Close
Menu

ਹਾਕੀ ਵਰਲਡ ਲੀਗ ਫਾਈਨਲ ‘ਚ ਭਾਰਤ ਕੋਲ ਇੱਜ਼ਤ ਬਚਾਉਣ ਦਾ ਮੌਕਾ

-- 17 December,2013

ਨਵੀਂ ਦਿੱਲੀ – ਭਾਰਤ ਸੀਨੀਅਰ ਹਾਕੀ ਟੀਮ ਹੀਰੋ ਹਾਕੀ ਵਰਲਡ ਲੀਗ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਬੇਸ਼ੱਕ ਛੇਵੇਂ ਸਥਾਨ ‘ਤੇ ਰਹੀ ਸੀ ਪਰ ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਦੇ ਭਾਰਤ ਨੂੰ ਇਸ ਟੂਰਨਾਮੈਂਟ ਦੇ ਫਾਈਨਲ ਦੀ ਮੇਜ਼ਬਾਨੀ ਸੌਂਪੇ ਜਾਣ ਨਾਲ ਉਸ ਨੂੰ ਇਸ ਵਿਚ ਮੇਜ਼ਬਾਨ ਦੇ ਨਾਤੇ ਖੇਡਣ ਦਾ ਮੌਕਾ ਮਿਲ ਗਿਆ। ਐੱਫ. ਆਈ. ਐੱਚ. ਦੇ ਮੁਖੀ ਲਿਆਂਦ੍ਰੇ ਨੇਗ੍ਰੇ ਨੇ ਹਾਕੀ ਇੰਡੀਆ ਦੇ ਮਹਾਸਕੱਤਰ ਨਰਿੰਦਰ ਬੱਤਰਾ ਨਾਲ ਸੋਮਵਾਰ ਨੂੰ ਇੱਥੇ ਇਕ ਪੱਤਰਕਾਰ ਸੰਮੇਲਨ ਵਿਚ ਹਾਕੀ ਵਰਲਡ ਲੀਗ ਫਾਈਨਲ ਦਾ ਐਲਾਨ ਕੀਤਾ। ਇਹ ਟੂਰਨਾਮੈਂਟ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿਚ 10 ਤੋਂ 18 ਜਨਵਰੀ ਤਕ ਖੇਡਿਆ ਜਾਵੇਗਾ ਜਿਸ ਵਿਚ ਦੁਨੀਆ ਦੀਆਂ ਚੋਟੀ ਦੀਆਂ 8 ਟੀਮਾਂ ਹਿੱਸਾ ਲੈਣਗੀਆਂ ਹਾਲਾਂਕਿ ਭਾਰਤ ਵਿਸ਼ਵ ਰੈਂਕਿੰਗ ਵਿਚ ਇਸ ਸਮੇਂ 10ਵੇਂ ਨੰਬਰ ‘ਤੇ ਮੌਜੂਦ ਹੈ ਪਰ ਉਸ ਨੂੰ ਮੇਜ਼ਬਾਨ ਹੋਣ ਦੇ ਨਾਤੇ ਇਸ ਟੂਰਨਾਮੈਂਟ ਵਿਚ ਖੇਡਣ ਦਾ ਮੌਕਾ ਮਿਲ ਗਿਆ ਹੈ। ਟੂਰਨਾਮੈਂਟ ਵਿਚ ਭਾਰਤ ਨੂੰ ਪੂਲ-ਏ ਵਿਚ ਵਿਸ਼ਵ ਦੀ ਨੰਬਰ ਇਕ ਟੀਮ ਤੇ ਓਲੰਪਿਕ ਚੈਂਪੀਅਨ ਜਰਮਨੀ, ਚੌਥੇ ਨੰਬਰ ਦੀ ਟੀਮ ਇੰਗਲੈਂਡ ਤੇ ਸੱਤਵੇਂ ਨੰਬਰ ਦੀ ਟੀਮ ਨਿਊਜ਼ੀਲੈਂਡ ਦੇ ਨਾਲ ਰੱਖਿਆ ਗਿਆ ਹੈ ਜਦਕਿ ਪੂਲ ਬੀ ਵਿਚ ਵਿਸ਼ਵ ਚੈਂਪੀਅਨ ਤੇ ਦੂਜੇ ਨੰਬਰ ਦੀ ਟੀਮ ਆਸਟ੍ਰੇਲੀਆ, ਤੀਜੇ ਨੰਬਰ ਦੀ ਟੀਮ ਹਾਲੈਂਡ, ਪੰਜਵੇਂ ਨੰਬਰ ਦੀ ਟੀਮ ਬੈਲਜੀਅਮ ਤੇ ਪੈਨ ਅਮਰੀਕਨ ਚੈਂਪੀਅਨ ਅਤੇ 11ਵੇਂ ਨੰਬਰ ਦੀ ਟੀਮ ਅਰਜਨਟੀਨਾ ਨੂੰ ਰੱਖਿਆ ਗਿਆ ਹੈ। ਜਿੱਥੇ ਵਰਲਡ ਲੀਗ ਫਾਈਨਲ ਵਿਚ ਜਦੋਂ ਦੁਨੀਆ ਦੀਆਂ ਸਰਵਸ੍ਰੇਸ਼ਠ ਟੀਮਾਂ ਮੌਜੂਦ ਹੋਣਗੀਆਂ ਤਾਂ ਅਜਿਹੇ ਵਿਚ ਭਾਰਤੀ ਟੀਮ ਲਈ ਆਪਣੇ ਗਰੁੱਪ ਵਿਚ ਜਰਮਨੀ, ਇੰਗਲੈਂਡ ਤੇ ਨਿਊਜ਼ੀਲੈਂਡ ਦਾ ਅੜਿੱਕਾ ਪਾਰ ਕਰਨਾ ਕਾਫੀ ਮੁਸ਼ਕਿਲ ਕੰਮ ਹੋਵੇਗਾ। ਟੂਰਨਾਮੈਂਟ ਵਿਚ 10, 11 ਤੇ 13 ਜਨਵਰੀ ਨੂੰ ਗਰੁੱਪ ਮੈਚ ਹੋ ਜਾਣ ਤੋਂ ਬਾਅਦ 15 ਜਨਵਰੀ ਨੂੰ ਕੁਆਰਟਰ ਫਾਈਨਲ ਮੁਕਾਬਲੇ ਖੇਡੇ ਜਾਣਗੇ। ਭਾਰਤ ਨੂੰ ਇੱਥੇ ਯਤਨ ਕਰਨਾ ਹੋਵੇਗਾ ਕਿ ਉਹ ਘੱਟ ਤੋਂ ਘੱਟ ਆਪਣੇ ਗਰੁੱਪ ਵਿਚ ਉਹ ਸਥਾਨ ਹਾਸਲ ਕਰੇ ਤਾਂ ਕਿ ਉਹ ਕੁਆਰਟਰ ਫਾਈਨਲ ਵਿਚ ਆਸਟਰੇਲੀਆ ਤੇ ਹਾਲੈਂਡ ਵਰਗੀਆਂ ਟੀਮਾਂ ਦਾ ਸਾਹਮਣਾ ਕਰਨ ਤੋਂ ਬਚ ਸਕੇ। ਸੈਮੀਫਾਈਨਲ 17 ਜਨਵਰੀ ਨੂੰ ਅਤੇ ਫਾਈਨਲ 18 ਜਨਵਰੀ ਨੂੰ ਖੇਡਿਆ ਜਾਵੇਗਾ।

Facebook Comment
Project by : XtremeStudioz