮੰਗਿਆ ਸੀ। ਇਸ ’ਤੇ ਸੀਬੀਆਈ ਦੇ ਵਿਸ਼ੇਸ਼ ਇਸਤਗਾਸਾ ਕੇ ਰਾਘਵਾਚਾਰਯੁਲੂ ਨੇ ਜਵਾਬ ਦੇਣ ਲਈ ਥੋੜ੍ਹਾ ਹੋਰ ਵਕਤ ਮੰਗਿਆ। ਅਸਥਾਨਾ ਨੇ ਸੀਬੀਆਈ ਵੱਲੋਂ ਉਸ ਦੇ ਖਿਲਾਫ਼ ਦਰਜ ਕੀਤੇ ਭ੍ਰਿਸ਼ਟਾਚਾਰ ਦਾ ਕੇਸ ਰੱਦ ਕਰਾਉਣ ਲਈ ਪਟੀਸ਼ਨ ਦਾਇਰ ਕੀਤੀ ਹੈ। ਹਾਈ ਕੋਰਟ ਵੱਲੋਂ ਅਸਥਾਨਾ, ਕੁਮਾਰ ਅਤੇ ਵਿਚੋਲੇ ਮਨੋਜ ਪ੍ਰਸ਼ਾਦ ਦੀਆਂਂ ਵੱਖੋ-ਵੱਖਰੀਆਂ ਅਪੀਲਾਂ ’ਤੇ ਸੁਣਵਾਈ ਕੀਤੀ ਜਾ ਰਹੀ ਹੈ। ਦਵਿੰਦਰ ਕੁਮਾਰ ਦਾ ਸੱਤ ਰੋਜ਼ਾ ਰਿਮਾਂਡ ਭਲਕੇ ਪੂਰਾ ਹੋ ਰਿਹਾ ਹੈ ਤੇ ਉਸ ਨੇ ਅੱਜ ਜ਼ਮਾਨਤ ਲਈ ਹੇਠਲੀ ਅਦਾਲਤ ਵਿਚ ਅਰਜ਼ੀ ਦਾਖ਼ਲ ਕਰ ਦਿੱਤੀ ਹੈ ਜਿਸ ਉਪਰ ਭਲਕੇ ਸੁਣਵਾਈ ਹੋਣ ਦੇ ਆਸਾਰ ਹਨ।
ਜਸਟਿਸ ਵਜ਼ੀਰੀ ਨੇ ਕਿਹਾ ਕਿ ਅਸਥਾਨਾ ਤੇ ਕੁਮਾਰ ਸਰਕਾਰੀ ਕਰਮੀ ਹਨ ਜਦਕਿ ਪ੍ਰਸ਼ਾਦ ਇਕ ਪ੍ਰਾਈਵੇਟ ਵਿਅਕਤੀ ਹੈ ਜਿਸ ਕਰ ਕੇ ਸੀਬੀਆਈ ਨੂੰ ਇਕ ਪ੍ਰਾਈਵੇਟ ਵਿਅਕਤੀ ਖਿਲਾਫ਼ ਜਾਂਚ ਕਰਨ ਤੋਂ ਕੋਈ ਨਹੀਂ ਰੋਕ ਰਿਹਾ। ਇਸ ਮਾਮਲੇ ’ਤੇ ਅਦਾਲਤ ਦੀ ਸੁਣਵਾਈ ਭਲਕੇ ਵੀ ਜਾਰੀ ਰਹੇਗੀ। ਸੀਬੀਆਈ ਦੇ ਵਕੀਲ ਨੇ ਸੁਣਵਾਈ ਸ਼ੁਰੂ ਹੋਣ ਸਾਰ ਸੁਪਰੀਮ ਕੋਰਟ ਵੱਲੋਂ ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਖਿਲਾਫ਼ ਦੋ ਹਫ਼ਤਿਆਂ ਵਿਚ ਸੀਵੀਸੀ ਨੂੰ ਜਾਂਚ ਪੂਰੀ ਕਰਨ ਬਾਰੇ ਦਿੱਤੇ ਹੁਕਮ ਸਾਹਮਣੇ ਰੱਖੇ ਪਰ ਹਾਈ ਕੋਰਟ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ਨਾਲ ਸਬੰਧਤ ਕੋਈ ਮਾਮਲਾ ਉਸ ਦੇ ਜ਼ੇਰੇ-ਗੌਰ ਨਹੀਂ ਹੈ।
ਸੀਬੀਆਈ ਦੇ ਸੰਮਨਾਂ ’ਤੇ ਰੋਕ ਲਾਉਣ ਲਈ ਸਾਨਾ ਸੁਪਰੀਮ ਕੋਰਟ ਪੁੱਜਿਆ: ਇਸ ਦੌਰਾਨ, ਹੈਦਰਾਬਾਦ ਵਾਸੀ ਕਾਰੋਬਾਰੀ ਸਤੀਸ਼ ਸਾਨਾ ਜਿਸ ਦੀ ਸ਼ਿਕਾਇਤ ਦੇ ਆਧਾਰ ’ਤੇ ਰਾਕੇਸ ਅਸਥਾਨਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ, ਨੇ ਅੱਜ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰ ਕੇ ਜਾਂਚ ਏਜੰਸੀ ਵੱਲੋਂ ਉਸ ਨੂੰ ਪੁੱਛ-ਪੜਤਾਲ ਲਈ ਜਾਰੀ ਕੀਤੇ ਸੰਮਨਾਂ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਅਸਥਾਨਾ ਖਿਲਾਫ਼ ਜਾਂਚ ਪੂਰੀ ਹੋਣ ਤੱਕ ਆਪਣੇ ਲਈ ਸੁਰੱਖਿਆ ਦੀ ਮੰਗ ਕੀਤੀ ਹੈ।

Facebook Comment
Project by : XtremeStudioz