Close
Menu

ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ‘ਝਾੜੂ’ ’ਤੇ ਲੜੇਗੀ ‘ਆਪ’

-- 03 September,2018

ਸੰਗਰੂਰ, ਪੰਜਾਬ ਵਿੱਚ ਆਮ ਆਦਮੀ ਪਾਰਟੀ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਪਾਰਟੀ ਚੋਣ ਨਿਸ਼ਾਨ ‘ਝਾੜੂ’ ਉਪਰ ਲੜੇਗੀ। 19 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਉਮੀਦਵਾਰਾਂ ਦਾ ਫ਼ੈਸਲਾ ਕਰਨ ਦੇ ਅਧਿਕਾਰ ਜ਼ਿਲ੍ਹਾ ਅਤੇ ਹਲਕਾ ਪ੍ਰਧਾਨਾਂ ਨੂੰ ਦਿੱਤੇ ਹਨ। ਇਹ ਫ਼ੈਸਲਾ ਅੱਜ ਇੱਥੇ ਪਾਰਟੀ ਦੀ ਸੂਬਾਈ ਲੀਡਰਸ਼ਿਪ ਦੀ ਕਰੀਬ ਦੋ ਘੰਟੇ ਚੱਲੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ ਸੰਸਦ ਮੈਂਬਰ ਭਗਵੰਤ ਮਾਨ, ਸਹਿ ਪ੍ਰਧਾਨ ਡਾ. ਬਲਵੀਰ ਸਿੰਘ, ਵਿਧਾਇਕ ਦਲ ਦੇ ਆਗੂ ਹਰਪਾਲ ਸਿੰਘ ਚੀਮਾ ਸਮੇਤ ਕੁੱਲ ਛੇ ਵਿਧਾਇਕ ਸ਼ਾਮਲ ਸਨ।
ਸੰਸਦ ਮੈਂਬਰ ਭਗਵੰਤ ਮਾਨ ਨੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਪਾਰਟੀ ਚੋਣ ਨਿਸ਼ਾਨ ’ਤੇ ਲੜਨ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ। ਇਨ੍ਹਾਂ ਚੋਣਾਂ ਬਾਰੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਧੜੇ ਨਾਲ ਕੋਈ ਗੱਲਬਾਤ ਹੋਣ ਤੋਂ ਇਨਕਾਰ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਜੇਕਰ ਖਹਿਰਾ ਨੂੰ ਆਪਣੇ ਉਮੀਦਵਾਰ ਖੜ੍ਹੇ ਵੀ ਕਰਨੇ ਪਏ ਤਾਂ ਉਹ ਪਾਰਟੀ ਟਿਕਟ ਕਿੱਥੋਂ ਲਿਆਉਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅੱਜ ਦੀ ਮੀਟਿੰਗ ਲਈ ਖਹਿਰਾ ਧੜੇ ਦੇ ਵਿਧਾਇਕਾਂ ਨੂੰ ਸੱਦਾ ਨਹੀਂ ਭੇਜਿਆ ਗਿਆ ਸੀ। ਸ੍ਰੀ ਮਾਨ ਨੇ ਟਿੱਪਣੀ ਕਰਦਿਆਂ ਕਿਹਾ, ‘‘ ਜਦੋਂ ਖਹਿਰਾ ਧੜੇ ਨੇ ਪੱਗਾਂ ਦੇ ਰੰਗ ਹੀ ਬਦਲ ਲਏ, ਹੁਣ ਕੀ ਸੁਨੇਹਾ ਲਾਈਏ।’’ ਉਨ੍ਹਾਂ ਆਖਿਆ ਕਿ ਖਹਿਰਾ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਪਣੀ ‘ਖ਼ਦਮੁਖਤਿਆਰ’ ਪਾਰਟੀ ਬਣਾ ਲੈਣ।
ਪਾਰਟੀ ਵਿਧਾਇਕ ਐੱਚ.ਐੱਸ. ਫੂਲਕਾ ਵੱਲੋਂ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਲਈ ਪੰਜਾਬ ਸਰਕਾਰ ਨੂੰ ਦਿੱਤੇ ਅਲਟੀਮੇਟਮ ਦੇ ਸਬੰਧ ਵਿੱਚ ਸ੍ਰੀ ਮਾਨ ਨੇ ਕਿਹਾ ਕਿ ਇਹ ਸ੍ਰੀ ਫੂਲਕਾ ਦਾ ਨਿੱਜੀ ਫ਼ੈਸਲਾ ਹੈ। ਅੱਜ ਮੀਟਿੰਗ ਵਿੱਚ ਵਿਚਾਰ ਕੀਤਾ ਹੈ ਕਿ ਸ੍ਰੀ ਉਨ੍ਹਾਂ ਨੂੰ ਇਹ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ। ਲੜਾਈ ਲੜਨ ਲਈ ਹੋਰ ਬਹੁਤ ਮੰਚ ਹਨ, ਇਸ ਲਈ ਉਹ ਸਾਰੇ ਸ੍ਰੀ ਫੂਲਕਾ ਨੂੰ ਫ਼ੈਸਲਾ ਵਾਪਸ ਲੈਣ ਲਈ ਮਨਾਉਣਗੇ।
ਸ੍ਰੀ ਮਾਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਗੋਲੀ ਚਲਾਉਣ ਦੇ ਹੁਕਮ ਨਾ ਦੇਣ ਬਾਰੇ ਦਿੱਤੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕੀ ਗੋਲੀ ਚਲਾਉਣ ਦਾ ਹੁਕਮ ਪਾਕਿਸਤਾਨ ਤੋਂ ਆਇਆ ਸੀ ? ਇਸ ਮੌਕੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਰੁਪਿੰਦਰ ਰੂਬੀ, ਕੁਲਤਾਰ ਸਿੰਘ ਸੰਧਵਾਂ, ਕੁਲਵੰਤ ਸਿੰਘ ਪੰਡੋਰੀ, ਗੁਰਮੀਤ ਸਿੰਘ (ਮੀਤ ਹੇਅਰ) ਵੀ ਸ਼ਾਮਲ ਸਨ।

Facebook Comment
Project by : XtremeStudioz