Close
Menu

ਹੜ੍ਹਾਂ ਦੀ ਮਾਰ ਤੋਂ ਬਾਅਦ ਕੇਰਲਾ ਵਿੱਚ ਖੁੱਲ੍ਹੇ ਸਕੂਲ ਅਤੇ ਕਾਲਜ

-- 30 August,2018

ਕੋਚੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ 14 ਦਿਨਾਂ ਬਾਅਦ ਸੇਵਾਵਾਂ ਸ਼ੁਰੂ; 
ਰੇਲ ਆਵਾਜਾਈ ਵੀ ਬਹਾਲ

ਤਿਰੂਵਨੰਤਪੁਰਮ, ਕੇਰਲਾ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਤੋਂ ਬਾਅਦ ਅੱਜ ਵਿਦਿਅਕ ਸੰਸਥਾਵਾਂ ਨੂੰ ਖੋਲ੍ਹ ਦਿੱਤਾ ਗਿਆ। ਇਸ ਤਰਾਸਦੀ ਕਾਰਨ ਇਥੇ 474 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹਾਂ ਕਾਰਨ 10 ਲੱਖ ਲੋਕ ਬੇਘਰ ਹੋ ਗਏ ਹਨ । ਇਨ੍ਹਾਂ ਬੇਘਰ ਹੋਏ ਲੋਕਾਂ ਨੂੰ ਸੂਬੇ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਆਰਜ਼ੀ ਸ਼ਰਨਾਰਥੀ ਕੈਂਪ ਬਣਾ ਕੇ ਸਹਾਰਾ ਦਿੱਤਾ ਗਿਆ ਸੀ।
ਇਨ੍ਹਾਂ ਹੜ੍ਹਾਂ ਕਾਰਨ ਸਕੂਲਾਂ ਅਤੇ ਕਾਲਜਾਂ ਦਾ ਵੀ ਬਹੁਤ ਨੁਕਸਾਨ ਹੋਇਆ ਸੀ। ਪਾਣੀ ਨੇ ਸਕੂਲਾਂ ਦੇ ਫਰਨੀਚਰ ਅਤੇ ਕਿਤਾਬਾਂ ਆਦਿ ਨੂੰ ਨਸ਼ਟ ਕਰ ਦਿੱਤਾ ਸੀ। ਇਸ ਵੱਡੇ ਦੁਖਾਂਤ ਤੋਂ ਬਾਅਦ ਅੱਜ ਜਦੋਂ ਦੁਬਾਰਾ ਸਕੂਲ ਖੁੱਲ੍ਹੇ ਤਾਂ ਅਧਿਆਪਕਾਂ ਨੇ ਬੱਚਿਆਂ ਦਾ ਗੀਤ ਗਾ ਕੇ ਸਵਾਗਤ ਕੀਤਾ। ਜ਼ਿਲ੍ਹਾ ਅਲਾਪੁੜਾ ਦੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਇਸ ਤਬਾਹੀ ਨੇ ਬਹੁਤ ਸਾਰੇ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਬੱਚਿਆਂ ਦੇ ਮੁੜ ਸਕੂਲ ਆਉਣ ’ਤੇ ਬੱਚਿਆਂ ਦੇ ਸਵਾਗਤ ਲਈ ਸਕੂਲਾਂ ਵਿੱਚ ਛੋਟੇ ਛੋਟੇ ਪ੍ਰੋਗਰਾਮ ਰੱਖੇ ਗਏ ਅਤੇ ਮਿਠਾਈਆਂ ਵੰਡੀਆਂ ਗਈਆਂ ਤਾਂ ਜੋ ਬੱਚੇ ਇਸ ਦੁਖਾਂਤ ਨੂੰ ਭੁਲਾ ਸਕਣ। ਸਿੱਖਿਆ ਮੰਤਰੀ ਪ੍ਰੋ. ਸੀ. ਰਵੀਦਰਾਨਾਥ ਅਨੁਸਾਰ ਕੇਰਲਾ ਦੇ ਘੱਟੋ ਘੱਟ 650 ਸਕੁੂਲਾਂ ਨੂੰ ਹੜ੍ਹਾਂ ਕਾਰਨ ਨੁਕਸਾਨ ਪੁੱਜਿਆ ਹੈ। ਉਨ੍ਹਾਂ ਕਿਹਾ ਕੁਝ ਥਾਵਾਂ ’ਤੇ ਸਕੂਲਾਂ ’ਚ ਰਾਹਤ ਕੈਂਪ ਚੱਲ ਰਹੇ ਹਨ ਜਿਸ ਕਾਰਨ ਇਹ ਸਕੂਲ ਨਹੀਂ ਖੁੱਲ੍ਹ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ 3 ਸਤੰਬਰ ਤੱਕ ਸਾਰੇ ਸਕੂਲਾਂ ’ਚ ਪੜ੍ਹਾਈ ਸ਼ੁਰੂ ਹੋ ਜਾਵੇਗੀ। ਮੁੱਖ ਮੰਤਰੀ ਪਿਨਾਰੇਈ ਵਿਜਿਅਨ ਨੇ ਕਿਹਾ ਜਿਨ੍ਹਾਂ ਬੱਚਿਆਂ ਨੇ ਇਸ ਤਰਾਸਦੀ ਵਿੱਚ ਆਪਣੀਆਂ ਕਿਤਾਬਾਂ ਗਵਾ ਲਈਆਂ ਹਨ ਉਨ੍ਹਾਂ ਨੂੰ ਨਵੀਆਂ ਕਿਤਾਬਾਂ ਮੁਹੱਈਆ ਕਰਾਈਆਂ ਜਾਣਗੀਆਂ। ਇਸੇ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਸਮਾਜਸੇਵੀਆਂ ਵੱਲੋਂ ਸਫਾਈ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ।
ਕੋਚੀ: ਕੋਚੀ ਹਵਾਈ ਅੱਡੇ ’ਤੇ ਅੱਜ ਸ਼ਾਮ 14 ਦਿਨਾਂ ਬਾਅਦ ਹਵਾਈ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ। ਕੋਚੀ ਦੇ ਕੌਮਾਂਤਰੀ ਹਵਾਈ ਅੱਡੇ ਨੂੰ 15 ਅਗਸਤ ਤੋਂ ਸੇਵਾਵਾਂ ਬੰਦ ਹੋਣ ਕਾਰਨ 220-250 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ।

Facebook Comment
Project by : XtremeStudioz