Close
Menu

ਫ਼ਰੈਂਚ ਲੈਂਗੁਏਜ ਡੀਬੇਟ ਵਿਚ ਭਾਰੂ ਰਿਹਾ ਨਕਾਬ ਦਾ ਮਸਲਾ

-- 25 September,2015

ਔਟਵਾ : ਫ਼੍ਰੈੰਚ ਆਲ ਲੀਡਰ ਡੀਬੇਟ ਦੌਰਾਨ ਸਾਰੀਆਂ ਪੰਜ ਪਾਰੀਆਂ ਦੇ ਲੀਡਰਾਂ ਵੱਲੋਂ ਕੈਨੇਡਾ ਪ੍ਰਤੀ ਅਤੇ ਮੁੱਖ ਰੂਪ ਵਿਚ ਕਿਊਬੈਕ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਪੇਸ਼ ਕੀਤੇ। ਰੇਡੀਓ ਕੈਨੇਡਾ ਵੱਲੋਂ ਵੀਰਵਾਰ ਨੂੰ ਆਯੋਜਿਤ ਕੀਤੀ ਗਈ ਇਸ ਡੀਬੇਟ ਵਿਚ ਇਸ ਵਾਰ ਸਰੋਤਿਆਂ ਨੂੰ ਇਹ ਖਾਸ ਮੌਕਾ ਦਿੱਤਾ ਗਿਆ ਸੀ ਕਿ ਉਹ ਆਪਣੇ ਸਿਆਸੀ ਆਗੂਆਂ ਨੂੰ ਆਪਣੀ ਗੱਲ ਕਹਿੰਦਿਆਂ ਲਾਈਵ ਸੁਣ ਸਕਣ।

ਹਾਲਾਂਕਿ ਡੀਬੇਟ ਦੌਰਾਨ ਆਰਥਿਕਤਾ ਤੋਂ ਲੇ ਕੇ ਵਿਦੇਸ਼ੀ ਮਾਮਲਿਆਂ ਤੱਕ ਦੇ ਸਾਰੇ ਹੀ ਮੁੱਦੇ ਚੁੱਕੇ ਗਏ ਸਨ, ਇਸ ਦੌਰਾਨ ਕੁੱਝ ਮੁੱਦੇ ਅਜਿਹੇ ਛੋਹੇ ਗਏ, ਜਿਨ੍ਹਾਂ ਦਾ ਸੰਬੰਧ ਸਿੱਧੇ ਰੂਪ ਵਿਚ ਕਿਊਬੈਕ ਨਾਲ ਬਹੁਤਾ ਰਿਹਾ। ਡੌਬੇਟ ਸ਼ੁਰੂ ਹੋਣ ਤੋਂ ਕੁਲ 20 ਕੁ ਮਿੰਟ ਬਾਅਦ ਹੀ ਨਕਾਬ ਦੇ ਮੁੱਦੇ ਨੂੰ ਲੈ ਕੇ ਬਹੁਤ ਸ਼ੁਰੂ ਹੋਈ। ਇਹ ਮੁੱਦਾ ਡਿਬੇਟ ਤੋਂ ਪਹਿਲਾਂ ਵੀ ਸਾਰੇ ਹੀ ਸਿਆਸੀ ਲੀਡਰਾਂ ਲਈ ਕੈਂਪੇਨਿੰਗ ਦੌਰਾਨ ਬਹੁਤ ਮਹੱਤਵਪੂਰਨ ਮੁੱਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਕਿਊਬੈਕ ਵਾਸੀਆਂ ਵੱਲੋਂ ਵੀ ਸਿਟੀਜਨਸ਼ਿੱਪ ਸੈਰੇਮਨੀ ਦੌਰਾਨ ਨਕਾਬ ਪਹਿਨੇ ਜਾਣ ‘ਤੇ ਰੋਕ ਲਗਾਉਣ ਦਾ ਪੱਖ ਪੂਰਿਆ ਹੈ।

ਆਪਣੇ ਬਿਆਨ ਵਿਚ ਕੰਜ਼ਰਵਟਿਵ ਲੀਡਰ ਸਟੀਫ਼ਨ ਹਾਰਪਰ ਨੇ ਵੀ ਨਕਾਬ ਪਹਿਨੇ ਜਾਣ ਦੇ ਖਿਲਾਫ਼ ਆਪਣੀ ਰਾਏ ਦਿੰਦਿਆਂ ਕਿਹਾ ਕਿ, “ਮੈਂ ਕਦੇ ਵੀ ਆਪਣੀ ਬੇਟੀ ਨੂੰ ਇਹ ਸਿੱਖਿਆ ਨਹੀਂ ਦੇਵਾਂਗਾ ਕਿ ਕਿਸੇ ਔਰਤ ਨੂੰ ਸਿਰਫ਼ ਇਸ ਕਰਕੇ ਆਪਣੇ ਮੂੰਹ ਨੂੰ ਢਕਣਾ ਚਾਹੀਦਾ ਹੈ, ਕਿਉਂਕਿ ਉਹ ਇਕ ਔਰਤ ਹੈ।”

ਬਲੌਕ ਕਿਊਬੇਕੋ ਲੀਡਰ ਗਿਲਸ ਡੂਸੈਪ ਨੇ ਇਹ ਦਾਅਵਾ ਕੀਤਾ ਕਿ ਉਹ ਇਕਲੌਤੇ ਅਜਿਹੇ ਕੈਂਡੀਡੇਟ ਹਨ, ਜਿਨ੍ਹਾਂ ਵੱਲੋਂ ਕਿਸੇ ਵੀ ਸਰਕਾਰੀ ਕਾਰਵਾਈ ਦੌਰਾਨ ਨਕਾਬ ਪਾਏ ਜਾਣ ‘ਤੇ ਰੋਕ ਲਗਾਉਣ ਦਾ ਮੁੱਦਾ ਚੁੱਕਿਆ ਹੈ। ਜਦਕਿ ਲਿਬਰਲ ਲੀਡਰ ਜਸਟਿਨ ਟਰੂਡੋ ਨੇ ਆਪਣੇ ਪਹਿਲੇ ਬਿਆਨ ਨੂੰ ਫ਼ਿਰ ਦਹੁਰਾਉਂਦੇ ਹੋਏ ਕਿਹਾ ਕਿ ਕੋਈ ਔਰਤ ਕੀ ਪਹਿਨਦੀ ਹੈ, ਇਸ ਮਾਮਲੇ ਵਿਚ ਦਖਲਅੰਦਾਜ਼ੀ ਕਰਨ ਦਾ ਹੱਕ ਕਿਸੇ ਵੀ ਦੂਸਰੇ ਵਿਅਕਤੀ ਜਾਂ ਕਿਸੇ ਸਰਕਾਰੀ ਅਦਾਰੇ ਨੂੰ ਨਹੀਂ ਹੋਣਾ ਚਾਹੀਦਾ।

ਪਰ ਐਨ.ਡੀ.ਪੀ. ਲੀਡਰ ਥੌਮਸ ਮਲਕੇਅਰ, ਜੋ ਪਹਿਲੋਂ ਹੀ ਕਿਊਬੈਕ ਵਿਚ ਆਪਣੇ ਵੋਟ ਬੈਂਕ ਨੂੰ ਹੌਲੀ ਹੌਲੀ ਗਵਾਉਂਦੇ ਜਾ ਰਹੇ ਹਨ, ਨੇ ਇਸ ਮਾਮਲੇ ਵਿਚ ਆਪਣੀ ਰਾਏ ਦਿੰਦਿਆਂ ਕਿਹਾ ਕਿ ਜਦੋਂ ਕਿਸੇ ਔਰਤ ਨੂੰ ਆਪਣੀ ਪਹਿਚਾਣ ਦੇਣੀ ਜ਼ਰੂਰੀ ਹੋਵੇ ਤਾਂ ਨਕਾਬ ਉਤਾਰਿਆ ਜਾਣਾ ਜ਼ਰੂਰੀ ਹੈ, ਜਿਸ ਨਾਲ ਕਿਸੇ ਨੂੰ ਵੀ ਕੋਈ ਆਪੱਤੀ ਨਹੀਂ ਹੋਣੀ ਚਾਹੀਦੀ। ਉਨਹਾਂ ਕਿਹਾ ਕਿ ਸਾਨੂੰ ਇਸ ਮੁੱਦੇ ਪਿਛਲੇ ਮੁੱਖ ਲੋੜ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ, ਅਤੇ ਇਕਮਤ ਹੋ ਕੇ ਅੱਗੇ ਵੱਧਣਾ ਚਾਹੀਦਾ ਹੈ।

ਗ੍ਰੀਨ ਪਾਰਟੀ ਦੀ ਲੀਡਰ ਐਲੀਜ਼ਾਬੈੱਥ ਮੇਅ ਇਸ ਮੁੱਦੇ ਤੋਂ ਬਹੁਤੀ ਖੁਸ਼ ਨਜ਼ਰ ਨਹੀਂ ਆਈ। ਉਨਹਾਂ ਕਿਹਾ ਕਿ, “ਇਸ ਮੁੱਦੇ ਨੂੰ ਛੇੜ ਕੇ ਇਕ ਗਲਤ ਡਿਬੇਟ ਸ਼ੁਰੂ ਕੀਤੀ ਗਈ ਹੈ, ਨਕਾਬ ਦਾ ਆਰਥਿਕਤਾ ਦੇ ਨਾਲ ਕੀ ਵਾਸਤਾ?”

ਵੱਖ ਵੱਖ ਪਾਰਟੀ ਲੀਡਰਾਂ ਵੱਲੋਂ ਦੂਜੀਆਂ ਪਾਰਟੀਆਂ ਦੇ ਸਟੈਂਡ ਨੂੰ ਗਲਤ ਦਰਸਾਉਂਦੇ ਹੋਏ ਆਪਣੀ ਰਾਏ ਨੂੰ ਸਾਹਮਣੇ ਰੱਖਿਆ ਗਿਆ।

Facebook Comment
Project by : XtremeStudioz