Close
Menu

ਹਿਲੇਰੀ ਕਲਿੰਟਨ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਦਾਅਵੇਦਾਰੀ ਪੇਸ਼

-- 14 April,2015

ਵਾਸ਼ਿੰਗਟਨ, ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ 2016 ਦੀਆਂ ਚੋਣਾਂ ਲਈ ਪਾਰਟੀ ਵਿਚ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਅੱਜ ਦਾਅਵਾ ਪੇਸ਼ ਕੀਤਾ ਹੈ। ਭਾਰਤ-ਅਮਰੀਕਾ ਦੇ ਮਜ਼ਬੂਤ ਸਬੰਧਾਂ ਦੀ ਖੈਰਖਾਹ ਹਿਲੇਰੀ ਨੇ ਪਿਛਲੀ ਵਾਰ ਵੀ ਇਸ ਅਹੁਦੇ ਲਈ ਦਾਅਵੇਦਾਰੀ ਪੇਸ਼ ਕੀਤੀ ਸੀ।
67 ਸਾਲਾ ਹਿਲੇਰੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਦੀ ਚੋਣ ਲੜਨਾ ਚਾਹੁੰਦੀ ਹੈ। ਉਨ੍ਹਾਂ ਕਿਹਾ,‘‘ਅਮਰੀਕੀਆਂ ਨੂੰ ਜੇਤੂਆਂ ਦੀ ਦਰਕਾਰ ਰਹਿੰਦੀ ਹੈ ਤੇ ਮੈਂ ਅਜਿਹੀ ਜੇਤੂ ਬਣ ਕੇ ਸਾਹਮਣੇ ਆਉਣਾ ਚਾਹੁੰਦੀ ਹਾਂ।’’ ਡੈਮੋਕਰੇਟਿਕ ਪਾਰਟੀ ਵੱਲੋਂ ਉਹ ਸਿਖਰਲੀ ਦਾਅਵੇਦਾਰ ਹੈ। ਉਸ ਨੇ ਲੋਕਾਂ  ਨੂੰ ‘‘ਇਹ ਤੁਹਾਡਾ ਸਮਾਂ ਹੈ’’,ਕਰਾਰ ਦਿੰਦਿਆਂ ਆਪਣੀ ਚੋਣ ਮੁਹਿੰਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਕ ਵੀਡੀਓ ਵਿਚ ਮੱਧ ਵਰਗੀ ਲੋਕ ਆਪਣੀਆਂ ਜ਼ਿੰਦਗੀਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਉਤੇ ਚਰਚਾ ਕਰਦੇ ਨਜ਼ਰ ਆਉਂਦੇ ਹਨ ਅਤੇ ਹਿਲੇਰੀ ਕਲਿੰਟਨ ਉਨ੍ਹਾਂ ਨੂੰ ਦੱਸ ਰਹੀ ਹੈ ਕਿ ਉਹ ਕਿਉਂ ਚੋਣ ਲੜਨਾ ਚਾਹ ਰਹੀ ਹੈ ਅਤੇ ਉਹ ਇਸ ਵਰਗ ਦੀ ਬਿਹਤਰੀ ਲਈ ਕੀ-ਕੀ ਕਰ ਸਕਦੀ ਹੈ। ਹਿਲੇਰੀ ਕਲਿੰਟਨ ਦਾ ਮੰਨਣਾ ਹੈ ਕਿ ਜੇਕਰ ਪਰਿਵਾਰ ਮਜ਼ਬੂਤ ਹਨ ਤਾਂ ਅਮਰੀਕਾ ਆਪੇ ਮਜ਼ਬੂਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅੱਖ ਹੁਣ ਮੁਢਲੀਆਂ ਡੈਮੋਕਰੇਟਿਕ ਪ੍ਰਾਇਮਰੀ ਸਟੇਟਸ ’ਤੇ ਹੈ। ਉਨ੍ਹਾਂ ਕਿਹਾ ਕਿ ਉਹ ਇਸ ਹਫਤੇ ਆਇਓਵਾ ਤੋਂ ਲੋਕਾਂ ਨੂੰ ਮਿਲਣਾ ਸ਼ੁਰੂ ਕਰੇਗੀ ਤੇ ਮਈ ਦੇ ਅੱਧ ਵਿਚ ਮੁਹਿੰਮ ਛੇੜ ਦੇਵੇਗੀ। ਰਾਸ਼ਟਰਪਤੀ ਬਰਾਕ ਓਬਾਮਾ, ਜਿਨ੍ਹਾਂ ਨੇ ਪਿਛਲੀ ਵਾਰ ਉਨ੍ਹਾਂ ਨੂੰ ਪਛਾੜਿਆ ਸੀ, ਦੇ ਕਾਰਜਕਾਲ ਵਿਚ ਵਧੀਆ ਕੰਮ ਕਰਕੇ ਪਾਰਟੀ ਨੂੰ ਹੈਰਾਨ ਕਰਨ ਵਾਲੀ ਹਿਲੇਰੀ ਦੇ ਹੱਕ ਵਿਚ ਖੜੋਦਿਆਂ ਅਮਰੀਕੀ ਰਾਸ਼ਟਰਪਤੀ ਵੀ ਕਹਿ ਚੁੱਕੇ ਹਨ ਕਿ ਉਹ ਕਮਾਲ ਦੀ ਰਾਸ਼ਟਰਪਤੀ ਹੋਏਗੀ। ਅਤਿਵਾਦ ਸਮੇਤ ਕਈ ਅਹਿਮ ਮੁੱਦਿਆਂ ’ਤੇ ਭਾਰਤ ਦੇ ਹੱਕ ਵਿਚ ਡਟਣ ਵਾਲੀ ਹਿਲੇਰੀ ਕਲਿੰਟਨ ਨੇ 2011 ਵਿਚ ਪਾਕਿਸਤਾਨ ਦੌਰੇ ਦੌਰਾਨ ਕਿਹਾ ਸੀ ਕਿ ਇਸਲਾਮਾਬਾਦ ਨੂੰ ਆਪਣੇ ਪਿਛਲੇ ਵਿਹੜੇ ਵਿਚ ‘ਸੱਪ ਪਾਲਣ’ ਦੀ ਰਵਾਇਤ ਬੰਦ ਕਰਨੀ ਚਾਹੀਦੀ ਹੈ। ਹਿਲੇਰੀ ਦੇ ਕਾਰਜਕਾਲ ਦੌਰਾਨ ਭਾਰਤ-ਅਮਰੀਕਾ ਵਿਚਾਲੇ ਰਣਨੀਤਕ ਪੱਧਰ ਦਾ ਸੰਵਾਦ ਤੁਰਿਆ ਸੀ।
ਹਿਲੇਰੀ ਕਲਿੰਟਨ ਦੇ ਐਲਾਨ ਨੇ ਭਾਰਤੀ-ਅਮਰੀਕੀ ਭਾਈਚਾਰੇ ਵਿਚ ਜੋਸ਼ ਭਰ ਦਿੱਤਾ ਹੈ। ਆਉਂਦੇ ਮਹੀਨਿਆਂ ਵਿਚ ਜਿਉਂ-ਜਿਉਂ ਉਹ ਆਪਣੀ ਚੋਣ ਮੁਹਿੰਮ ਟੀਮ ਕਾਇਮ ਕਰਦੇ ਜਾਣਗੇ, ਉਹ ਭਾਰਤੀ-ਅਮਰੀਕੀ ਅਕਾਦਮੀਸ਼ੀਅਨਾਂ, ਵਿਚਾਰਕਾਂ, ਸਿਆਸਤਦਾਨਾਂ ਤੇ ਸਾਬਕਾ ਸਰਕਾਰੀ ਅਧਿਕਾਰੀਆਂ ਨੂੰ ਸ਼ਾਮਲ ਕਰਦੇ ਜਾਣਗੇ। ਬਹੁਤ ਸਾਰੇ ਭਾਰਤੀ ਮੂਲ ਦੇ ਅਮਰੀਕੀ ਸਰਗਰਮ ਹੋ ਗਏ ਹਨ ਅਤੇ ਕਈਆਂ ਨੂੰ ਹਿਲੇਰੀ ਕਲਿੰਟਨ ਦੇ ਜਿੱਤਣ ਦੀ ਸੂਰਤ ਵਿਚ ਬਹੁਤ ਚੰਗੇ ਅਹੁਦਿਆਂ ਦੀ ਆਸ ਬੱਝ ਗਈ ਹੈ।

Facebook Comment
Project by : XtremeStudioz