Close
Menu

ਹਾਦਸੇ ਵਿੱਚ ਪਰਿਵਾਰ ਦੇ 5 ਜੀਆਂ ਸਮੇਤ 6 ਹਲਾਕ

-- 07 February,2015

ਸਮਾਣਾ, ਸਮਾਣਾ-ਪਟਿਆਲਾ ਰੋਡ ‘ਤੇ ਟੋਲ ਪਲਾਜ਼ਾ ਨੇੜੇ ਬੀਤੀ ਦੇਰ ਰਾਤ ਵਰਨਾ ਕਾਰ ਅਤੇ ਮਟਰਾਂ ਦੀ ਭਰੀ ਬਲੈਰੋ ਪਿਕਅੱਪ ਗੱਡੀ ਵਿਚਕਾਰ ਆਹਮੋ ਸਾਹਮਣੇ ਜ਼ਬਰਦਸਤ ਟੱਕਰ ਹੋਣ ਨਾਲ  ਇੱਕ ਬੱਚੀ ਅਤੇ ਦੋ ਮਹਿਲਾਵਾਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ‘ਚ ਢਾਈ ਸਾਲ ਦੀ ਬੱਚੀ ਅਤੇ ਬਲੈਰੋ ਗੱਡੀ ਦਾ ਕੰਡਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਕੰਡਕਟਰ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਪ੍ਰਮੁੱਖ ਕਰਿਆਣਾ ਵਪਾਰੀ ਭਵਾਨੀਦਾਸ ਦਾ ਪੋਤਾ ਗੌਰਵ (26) ਪੁੱਤਰ ਲੋਕਰਾਜ ਆਪਣੇ ਵਿਆਹ ਦੀ ਵਰੇਗੰਢ ਮਨਾਉਣ ਲਈ ਪਤਨੀ ਅਰਚਨਾ (24), ਪੁੱਤਰ ਆਯਾਨ (ਇੱਕ ਸਾਲ), ਮਿੱਤਰ ਅਕੁੰਸ਼ ਗਰਗ (24) ਪੁੱਤਰ ਵਿਨੋਦ ਕੁਮਾਰ, ਉਸ ਦੀ ਪਤਨੀ ਸੋਨੀਆ ਗਰਗ (21) ਅਤੇ ਉਸ ਦੀ ਢਾਈ ਸਾਲਾ ਪੁੱਤਰੀ ਅੰਸ਼ਿਕਾ ਨਾਲ ਪਟਿਆਲਾ ਦੇ ਹੋਟਲ ਵਿੱਚ ਗਏ ਸਨ। ਰਾਤ ਕਰੀਬ 12 ਵਜੇ ਜਸ਼ਨ ਮਨਾ ਕੇ ਉਹ ਵਰਨਾ ਗੱਡੀ (ਪੀਬੀ 11ਏਐਮ 7600) ਰਾਹੀਂ ਵਾਪਸ ਸਮਾਣਾ ਆ ਰਹੇ ਸਨ ਕਿ ਟੋਲ ਪਲਾਜ਼ਾ ਨੇੜੇ ਉਨ੍ਹਾਂ ਦੀ ਗੱਡੀ ਸਮਾਣਾ ਵੱਲੋਂ ਜਾ ਰਹੀ ਮਟਰਾਂ ਨਾਲ ਭਰੀ ਬਲੈਰੋ ਪਿਕਅੱਪ (ਪੀਬੀ 11ਬੀਐਫ਼-4491) ਨਾਲ ਸਿੱਧੇ ਟੱਕਰਾ ਗਈ।
ਟੱਕਰ ‘ਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ। ਵਰਨਾ ਵਿੱਚ ਸਵਾਰ ਗੌਰਵ, ਉਸ ਦੀ ਪਤਨੀ ਅਰਚਨਾ, ਬੇਟਾ ਆਯਾਨ, ਅੰਕੁਸ਼, ਅੰਕੁਸ਼ ਦੀ ਪਤਨੀ ਸੋਨੀਆ ਅਤੇ ਬਲੈਰੋ ਦੇ ਡਰਾਈਵਰ ਮੱਖਣ ਲਾਲ (32) ਪੁੱਤਰ ਜੋਗਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅੰਕੁਸ਼ ਦੀ ਪੁੱਤਰੀ ਅੰਸ਼ਿਕਾ ਅਤੇ ਬਲੈਰੋ ਗੱਡੀ ਦੇ ਕੰਡਕਟਰ ਅੰਗਰੇਜ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਅੰਗਰੇਜ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ।

Facebook Comment
Project by : XtremeStudioz