Close
Menu

ਹਾਈ ਕੋਰਟ ਵੱਲੋਂ ਦਿਵਿਆ ਸੰਸਥਾਨ ਦੀ ਅਰਜ਼ੀ ’ਤੇ ਸੁਣਵਾਈ ਮੁਲਤਵੀ

-- 11 December,2014

ਚੰਡੀਗੜ੍ਹ, ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂੰ ਫਰੀਜ਼ਰ ’ਚ ਲਾ ਕੇ ਰੱਖੇ ਆਪਣੇ ਮੁਖੀ ਆਸ਼ੂਤੋਸ਼ ਮਹਾਰਾਜ ਦੇ ਸਸਕਾਰ ਬਾਰੇ ਕੋਈ ਰਾਹਤ ਨਾ ਮਿਲ ਸਕੀ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਸ ਦੀ ਅਰਜ਼ੀ ’ਤੇ ਸੁਣਵਾਈ ਸੋਮਵਾਰ ਤੱਕ ਟਾਲ ਦਿੱਤੀ ਹੈ।
ਇਸ ਕੇਸ ’ਤੇ ਹੁਣ ਹਾਈ ਕੋਰਟ ਦੇ ਪਹਿਲੇ ਹੁਕਮਾਂ ’ਤੇ ਅਮਲ ਕਰਨ ਮੁਤੱਲਕ ਪੰਜਾਬ ਸਰਕਾਰ ਵੱਲੋਂ ਚੁੱਕੇ ਕਦਮਾਂ ਸਬੰਧੀ ਰਿਪੋਰਟ ਦੇ ਨਾਲ ਹੀ ਸੁਣਵਾਈ ਹੋਣ ਦੇ ਆਸਾਰ ਹਨ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਰਾਜ ਮੋਹਨ ਸਿੰਘ ਦੇ ਬੈਂਚ ਵੱਲੋਂ ਉਸੇ ਦਿਨ ਦਿਲੀਪ ਕੁਮਾਰ ਝਾਅ ਦੀ ਪਟੀਸ਼ਨ ’ਤੇ ਵੀ ਸੁਣਵਾਈ ਕੀਤੀ ਜਾਵੇਗੀ। ਆਸ਼ੂਤੋਸ਼ ਦਾ ਸਸਕਾਰ ਕਰਨ ਬਾਰੇ ਸਮਾਂ ਸੀਮਾ 17 ਦਸੰਬਰ ਨੂੰ ਪੂਰੀ ਹੋ ਰਹੀ ਹੈ। ਜਸਟਿਸ ਐਮ. ਐਮ. ਐਸ. ਬੇਦੀ ਨੇ 1 ਦਸੰਬਰ ਨੂੰ ਦਿੱਤੇ ਆਪਣੇ ਫੈਸਲੇ ਵਿੱਚ ਮ੍ਰਿਤਕ ਦੇਹ ਦਾ 15 ਦਿਨਾਂ ਦੇ ਅੰਦਰ-ਅੰਦਰ ਸਸਕਾਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਸਬੰਧੀ ਜਲੰਧਰ ਦੇ ਜ਼ਿਲ੍ਹਾ ਮੈਜਿਸਟਰੇਟ, ਐਸ.ਐਸ.ਪੀ., ਨਗਰ ਨਿਗਮ ਦੇ ਕਮਿਸ਼ਨਰ, ਚੀਫ ਮੈਡੀਕਲ ਅਫਸਰ ਅਤੇ ਐਸਡੀਐਮ ’ਤੇ ਆਧਾਰਤ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਅਦਾਲਤ ਦੇ ਹੁਕਮ 3 ਦਸੰਬਰ ਨੂੰ ਪ੍ਰਾਪਤ ਹੋਏ ਸਨ। ਜਸਟਿਸ ਬੇਦੀ ਨੇ ਇਹ ਵੀ ਸ਼ਪਸਟ ਕੀਤਾ ਸੀ ਕਿ ਆਸ਼ੂਤੋਸ਼ ਮਹਾਰਾਜ ਮਰ ਚੁੱਕਿਆ ਹੈ ਅਤੇ ਉਨ੍ਹਾਂ ਸੰਸਥਾਨ ਦੇ ਪੈਰੋਕਾਰਾਂ ਵੱਲੋਂ ਮ੍ਰਿਤਕ ਦੇਹ ਨੂੰ ਇਸ ਆਧਾਰ ’ਤੇ ਅਣਮਿੱਥੇ ਸਮੇਂ ਲਈ ਰੱਖਣ ਦਾ ਦਾਅਵਾ ਰੱਦ ਕਰ ਦਿੱਤਾ ਸੀ ਕਿ ਆਸ਼ੂਤੋਸ਼ ਸਮਾਧੀ ’ਚ ਹੈ।

Facebook Comment
Project by : XtremeStudioz