Close
Menu

ਹਾਕੀ: ਭਾਰਤ ਨੇ ਮਲੇਸ਼ੀਆ ਨੂੰ 2-1 ਗੋਲਾਂ ਨਾਲ ਹਰਾਇਆ

-- 11 April,2018

ਗੋਲਡ ਕੋਸਟ, 11 ਅਪਰੈਲ
ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਪੂਲ ਬੀ ਮੈਚ ਵਿੱਚ ਮਲੇਸ਼ੀਆ ਦੀ ਸਖ਼ਤ ਚੁਣੌਤੀ ਨੂੰ 2-1 ਨਾਲ ਪਛਾੜਦਿਆਂ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਕਪਤਾਨ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਭਾਰਤੀ ਪੁਰਸ਼ ਟੀਮ ਨੇ ਕੁਆਰਟਰ ਫਾਈਨਲ ਮੈਚ ਵਿੱਚ ਚੰਗੀ ਸ਼ੁਰੂਆਤ ਕੀਤੀ ਅਤੇ ਹਰਮਨਪ੍ਰੀਤ ਸਿੰਘ ਨੇ ਤੀਜੇ ਅਤੇ 44ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਦਾ ਫ਼ਾਇਦਾ ਉਠਾਉਂਦਿਆਂ ਦੋ ਗੋਲ ਕੀਤੇ। ਹਾਲਾਂਕਿ ਮਲੇਸ਼ੀਆ ਲਈ ਫ਼ੈਜ਼ਲ ਸਾਰੀ ਨੇ 16ਵੇਂ ਮਿੰਟ ਵਿੱਚ ਗੋਲ ਕਰਕੇ ਹਾਰ ਦੇ ਫ਼ਰਕ ਨੂੰ ਘਟਾਉਣ ਦਾ ਯਤਨ ਕੀਤਾ।  ਭਾਰਤ ਦਾ ਪੂਲ ਬੀ ਵਿੱਚ ਅਗਲਾ ਮੁਕਾਬਲਾ ਇੰਗਲੈਂਡ ਨਾਲ ਹੋਣਾ ਹੈ। ਇਸ ਨਾਲ ਇਹ ਤੈਅ ਹੋਵੇਗਾ ਕਿ ਉਹ ਪੂਲ ਵਿੱਚ ਪਹਿਲੇ ਸਥਾਨ ’ਤੇ ਰਹੇਗਾ ਜਾਂ ਦੂਜੇ ’ਤੇ। ਇਸ ਜਿੱਤ ਮਗਰੋਂ ਭਾਰਤ ਇਸ ਵੇਲੇ ਤਿੰਨ ਮੈਚਾਂ ਵਿੱਚ ਸੱਤ ਅੰਕ ਲੈ ਕੇ ਚੋਟੀ ’ਤੇ ਚੱਲ ਰਿਹਾ ਹੈ। ਦੋਵੇਂ ਗਰੁੱਪਾਂ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਨੂੰ ਸੈਮੀ ਫਾਈਨਲ ਵਿੱਚ ਥਾਂ ਮਿਲੇਗੀ। ਭਾਰਤ ਨੇ ਆਪਣਾ ਸ਼ੁਰੂਆਤੀ ਮੈਚ ਪਾਕਿਸਤਾਨ ਖ਼ਿਲਾਫ਼ 2-2 ਨਾਲ ਡਰਾਅ ਖੇਡਿਆ ਸੀ, ਪਰ ਇਸ ਮਗਰੋਂ ਉਸ ਨੇ ਗ਼ਲਤੀ ਨਹੀਂ ਕੀਤੀ ਅਤੇ ਸਾਬਕਾ ਓਲੰਪਿਕ ਚੈਂਪੀਅਨ ਵੇਲਜ਼ ਨੂੰ 4-3 ਨਾਲ ਹਰਾ ਦਿੱਤਾ। ਮਲੇਸ਼ੀਆ ਖ਼ਿਲਾਫ ਮੈਚ ਵਿੱਚ ਵੀ ਟੀਮ ਨੇ ਹਮਲਾਵਰ ਰੁਖ਼ ਨਾਲ ਸ਼ੁਰੂਆਤ ਕੀਤੀ ਅਤੇ ਹਰਮਨਪ੍ਰੀਤ ਨੇ ਤੀਜੇ ਮਿੰਟ ਵਿੱਚ ਹੀ ਮਿਲੇ ਪਹਿਲੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਭਾਰਤ ਨੂੰ 1-0 ਨਾਲ ਲੀਡ ਦਿਵਾਈ। ਮਲੇਸ਼ੀਆ ਨੇ ਵੀ ਜਵਾਬੀ ਹਮਲਾ ਜਾਰੀ ਰੱਖਿਆ ਅਤੇ ਪਹਿਲੇ ਕੁਆਰਟਰ ਵਿੱਚ ਅਸਫਲ ਰਹਿਣ ਮਗਰੋਂ ਦੂਜੇ ਦੇ ਸ਼ੁਰੂ ਵਿੱਚ ਹੀ ਉਸ ਨੇ ਬਰਾਬਰੀ ਦਾ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਹਰਮਨਪ੍ਰੀਤ ਨੇ ਤੀਜੇ ਕੁਆਰਟਰ ਦੇ ਅਖ਼ੀਰ ਵਿੱਚ 44ਵੇਂ ਮਿੰਟ ਵਿੱਚ ਹੱਥ ਆਏ ਪੈਨਲਟੀ ਕਾਰਨਰ ’ਤੇ ਗੋਲ ਕਰਕੇ 2-1 ਨਾਲ ਅੱਗੇ ਕਰ ਦਿੱਤਾ। ਚੌਥੇ ਕੁਆਰਟਰ ਵਿੱਚ ਮਲੇਸ਼ੀਆ ਨੇ ਮੁੜ ਤੋਂ ਜਵਾਬੀ ਹਮਲੇ ਕੀਤੇ, ਪਰ ਉਹ ਭਾਰਤੀ ਡਿਫੈਂਸ ਨੂੰ ਨਹੀਂ ਤੋੜ ਸਕੇ। ਮੈਚ ਦੇ ਆਖ਼ਰੀ ਪਲਾਂ ਤਕ ਦੋਵੇਂ ਟੀਮਾਂ ਵਿਚਾਲੇ ਸਖ਼ਤ ਜੱਦੋ-ਜਹਿਦ ਚੱਲਦੀ ਰਹੀ, ਪਰ ਫ਼ੈਸਲਾ ਭਾਰਤ ਦੇ ਹੱਕ ਵਿੱਚ ਗਿਆ।

Facebook Comment
Project by : XtremeStudioz