Close
Menu

ਹੁਣ ਅਮਰੀਕੀ ਫੌਜ ‘ਚ ਸਿੱਖ ਰੱਖ ਸਕਣਗੇ ਦਾੜ੍ਹੀ ਅਤੇ ਲੰਬੇ ਵਾਲ

-- 23 January,2014

ਵਾਸ਼ਿੰਗਟਨ-ਅਮਰੀਕੀ ਫੌਜ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਡਿਊਟੀ ਸਮੇਂ ਧਾਰਮਿਕ ਚਿੰਨਾਂ ਦੀ ਵਰਤੋਂ ‘ਤੇ ਪਾਬੰਦੀ ਸੰਬੰਧੀ ਬੁੱਧਵਾਰ ਨੂੰ ਕੁਝ ਢਿੱਲ ਦਿੱਤੀ ਹੈ, ਤਾਂ ਜੋ ਫੌਜੀਆਂ ਨੂੰ ਉਨ੍ਹਾਂ ਦੇ ਧਰਮ ਮੁਤਾਬਕ ਧਾਰਮਿਕ ਚਿੰਨ ਅਤੇ ਧਾਰਮਿਕ ਪਹਿਰਾਵਾ ਪਹਿਨਣ ਦੀ ਆਗਿਆ ਦਿੱਤੀ ਜਾਵੇ। ਅਮਰੀਕੀ ਫੌਜ ਦੇ ਇਸ ਫੈਸਲੇ ਦਾ ਅਸਰ ਉਨ੍ਹਾਂ ਸਿੱਖਾਂ ‘ਤੇ ਪੈ ਸਕਦਾ ਹੈ, ਜੋ ਅਮਰੀਕੀ ਫੌਜ ‘ਚ ਭਰਤੀ ਹੋਏ ਹਨ। ਇਹ ਸਿੱਖ ਹੁਣ ਆਪਣੀ ਡਿਊਟੀ ਦੌਰਾਨ ਦਾੜ੍ਹੀ, ਕੇਸ ਅਤੇ ਕਿਰਪਾਨ ਆਦਿ ਧਾਰਮਿਕ ਚਿੰਨਾਂ ਦੀ ਵਰਤੋਂ ਕਰ ਸਕਣਗੇ।
ਫੌਜ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਅਕਤੀ ਦੀ ਸੁਰੱਖਿਆ ਲਈ ਹੈਲਮੈੱਟ ਪਹਿਨਣ ‘ਤੇ ਵੀ ਜ਼ੋਰ ਦਿੱਤਾ ਗਿਆ ਹੈ। ਮਾਪਦੰਡਾਂ ‘ਚ ਦਿੱਤੀ ਗਈ ਛੋਟ ਇੰਨੀ ਵੀ ਜ਼ਿਆਦਾ ਨਹੀਂ ਹੈ ਕਿ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ ‘ਚ ਅਮਰੀਕੀ ਫੌਜ ‘ਚ ਸ਼ਾਮਲ ਹੋ ਸਕਣ। ਸਿੱਖ ਅਮਰੀਕੀ ਭਾਈਚਾਰੇ ਦੀ ਇਹ ਮੰਗ ਪੁਰਾਣੀ ਹੈ। ਪੈਂਟਾਗਨ ਮੁਤਾਬਕ ਫੌਜ ਦੇ ਲੈਫਟੀਨੈਂਟ ਕਮਾਂਡਰ ਨੈਟਹੈਨ ਜੇ. ਕ੍ਰਿਸਟੇਨਸਨ ਨੇ ਇਕ ਬਿਆਨ ‘ਚ ਕਿਹਾ ਕਿ ਨਵੀਂ ਨੀਤੀ ‘ਚ ਕਿਹਾ ਗਿਆ ਹੈ ਕਿ ਫੌਜ ਵਿਭਾਗ, ਸਰਵਿਸ ਮੈਂਬਰਾਂ ਦੀ ਧਾਰਮਿਕ ਅਪੀਲ ‘ਤੇ ਉਸ ਸਮੇਂ ਹੀ ਵਿਚਾਰ ਕਰੇਗਾ, ਜਦੋਂ ਉਸ ਅਪੀਲ ਦਾ ਫੌਜ ਦੀ ਤਿਆਰੀ ‘ਤੇ, ਮਿਸ਼ਨ ਪੂਰਾ ਕਰਨ ‘ਚ, ਇਕਜੁੱਟਤਾ ਅਤੇ ਅਨੁਸ਼ਾਸਨ ‘ਤੇ ਕੋਈ ਮਾੜਾ ਅਸਰ ਨਹੀਂ ਪਵੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਸਾਰੀਆਂ ਅਪੀਲਾਂ ‘ਤੇ ਮਾਮਲਾ ਦਰ ਮਾਮਲਾ ਵਿਚਾਰ ਕੀਤਾ ਜਾਵੇਗਾ। ਕ੍ਰਿਸਟੇਨਸਨ ਨੇ ਕਿਹਾ ਕਿ ਕਮਾਂਡਰ ਅਜਿਹੀ ਸਥਿਤੀ ‘ਚ ਧਾਰਮਿਕ ਪਹਿਰਾਵਾ ਜਾਂ ਚਿੰਨਾਂ ਨੂੰ ਪਹਿਨਣ ਦੀ ਆਗਿਆ ਦੇ ਸਕਦੇ ਹਨ, ਜਦੋਂ ਕਿ ਉਸ ‘ਚ ਫੌਜ ਵਿਭਾਗ ਜਾਂ ਉਨ੍ਹਾਂ ਸਰਵਿਸ ਨੀਤੀਆਂ ਦੀ ਛੋਟ ਦੀ ਲੋੜ ਨਾ ਹੋਵੇ, ਜੋ ਕਿ ਫੌਜ ਵਰਦੀ ਅਤੇ ਧਾਰਮਿਕ ਪਹਿਰਾਵਾ ਆਦਿ ਬਾਰੇ ਹੋਣ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਗੱਲਾਂ ‘ਤੇ ਵਿਚਾਰ ਕੀਤਾ ਜਾਵੇਗਾ ਕਿ ਧਾਰਮਿਕ ਚਿੰਨਾਂ ਅਤੇ ਪਹਿਰਾਵਿਆਂ ਨਾਲ ਫੌਜ ਦੇ ਕਰੱਤਵ ‘ਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ ਅਤੇ ਸਿਹਤ ਅਤੇ ਸੁਰੱਖਿਆ ਸੰਬੰਧੀ ਕੋਈ ਖਤਰਾ ਨਾ ਹੋਵੇ। ਕ੍ਰਿਸਟੇਨਸਨ ਮੁਤਾਬਕ ਪੈਂਟਾਗਨ ਦਾ ਮੰਨਣਾ ਹੈ ਕਿ ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ ਕਮਾਂਡਰਾਂ ਅਤੇ ਸੁਪਰਵਾਈਜ਼ਰਾਂ ਦੀ ਵਿਵਸਥਾ ਅਤੇ ਅਨੁਸ਼ਾਸਨਬਣਾਈ ਰੱਖਣ ਦੀ ਸਮਰੱਥਾ ਵਧੇਗੀ ਅਤੇ ਫੌਜ ‘ਚ ਭੇਦਭਾਵ ਦੀ ਧਾਰਨਾ ਦੂਰ ਹੋਵੇਗੀ।

Facebook Comment
Project by : XtremeStudioz