Close
Menu

ਹਾਫ਼ਿਜ਼ ਮਾਮਲੇ ਵਿੱਚ ਨਿਆਂ ਹੋਵੇਗਾ: ਅਕਬਰੂਦੀਨ

-- 19 December,2018

ਨਵੀਂ ਦਿੱਲੀ, 19 ਦਸੰਬਰ
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਤੇ ਸਫ਼ੀਰ ਸਈਦ ਅਕਬਰੂਦੀਨ ਨੇ ਕਿਹਾ ਕਿ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਦੇ ਮਾਮਲੇ ਵਿੱਚ ਨਿਆਂ ਜ਼ਰੂਰ ਮਿਲੇਗਾ ਤੇ ਭਾਰਤ ਸਰਕਾਰ ਇਸ ਆਲਮੀ ਦਹਿਸ਼ਤਗਰਦ ਵੱਲੋਂ ਕੀਤੇ ਕਾਰੇ ਨੂੰ ਕਦੇ ਵੀ ਨਹੀਂ ਭੁੱਲ ਸਕਦੀ ਹੈ ਤੇ ਨਾ ਹੀ ਉਸਨੂੰ ਕਦੇ ਇਸ ਲਈ ਮੁਆਫ਼ ਕਰੇਗੀ।
ਇਥੇ ਸਾਫ਼ਟ ਪਾਵਰ ਬਾਰੇ ਕਾਨਫਰੰਸ ਤੋਂ ਇਕ ਪਾਸੇ ਆਪਣੇ ਸੰਬੋਧਨ ਵਿੱਚ ਸ੍ਰੀ ਅਕਬਰੂਦੀਨ ਨੇ ਕਿਹਾ, ‘ਹਾਫ਼ਿਜ਼ ਸਈਦ ਦੇ ਮਾਮਲੇ ਵਿੱਚ ਨਿਆਂ ਮਿਲੇਗਾ ਤੇ ਮੁਲਕ (ਭਾਰਤ) ਉਸ ਦੇ ਕਾਰੇ ਨੂੰ ਨਾ ਤਾਂ ਭੁੱਲੇਗਾ ਤੇ ਨਾ ਹੀ ਕਦੇ ਮੁਆਫ਼ ਕਰੇਗਾ।’ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਮੁਲਕ ਵਜੋਂ ਭਾਰਤ ਦੀਆਂ ਅਹਿਮ ਲੋੜਾਂ ਹਮੇਸ਼ਾਂ ਅੰਦਰੂਨੀ ਮਾਮਲਾ ਰਹੇਗਾ। ਸਫ਼ੀਰ ਨੇ ਕਿਹਾ ਕਿ ਭਾਰਤ ਦੀ ਆਬਾਦੀ ਇਕ ਅਰਬ ਨੂੰ ਟੱਪ ਚੁੱਕੀ ਹੈ ਤੇ ਸਾਡੀ ਜਨਤਕ ਕੂਟਨੀਤੀ ਦਾ ਹਰ ਪਹਿਲੂ ਆਪਣੇ ਅੰਦਰੂਨੀ ਹਾਲਾਤ ਨੂੰ ਸੁਧਾਰਨ ਵੱਲ ਕੇਂਦਰਤ ਹੈ। ਉਨ੍ਹਾਂ ਮੁਲਕ ਨੂੰ ਦਰਪੇਸ਼ ਕੁਝ ਵੱਡੀਆਂ ਚੁਣੌਤੀਆਂ ਵੀ ਗਿਣਾਈਆਂ। ਉਨ੍ਹਾਂ ਕਿਹਾ, ‘ਭਾਰਤ ਨੂੰ ਅੱਜ ਸਭ ਤੋਂ ਵੱਡੀ ਚੁਣੌਤੀ ਜਿਹੜੀ ਦਰਪੇਸ਼ ਹੈ, ਉਹ ਵਾਤਾਵਰਨ (ਤਬਦੀਲੀ) ਤੇ ਸਫ਼ਾਈ ਪ੍ਰਬੰਧ ਨਾਲ ਸਬੰਧਤ ਹੈ। ਸਾਨੂੰ ਇਸ ਦਿਸ਼ਾ ਵਿੱਚ ਸੁਧਾਰ ਦੀ ਲੋੜ ਹੈ ਤੇ ਇਹ ਮੰਨਣ ਵਿੱਚ ਕੋਈ ਸ਼ਰਮ ਨਹੀਂ। ਮੈਂ 2014 ਤੋਂ ਪਹਿਲਾਂ ਅਜਿਹਾ ਕੋਈ ਸਫ਼ੀਰ ਨਹੀਂ ਵੇਖਿਆ, ਜੋ ਖੜ੍ਹੇ ਹੋ ਕੇ ਆਪਣੀਆਂ ਘਾਟਾਂ ਨੂੰ ਸਵੀਕਾਰ ਕਰਦਾ ਹੋਵੇ।’
ਉਨ੍ਹਾਂ ਕਿਹਾ ਕਿ ਅੱਜ ਜਿਹੜੇ ‘ਖੁ਼ਦ ਨੂੰ ਸੁਧਾਰਨ’ ਦੇ ਯਤਨ ਹੋ ਰਹੇ ਹਨ, ਉਹ ਭਾਰਤ ਦੀ ਬਦਲਦੀ ਕੂਟਨੀਤੀ ਦਾ ਚਿਹਰਾ ਮੋਹਰਾ ਹੈ। ਅਕਬਰੂਦੀਨ ਨੇ ਭਾਰਤ ਵੱਲੋਂ ਸਾਫ਼ਟ ਡਿਪਲੇਮੇਸੀ ਨੂੰ ਸੰਦ ਵਜੋਂ ਵਰਤਣ ਦੇ ਭਾਰਤ ਦੇ ਯਤਨਾਂ ਬਾਰੇ ਵੀ ਦੱਸਿਆ।

Facebook Comment
Project by : XtremeStudioz