Close
Menu

ਹਾਫਿਜ਼ ਸਈਦ ਨੇ ਦਿੱਤੀ ਦਿੱਲੀ ਨੂੰ ਉਡਾਉਣ ਦੀ ਧਮਕੀ

-- 09 August,2013

hafiz

ਨਵੀਂ ਦਿੱਲੀ,9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਅਤੇ ਅੱਤਵਾਦੀ ਸਰਗਣੇ ਹਾਫਿਜ਼ ਸਈਦ ਨੇ ਇਕ ਵਾਰ ਫਿਰ ਭਾਰਤ ਨੂੰ ਧਮਕੀ ਦਿੰਦਿਆਂ ਦਿੱਲੀ ‘ਤੇ ਹਮਲਾ ਕਰਨ ਦੀ ਗੱਲ ਕੀਤੀ ਹੈ। ਇਸ ਗੱਲ ਦੀ ਭਣਕ ਭਾਰਤ ਦੀ ਖੂਫੀਆ ਏਜੰਸੀ ਇੰਟੈਲੀਜੈਂਸ ਬਿਊਰੋ (ਆਈ. ਬੀ.) ਦੇ ਕੰਨੀ ਪੈ ਗਈ ਹੈ, ਜਿਸ ਨੇ ਤੁਰੰਤ ਕਾਰਵਾਈ ਕਰਦਿਆਂ ਦਿੱਲੀ ਪੁਲਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਦਿੱਲੀ ‘ਤੇ ਹਮਲੇ ਦੀ ਇਸ ਧਮਕੀ ਤੋਂ ਪਿੱਛੋਂ ਪੁਲਸ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਰਾਜਧਾਨੀ ਦੀਆਂ ਸਭ ਸਰਗਰਮੀਆਂ ‘ਤੇ ਤਿੱਖੀ ਨਜ਼ਰ ਰੱਖੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਫਿਜ਼ ਸਈਦ ਨੇ ਕਰਾਚੀ ‘ਚ ਸ਼ਰੇਆਮ ਇਕ ਸਭਾ ਨੂੰ ਸੰਬੋਧਨ ਕਰਨ ਦੌਰਾਨ ਦਿੱਲੀ ‘ਤੇ ਹਮਲਾ ਕਰਨ ਦੀ ਗੱਲ ਕਹੀ ਹੈ। ਇਸ ਤੋਂ ਬਾਅਦ ਹਾਫਿਜ਼ ਨੇ ਲਾਹੌਰ ‘ਚ ਵੀ ਇਕ ਸਭਾ ਦੀ ਅਗਵਾਈ ਕੀਤੀ ਅਤੇ ਉੱਥੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਜਿਨ੍ਹਾਂ ‘ਚ ਭਾਰਤ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਹੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਹਾਫਿਜ਼ ਸਈਦ ਵਲੋਂ ਬਣਾਈ ਗਈ ਯੋਜਨਾ ਅਨੁਸਾਰ ਮੁੰਬਈ ਦੇ ਤਾਜ ਹੋਟਲ ਅਤੇ ਹੋਰ ਵੱਖ-ਵੱਖ ਥਾਵਾਂ ‘ਤੇ ਅੱਤਵਾਦੀਆਂ ਦੇ ਇਕ ਟੋਲੇ ਨੇ ਹਮਲੇ ਕਰਕੇ 200 ਦੇ ਕਰੀਬ ਲੋਕਾਂ ਦੀਆਂ ਜਾਨਾਂ ਲਈਆਂ ਸਨ ਅਤੇ ਕਰੋੜਾਂ-ਅਰਬਾਂ ਦੀ ਸੰਪਤੀ ਫੂਕ ਦਿੱਤੀ ਸੀ। ਉਨ੍ਹਾਂ ਹਮਲਿਆਂ ਦੌਰਾਨ ਸਾਰੇ ਅੱਤਵਾਦੀ ਸੁਰੱਖਿਆ ਪੋਸਟਾਂ ਨੇ ਮਾਰ ਦਿੱਤੇ ਸਨ, ਜਦੋਂ ਕਿ ਕਸਾਬ ਨੂੰ ਜ਼ਿੰਦਾ ਫੜ੍ਹ ਲਿਆ ਗਿਆ ਸੀ, ਜਿਸ ਦਿਨ ਕਸਾਬ ਨੂੰ ਉਨ੍ਹਾਂ ਹਮਲਿਆਂ ਦੇ ਦੋਸ਼ ‘ਚ ਫਾਂਸੀ ਦਿੱਤੀ ਗਈ ਸੀ, ਉਸ ਤੋਂ ਪਿੱਛੋਂ ਹੀ ਹਾਫਿਜ਼ ਦੇ ਤੇਵਰ ਹੋਰ ਤਿੱਖੇ ਹੋ ਗਏ। ਭਾਰਤ ਸਰਕਾਰ ਵਾਰ-ਵਾਰ ਪਾਕਿਸਤਾਨ ਤੋਂ ਮੰਗ ਕਰਦੀ ਰਹੀ ਕਿ ਹਾਫਿਜ਼ ਨੂੰ ਉਸ ਦੇ ਹਵਾਲੇ ਕੀਤਾ ਜਾਵੇ ਪਰ ਪਾਕਿਸਤਾਨ ਸਰਕਾਰ ਪਹਿਲਾਂ ਤਾਂ ਇਸ ਗੱਲ ਤੋਂ ਇਨਕਾਰੀ ਹੁੰਦੀ ਰਹੀ ਕਿ ਹਾਫਿਜ਼ ਪਾਕਿਸਤਾਨ ‘ਚ ਹੀ ਨਹੀਂ ਹੈ। ਹਾਲਾਂਕਿ ਹਾਫਿਜ਼ ਦੀ ਮੌਜੂਦਗੀ ਨਾ ਸਿਰਫ ਪਾਕਿ ਸਰਕਾਰ ਦੀ ਜਾਣਕਾਰੀ ‘ਚ ਸੀ, ਸਗੋਂ ਪੰਜਾਬ ਦੀ ਸ਼ਾਹਬਾਜ ਸ਼ਰੀਫ ਦੀ ਸਰਕਾਰ ਨੇ ਤਾਂ ਉਸ ਨੂੰ ਆਪਣੀ ਇਕ ਸੰਸਥਾ ਲਈ ਕਰੋੜਾਂ ਰੁਪਏ ਦੀ ਗਰਾਂਟ ਵੀ ਜਾਰੀ ਕੀਤੀ। ਜਦੋਂ ਇਸ ਸਾਲ ਜਨਵਰੀ ‘ਚ ਪੁੰਛ ਸੈਕਟਰ ‘ਚ ਗਸ਼ਤ ਕਰ ਰਹੇ 2 ਭਾਰਤੀ ਜਵਾਨਾਂ ਨੂੰ ਪਾਕਿਸਤਾਨੀ ਸੈਨਿਕਾਂ ਨੇ ਸ਼ਹੀਦ ਕਰ ਦਿੱਤਾ ਸੀ ਅਤੇ ਇਕ ਸੈਨਿਕ ਦਾ ਸਿਰ ਵੱਢ ਕੇ ਲੈ ਗਏ ਸਨ ਤਾਂ ਉਸ ਤੋਂ 2 ਦਿਨ ਪਹਿਲਾਂ ਹਾਫਿਜ਼ ਸਈਦ ਨੂੰ ਮਕਬੂਜ਼ਾ ਕਸ਼ਮੀਰ ‘ਚ ਦੇਖਿਆ ਗਿਆ ਸੀ ਅਤੇ ਉੱਥੇ ਭਾਰਤ ਦੇ ਖਿਲਾਫ ਪੋਸਟਰ ਵੀ ਵੰਡੇ ਗਏ ਸਨ। ਹੁਣ ਜਦੋਂ ਕਿ 3-4 ਦਿਨ ਪਹਿਲਾਂ ਇਸੇ ਪੁੰਛ ਸੈਕਟਰ ‘ਚ ਪਾਕਿਸਤਾਨੀ ਸੈਨਿਕਾਂ ਨੇ 5 ਭਾਰਤੀ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਤਾਂ ਉਸ ਤੋਂ ਪਿੱਛੋਂ ਫਿਰ ਹਾਫਿਜ਼ ਸਈਦ ਨੇ ਭਾਰਤ ਨੂੰ ਹਮਲਾ ਕਰਨ ਦੀ ਧਮਕੀ ਦਿੱਤੀ ਹੈ।

Facebook Comment
Project by : XtremeStudioz