Close
Menu

ਹੁਨਰ ਦਾ ਕਮਾਲ

-- 20 March,2016

ਬਾਲ ਕਹਾਣੀ

ਬਹੁਤ ਸਮਾਂ ਪਹਿਲਾਂ ਇੱਕ ਨਗਰ ਵਿੱਚ ਇੱਕ ਕਲਾਕਾਰ ਰਹਿੰਦਾ ਸੀ। ਉਹ ਲੱਕਡ਼ ਦੇ ਕੰਮ ਦਾ ਉਸਤਾਦ ਸੀ। ਉਹ ਲੱਕਡ਼ੀ ਉੱਤੇ ਖ਼ੂਬਸੂਰਤ ਵੇਲ-ਬੂਟੇ ਬਣਾਉਂਦਾ ਸੀ। ਉਸ ਕੋਲੋਂ ਕੰਮ ਕਰਾਉਣ ਲਈ ਵੱਡੇ-ਵੱਡੇ ਸ਼ਾਹੂਕਾਰ ਉਸ ਦੇ ਘਰ ਦੇ ਚੱਕਰ ਕੱਢਦੇ ਰਹਿੰਦੇ। ਉਸ ਕੋਲ ਰਤਾ ਵੀ ਵਿਹਲ ਨਾ ਹੁੰਦੀ। ਇਸੇ ਕਰਕੇ ਉਹ ਆਪਣੇ ਕੰਮ ਲਈ ਮੂੰਹ ਮੰਗੇ ਪੈਸੇ ਲੈਂਦਾ। ਉਸ ਕੋਲ ਪੈਸੇ ਦੀ ਕੋਈ ਘਾਟ ਨਹੀਂ ਸੀ। ਹੁਨਰ ਕਰਕੇ ਨਗਰ ਵਿੱਚ ਉਸ ਦਾ ਬਡ਼ਾ ਮਾਣ-ਸਨਮਾਨ ਸੀ।
ਉਸ ਕਲਾਕਾਰ ਦੇ ਦੋ ਜੁਡ਼ਵਾਂ ਲਡ਼ਕੇ ਸਨ। ਦੋਵਾਂ ਦੇ ਸੁਭਾਅ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਸੀ। ਇੱਕ ਦਾ ਸੁਭਾਅ ਚੰਚਲ ਤੇ ਦੂਜਾ ਗੰਭੀਰ ਸੀ। ਵੱਡਾ ਪੁੱਤ ਸਾਰਾ ਦਿਨ ਖੇਡਣ ਵਿੱਚ ਮਸਤ ਰਹਿੰਦਾ, ਪਰ ਛੋਟਾ ਆਪਣੇ ਪਿਤਾ ਕੋਲ ਬੈਠ ਕੇ, ਪਿਤਾ ਨੂੰ ਕੰਮਕਾਰ ਕਰਦੇ ਧਿਆਨ ਨਾਲ ਦੇਖਦਾ। ਇੱਕ ਦਿਨ ਉਸ ਨੇ ਆਪਣੇ ਦੋਵਾਂ ਪੁੱਤਾਂ ਨੂੰ ਕੋਲ ਬੁਲਾਇਆ ਤੇ ਪੁੱਛਿਆ, ‘‘ਕੀ ਤੁਸੀਂ ਮੇਰਾ ਹੁਨਰ ਸਿੱਖਣਾ ਚਾਹੋਗੇ?’’
ਦੋਵੇਂ ਕੁਝ ਦੇਰ ਚੁੱਪ ਰਹੇ। ਫਿਰ ਵੱਡਾ ਬੋਲਿਆ,‘‘ਪਿਤਾ ਜੀ, ਸਾਨੂੰ ਕੰਮ ਸਿੱਖਣ ਦੀ ਕੀ ਲੋਡ਼ ਹੈ। ਸਾਡੇ ਕੋਲ ਇੰਨਾ ਧਨ ਹੈ। ਸਾਰੀ ਉਮਰ ਇਹ ਧਨ ਮੁੱਕਣ ਵਾਲਾ ਨਹੀਂ।’’ ਵੱਡੇ ਪੁੱਤਰ ਦਾ ੳੁੱਤਰ ਸੁਣ ਕੇ ਕਲਾਕਾਰ ਸੋਚਾਂ ਵਿੱਚ ਪੈ ਗਿਆ। ਉਹ ਫਿਰ ਬੋਲਿਆ, ‘‘ਜੇਕਰ ਇੱਕ ਪਾਸੇ ਸਾਰੀ ਦੌਲਤ ਹੋਵੇ ਤੇ ਦੂਜੇ ਪਾਸੇ ਮੇਰਾ ਹੁਨਰ ਹੋਵੇ ਤਾਂ ਤੁਸੀਂ ਕੀ ਲੈਣਾ ਚਾਹੋਗੇ?’’
‘‘ਮੈਂ ਤੁਹਾਡੀ ਸਾਰੀ ਦੌਲਤ ਲਵਾਂਗਾ। ਮੈਂ ਹੁਨਰ ਕੀ ਕਰਨਾ।’’ ਇਸ ਵਾਰ ਵੀ ਵੱਡਾ ਪੁੱਤ ਹੀ ਬੋਲਿਆ। ਉੱਤਰ ਸੁਣ ਕੇ ਕਲਾਕਾਰ ਉਦਾਸ ਹੋ ਗਿਆ। ਉਸੇ ਰਾਤ ਕਲਾਕਾਰ ਨੇ ਆਪਣੀ ਵਸੀਅਤ ਲਿਖੀ, ਜਿਸ ਵਿੱਚ ਉਸ ਨੇ ਲਿਖਿਆ, ‘‘ਮੇਰੇ ਮਰਨ ਤੋਂ ਬਾਅਦ ਮੇਰੀ ਸਾਰੀ ਦੌਲਤ ਤੇ ਘਰ ਮੇਰੇ ਵੱਡੇ ਪੁੱਤ ਨੂੰ ਦਿੱਤਾ ਜਾਵੇ ਅਤੇ ਮੇਰੇ ਸਾਰੇ ਅੌਜ਼ਾਰ ਮੇਰੇ ਛੋਟੇ ਪੁੱਤ ਨੂੰ ਦਿੱਤੇ ਜਾਣ।’’
ਉਸ ਦਿਨ ਤੋਂ ਬਾਅਦ ਕਲਾਕਾਰ ਨੇ ਆਪਣੇ ਛੋਟੇ ਪੁੱਤ ਨੂੰ ਆਪਣੀ ਕਲਾ ਸਿਖਾਉਣੀ ਸ਼ੁਰੂ ਕਰ ਦਿੱਤੀ। ਉਹ ਜਿੱਥੇ ਵੀ ਕੰਮ ਕਰਨ ਜਾਂਦਾ, ਆਪਣੇ ਛੋਟੇ ਪੁੱਤ ਨੂੰ ਨਾਲ ਲੈ ਕੇ ਜਾਂਦਾ। ਛੋਟਾ ਪੁੱਤ ਬਡ਼ਾ ਹੀ ਆਗਿਆਕਾਰੀ ਸੀ। ਉਹ ਆਪਣੇ ਪਿਤਾ ਤੋਂ ਹੁਨਰ ਸਿੱਖ ਰਿਹਾ ਸੀ। ਕਲਾਕਾਰ ਆਪਣੇ ਹੁਨਰ ਦੀਆਂ ਬਾਰੀਕੀਆਂ ਆਪਣੇ ਪੁੱਤ ਨੂੰ ਸਮਝਾਉਂਦਾ। ਹੌਲੀ-ਹੌਲੀ ਛੋਟਾ ਪੁੱਤ ਕੰਮ ਵਿੱਚ ਮਾਹਿਰ ਹੋ ਗਿਆ। ਉਹ ਬੇਜਾਨ ਲੱਕਡ਼ੀ ਨੂੰ ਤਰਾਸ਼ਦਾ ਤੇ ਵਧੀਆ ਕਲਾਕ੍ਰਿਤ ਬਣਾ ਦਿੰਦਾ। ਲੋਕਾਂ ਵਿੱਚ ਉਸ ਦੀ ਪਛਾਣ ਬਣ ਗਈ। ਹੁਣ ਉਹ ਵੱਡੇ-ਵੱਡੇ ਅਮੀਰਾਂ ਦੇ ਘਰਾਂ ਵਿੱਚ ਇਕੱਲਾ ਹੀ ਕੰਮ ਕਰਨ ਚਲਾ ਜਾਂਦਾ। ਕਲਾਕਾਰ ਆਪਣੇ ਛੋਟੇ ਪੁੱਤ ਦੇ ਕੰਮ ਤੋਂ ਬਡ਼ਾ ਖ਼ੁਸ਼ ਸੀ। ਉਸ ਨੂੰ ਯਕੀਨ ਹੋ ਗਿਆ ਸੀ ਕਿ ਉਸ ਦਾ ਪੁੱਤ ਕਦੇ ਭੁੱਖਾ ਨਹੀਂ ਮਰੇਗਾ।
ਕੁਝ ਸਾਲਾਂ ਬਾਅਦ ਕਲਾਕਾਰ ਦੀ ਮੌਤ ਹੋ ਗਈ। ਵੱਡੇ ਪੁੱਤ ਨੇ ਵਸੀਅਤ ਮੁਤਾਬਕ ਆਪਣੇ ਪਿਤਾ ਦੀ ਸਾਰੀ ਦੌਲਤ ਤੇ ਘਰ ਸਾਂਭ ਲਿਆ ਅਤੇ ਛੋਟੇ ਭਰਾ ਨੂੰ ਪਿਤਾ ਦੇ ਅੌਜ਼ਾਰ ਦੇ ਦਿੱਤੇ ਗਏ।
ਕਲਾਕਾਰ ਦੀ ਪਤਨੀ ਨੇ ਆਪਣੇ ਵੱਡੇ ਪੁੱਤ ਨੂੰ ਕਿਹਾ, ‘‘ਪੁੱਤ, ਤੂੰ ਇੰਨੀ ਬੇਇਨਸਾਫ਼ੀ ਨਾ ਕਰ।            ਛੋਟਾ ਤੇਰਾ ਭਰਾ ਹੈ। ਉਸ ਦਾ ਵੀ ਆਪਣੇ ਪਿਤਾ            ਦੀ ਦੌਲਤ ਉੱਤੇ ਹੱਕ ਹੈ। ਤੂੰ ਅੱਧਾ ਧਨ ਉਸ                       ਨੂੰ ਸੰਭਾਲ ਦੇ।’’
‘‘ਮਾਤਾ ਜੀ, ਮੈਂ ਕੋਈ ਬੇਈਮਾਨੀ ਨਹੀਂ ਕਰ ਰਿਹਾ। ਇਹ ਤਾਂ ਪਿਤਾ ਜੀ ਦੀ ਆਖਰੀ ਇੱਛਾ ਸੀ। ਮੈਂ ਸਾਰਾ ਕੁਝ ਵਸੀਅਤ ਮੁਤਾਬਕ ਹੀ ਵੰਡਿਆ ਹੈ।’’ ਵੱਡੇ ਪੁੱਤ ਨੇ ਕੋਰਾ ਜਵਾਬ ਦੇ ਦਿੱਤਾ। ਕਲਾਕਾਰ ਦੀ ਪਤਨੀ ਸੁਣ ਕੇ ਉਦਾਸ ਹੋ ਗਈ। ‘‘ਮਾਤਾ ਜੀ, ਤੁਸੀਂ ਚਿੰਤਾ ਨਾ ਕਰੋ। ਮੇਰੇ ਕੋਲ ਪਿਤਾ ਜੀ ਦੇ ਹੁਨਰ ਦੀ ਵਡਮੁੱਡੀ ਦੌਲਤ ਹੈ। ਪੈਸਾ ਤਾਂ ਹੱਥਾਂ ਦੀ ਮੈਲ ਹੈ।’’ ਛੋਟੇ ਪੁੱਤ ਨੇ ਮਾਂ ਨੂੰ ਹੌਸਲਾ ਦਿੱਤਾ।
ਦੋਵਾਂ ਮੁੰਡਿਆਂ ਦੇ ਵਿਆਹ ਹੋ ਗਏ। ਛੋਟੇ ਪੁੱਤ ਨੇ ਆਪਣੀ ਮਿਹਨਤ ਨਾਲ ਵੱਖਰਾ ਘਰ ਬਣਾ ਲਿਆ। ਉਹ ਮਿਹਨਤੀ ਸੀ। ਉਸ ਕੋਲ ਕੰਮ ਦੀ ਕੋਈ ਘਾਟ ਨਹੀਂ ਸੀ। ਨਗਰ ਦੇ ਵੱਡੇ-ਵੱਡੇ ਸ਼ਾਹੂਕਾਰ ਉਸ ਕੋਲੋਂ ਆਪਣੀਆਂ ਹਵੇਲੀਆਂ ਵਿੱਚ ਕੰਮ ਕਰਾਉਂਦੇ। ਉਸ ਨੂੰ ਮੂੰਹ ਮੰਗਿਆ ਪੈਸਾ ਮਿਲ ਰਿਹਾ ਸੀ। ਸਮਾਂ ਬਡ਼ੀ ਤੇਜ਼ੀ ਨਾਲ ਗੁਜ਼ਰ ਰਿਹਾ ਸੀ।
ਵੱਡੇ ਪੁੱਤ ਨੇ ਪੈਸਾ ਆਪ ਨਾ ਕਮਾਇਆ ਹੋਣ ਕਾਰਨ ਉਹ ਪੈਸਾ ਪਾਣੀ ਵਾਂਗ ਵਹਾ ਰਿਹਾ ਸੀ। ਉਸ ਨੂੰ ਭੈਡ਼ੀਆਂ ਆਦਤਾਂ ਪੈ ਗਈਆਂ। ਵਿਹਲਡ਼ ਤੇ ਨਸ਼ੱਈ ਉਸ ਦੇ ਮਿੱਤਰ ਬਣ ਗਏ। ਦੇਖਦੇ-ਦੇਖਦੇ ਉਸ ਦਾ ਪੈਸਾ ਮੁੱਕਣ ਲੱਗ ਪਿਆ। ਹੁਣ ਉਸ ਦੇ ਖ਼ਰਚੇ ਵੀ ਵਧ ਗਏ। ਖ਼ਰਚੇ ਪੂਰੇ ਕਰਨ ਲਈ ਉਸ ਨੇ ਘਰ ਦਾ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ। ਫਿਰ ਇੱਕ ਦਿਨ ਘਰ ਵੀ ਵਿਕ ਗਿਆ। ਉਸ ਦਾ ਪਰਿਵਾਰ ਭੁੱਖਾ ਮਰਨ ਲੱਗਾ। ਆਖਰ ਉਹ ਨਗਰ ਛੱਡ ਕੇ, ਪਰਿਵਾਰ ਸਮੇਤ ਕਿਧਰੇ ਚਲਾ ਗਿਆ।
ਛੋਟੇ ਪੁੱਤ ਕੋਲ ਹੁਨਰ ਦਾ ਸਰਮਾਇਆ ਸੀ। ਉਸ ਕੋਲ ਹੁਨਰ ਸਦਕਾ ਵਧੀਆ ਘਰ ਸੀ। ਖ਼ੂਬਸੂਰਤ ਪਤਨੀ ਹਰ ਸਮੇਂ ਉਸ ਦਾ ਤੇ ਪਰਿਵਾਰ ਦਾ ਖ਼ਿਆਲ ਰੱਖਦੀ। ਸਮਾਜ ਵਿੱਚ ਉਸ ਦਾ ਬਡ਼ਾ ਮਾਣ-ਸਤਿਕਾਰ ਸੀ। ਇਹ ਸਾਰਾ ਹੁਨਰ ਦਾ ਕਮਾਲ ਸੀ। ਉਹ ਹੁਨਰ, ਜੋ ਉਸ ਨੇ ਆਪਣੇ ਪਿਤਾ ਕੋਲੋਂ ਬਡ਼ੀ ਮਿਹਨਤ ਨਾਲ ਸਿੱਖਿਆ ਸੀ। ਬੱਚਿਓ, ਇਸ ਕਹਾਣੀ ਤੋਂ ਸਾਨੂੰ ਹੱਥੀਂ ਕਿਰਤ ਕਰਨ ਦੀ ਸਿੱਖਿਆ ਮਿਲਦੀ ਹੈ।

Facebook Comment
Project by : XtremeStudioz