Close
Menu

ਹੰਗਰੀ ਵਲੋਂ ਸਾਫ ਸੁਥਰੀ ਊਰਜਾ ਦੇ ਉਤਪਾਦਨ ਲਈ ਪੰਜਾਬ ਨੂੰ ਤਕਨੀਕੀ ਸਹਾਇਤਾ ਦੀ ਪੇਸ਼ਕਸ਼

-- 02 August,2015

* ਸੁਖਬੀਰ  ਬਾਦਲ ਵਲੋਂ ਪਾਣੀ ਸਾਫ ਕਰਨ, ਬਾਇਓਮਾਸ ਊਰਜਾ ਤੇ ਬਾਇਓ ਡੀਜ਼ਲ ਪ੍ਰਾਜੈਕਟਾਂ ਲਈ ਵਿਸਥਾਰਤ ਪ੍ਰਸਤਾਵ ਪੇਸ਼ ਕਰਨ ਦਾ ਸੱਦਾ

ਹੰਗਰੀ, 2 ਅਗਸਤ: ਹੰਗਰੀ ਵਲੋਂ ਇਕ ਅਹਿਮ ਐਲਾਨ ਤਹਿਤ ਪੰਜਾਬ ਸਰਕਾਰ ਨੂੰ ਸਾਫ ਸੁਥਰੀ ਊਰਜਾ ਦੇ ਉਤਪਾਦਨ ਲਈ ਨਵੀਨਤਮ ਤਕਨੀਕ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਰਾਹੀਂ ਢੁੱਕਵੀਆਂ ਦਰਾਂ ‘ਤੇ ਪਾਣੀ ਸਾਫ ਕਰਨਾ,  ਬਾਇਓਮਾਸ   ਊਰਜਾ ਤੇ ਬਾਇਓ ਡੀਜ਼ਲ ਤੋਂ ਊਰਜਾ ਉਤਪਾਦਨ ਤੋਂ ਇਲਾਵਾ ਪੋਲੀਮਰ ਤੋਂ ਊਰਜਾ ਉਤਪਾਦਨ ਵੀ ਸ਼ਾਮਿਲ ਹੈ।
ਹੰਗਰੀ ਵਲੋਂ ਇਸ ਸਬੰਧੀ ਪੇਸ਼ਕਸ਼ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਦੀ ਉੱਥੋਂ ਦੇ ਵਿਗਿਆਨੀਆਂ ਤੇ ਉੱਚ ਅਧਿਕਾਰੀਆਂ ਨਾਲ ਵਿਚਾਰ ਚਰਚਾ ਦੌਰਾਨ ਕੀਤੀ ਗਈ। ਚਾਰ ਘੰਟਿਆਂ ਤੱਕ ਚੱਲੀ ਵਿਚਾਰ ਚਰਚਾ ਦੌਰਾਨ ਇਕ  ਖੋਜਕਾਰੀ ਵਲੋਂ ਦਿਲ ਨੂੰ ਖੂਨ ਸਪਲਾਈ ਸਬੰਧੀ ਬਿਮਾਰੀਆਂ ਦੇ ਇਲਾਜ ਲਈ ਦਵਾਈ ਦੇ ਉਤਪਾਦਨ ਲਈ ਵੀ ਤਕਨੀਕ ਤੇ ਫਾਰਮੂਲੇ ਦੇਣ ਸਬੰਧੀ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਬਿਜਲੀ ਸਪਲਾਈ ਸਮੇਂ ਹੋਣ ਵਾਲੇ ਟਰਾਂਸਮਿਸ਼ਨ ਨੁਕਸਾਨ ਨੂੰ ਘਟਾਉਣ ਸਬੰਧੀ ਵੀ ਹੰਗਰੀ ਦੇ ਖੋਜਕਾਰਾਂ ਵਲੋਂ ਆਪਣੀ ਪੇਸ਼ਕਾਰੀ ਦਿੱਤੀ ਗਈ।  ਇਸ ਮੌਕੇ ‘ਕਲੀਨ ਵਾਟਰ ਐਂਡ ਗਰੀਨ ਐਨਰਜ਼ੀ ਇਨਕੋਰਪੇਸ਼ਨ’ ਦੇ ਤਕਨੀਕੀ ਡਾਇਰੈਕਟਰ ਡਾ. ਜੋਸੇਫ ਬਿਸਕੀ ਵਲੋਂ ਪੀਣ ਵਾਲੇ ਪਾਣੀ ਤੇ ਸਿੰਚਾਈ ਲਈ ਵਰਤੇ ਜਾਣ ਵਾਲੇ ਪਾਣੀ ਦੀ ਸਫਾਈ ਲਈ ਵੀ ਤਕਨੀਕੀ ਸਹਾਇਤਾ ਦੇਣ ਬਾਰੇ ਹਾਮੀ ਭਰੀ ਗਈ। ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਪਾਣੀ ਵਿਚਲੀ ਕੁਦਰਤੀ  ਅਸ਼ੁੱਧਤਾ ਨੂੰ ਦੂਰ ਕਰਨ ਲਈ ਤਕਨੀਕੀ ਸਹਾਇਤਾ ਦੇਣ ਵੀ ਵਿਚਾਰ ਅਧੀਨ ਹੈ।
ਡਾ. ਜੋਸੇਫ ਬਿਸਕੀ ਵਲੋਂ ਕੀਤੀ ਗਈ ਪੇਸ਼ਕਸ਼ ਦਾ ਸਵਾਗਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਵਲੋਂ ਈਜਾਦ ਕੀਤੀ ਗਈ ਤਕਨੀਕੀ  ਹੰਗਰੀ ਵਲੋਂ ਅਪਣਾਏ ਗਏ ‘ਵਨ ਡਰੋਪ ਮੋਰ ਕਰੋਪ’ (ਇਕ ਬੂੰਦ ਤੇ ਜਿਆਦਾ ਫਸਲ) ਦੇ ਨਾਅਰੇ ਦੇ ਬਿਲਕੁਲ ਅਨੁਕੂਲ ਹੈ। ਉਨ੍ਹਾਂ ਕੰਪਨੀ ਨੂੰ ਸੱਦਾ ਦਿੱਤਾ ਕਿ ਉਹ ਪਾਣੀ ਦੀ ਸਾਂਭ ਸੰਭਾਲ ਤੇ ਢੁੱਕਵੀਂ ਵਰਤੋਂ ਸਬੰਧੀ ਇਕ ਵਿਸਥਾਰਤ ਪ੍ਰਸਤਾਵ ਪੇਸ਼ ਕਰਨ।
ਇਸੇ ਤਰ੍ਹਾਂ ਐਮ.ਕੇ.ਐਮ. ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੋਰਵਾਈ ਫੀਰੇਨ ਵਲੋਂ ਸਾਫ ਸੁਥਰੀ ਊਰਜਾ ਦੇ ਉਤਪਾਦਨ ਲਈ ਤੀਜੀ ਪੀੜ੍ਹੀ ਦੀ ਤਕਨੀਕੀ ਦੇਣ ਦੀ ਵੀ ਪੇਸ਼ਕਸ਼ ਕੀਤੀ ਗਈ, ਜਿਸ ਰਾਹੀਂ ਸੂਰਜੀ ਤੇ ਬਾਇਓਮਾਸ ਰਾਹੀਂ ਪੈਦਾ ਕੀਤੀ ਊਰਜਾ ਸਿੱਧੀ ਗਰਿੱਡ ਨੂੰ ਸਪਲਾਈ ਕੀਤੀ ਜਾਂਦੀ ਹੈ। ਪੰਜਾਬ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਸੁਰੇਸ਼ ਕੁਮਾਰ ਨੇ ਕੰਪਨੀ ਨੂੰ ਇਸ ਸਬੰਧੀ ਪ੍ਰਸਤਾਵ ਪੇਸ਼ ਕਰਨ ਲਈ ਕਹਿੰਦਿਆਂ ਦੱਸਿਆ ਕਿ ਸੂਬੇ ਵਿਚ ਬਾਇਓਮਾਸ ਪ੍ਰਾਜੈਕਟਾਂ ਦੀ ਸਥਾਪਨਾ ਲਈ ਅਪਾਰ ਸੰਭਾਵਨਾਵਾਂ ਮੌਜੂਦ ਹਨ ਕਿਉਂਕਿ ਪੰਜਾਬ ਵਿਚ 20 ਮਿਲੀਅਨ ਟਨ ਝੋਨੇ ਦੀ ਪਰਾਲੀ ਹਰ ਸੀਜ਼ਨ ਦੌਰਾਨ ਰਹਿੰਦ ਖੂੰਹਦ ਵਜੋਂ ਖੇਤਾਂ ਵਿਚ ਹੀ ਸਾੜ ਦਿੱਤੀ ਜਾਂਦੀ ਹੈ।
ਪਲਾਸਟਨਰਗੋ  ਕੰਪਨੀ ਦੇ ਡਾਇਰੈਕਟਰ ਐਡਮ ਬੋਲਾਗ ਵਲੋਂ ਵਾਧੂ ਪੋਲੀਮਰ ਤੋਂ ਊਰਜਾ ਪੈਦਾ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਜਿਸ ਬਾਰੇ ਸ. ਬਾਦਲ  ਨੇ ਕਿਹਾ ਕਿ ਲੁਧਿਆਣਾ ਵਿਖੇ ਉਦਯੋਗਿਕ ਰਹਿੰਦ ਖੂੰਹਦ ਨਾਲ ਨਜਿੱਠਣ ਲਈ ਇਹ ਪਲਾਂਟ ਸਥਾਪਿਤ ਕੀਤਾ ਜਾ ਸਕਦਾ ਹੈ। ਹੰਗਰੀ ਦੇ ਮੈਡੀਕਲ  ਦੇ ਖੇਤਰ ਵਿਚ  ਮੋਹਰੀ ਵਿਗਿਆਨੀ ਡਾ. ਇਸਤਾਨ ਵਲੋਂ ਦਿਲ ਨੂੰ ਖੂਨ ਸਪਲਾਈ ਦੇ ਰਸਤੇ ਵਿਚ ਆਉਣ ਵਾਲੀਆਂ ਔਕੜਾਂ ਦੇ ਇਲਾਜ ਤੇ ਦਿਲ ਦੀਆਂ ਹੋਰਨਾਂ ਬਿਮਾਰੀਆਂ ਦੇ ਟਾਕਰੇ ਲਈ ਦਵਾਈ ਉਤਪਾਦਿਤ ਕਰਨ ਲਈ ਪੇਸ਼ਕਸ਼ ਕੀਤੀ ਗਈ ਜੋ ਕਿ ਸਰੀਰਕ ਮੋਟਾਪੇ ਨੂੰ ਕਾਬੂ ਕਰਕੇ ਬਿਮਾਰੀਆਂ ਤੋਂ ਬਚਾਅ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਦਵਾਈ ਦੀ 30,000 ਵਿਅਕਤੀਆਂ ‘ਤੇ ਸਫਲ ਪਰਖ ਵੀ ਕੀਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਹੰਗਰੀ ਦੇ ਖੇਤੀਬਾੜੀ  ਮੰਤਰਾਲੇ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਹੰਗਰੀ ਦੀ ਖੇਤੀਬਾੜੀ ਯੂਨੀਵਰਸਿਟੀ ਵਲੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਇਕ ਸਮਝ ਯਾਦ ਪੱਤਰ ਵੀ ਦਸਤਖਤ ਕੀਤਾ ਜਾਵੇਗਾ। ਇਸ ਤਹਿਤ ਹੰਗਰੀ ਵਲੋਂ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਪੰਜਾਬ ਨੂੰ ਤਕਨੀਕੀ ਸਹਾਇਤਾ ਦਿੱਤੀ ਜਾਵੇਗੀ। ਹੰਗਰੀ ਦੇ ਖੇਤੀਬਾੜੀ ਮੰਤਰਾਲੇ ਦੇ ਸੀਨੀਅਰ ਸਲਾਹਕਾਰ ਕਲਾਰਾ ਸੀਲਿਵੀਆ ਜੀਕਰ ਵਲੋਂ ਪੰਜਾਬ ਵਿਚ ਅਕਤੂਬਰ ਮਹੀਨੇ ਦੌਰਾਨ ਹੋਣ ਵਾਲੇ ਨਿਵੇਸ਼ਕ ਸੰੇਮੇਲਨ ਦੌਰਾਨ ਇਕ ਵਫਦ ਸਮੇਤ ਸ਼ਾਮਿਲ ਹੋਣ ਸਬੰਧੀ ਸੱਦਾ ਵੀ ਪ੍ਰਵਾਨ ਕੀਤਾ ਗਿਆ।
ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਨੁਰਿੱਧ ਤਿਵਾੜੀ ਵਲੋਂ ਹੰਗਰੀ ਦੇ ਵਿਗਿਆਨੀਆਂ ਨੂੰ ਨਿਵੇਸ਼ਕ ਸੰਮੇਲਨ ਵਿਚ ਭਾਗ ਲੈਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਤੇ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ ਵੀ ਹਾਜ਼ਰ ਸਨ।

Facebook Comment
Project by : XtremeStudioz