Close
Menu

ਫ਼ੌਜ ਦੇ ਤਾਲਮੇਲ ਦੀ ਘਾਟ ਕਾਰਨ ਬਚ ਨਿਕਲਿਆ ਸੀ ਬਗ਼ਦਾਦੀ

-- 10 March,2015

ਲੰਡਨ, ਇਰਾਕ ਦੀ ਖੁਫੀਆ ਏਜੰਸੀ ਨੇ ਪਿਛਲੇ ਸਾਲ ਇਸਲਾਮਿਕ ਸਟੇਟ ਮੁਖੀ ਤੇ ਦੁਨੀਆਂ ਦੇ ਖੂੰਖਾਰ ਅਤਿਵਾਦੀ ਅਬੂ ਬਕਰ ਅਲ ਬਗਦਾਦੀ ਨੂੰ ਖੋਜ ਲਿਆ ਸੀ ਪਰ ਇਰਾਕ ਦੀ ਹਵਾਈ ਸੈਨਾ ਵੱਲੋਂ ਸਮੇਂ ਸਿਰ ਕਾਰਵਾਈ ਨਾ ਕੀਤੇ ਜਾਣ ਕਾਰਨ ਉਹ ਸੁਰੱਖਿਅਤ ਬਚ ਨਿਕਲਿਆ।
ਇਰਾਕ ਦੀ ਖੁਫੀਆ ਏਜੰਸੀ ‘ਫਾਲਕਨਜ਼ ਸੈੱਲ’ ਨੇ ਬੀਤੇ ਸਾਲ ਨਵੰਬਰ ਮਹੀਨੇ ਵਿੱਚ ਇਸਲਾਮਿਕ ਸਟੇਟ ਦੇ ਮੁਖੀ ਅਬੂ ਬਕਰ ਅਲ ਬਗਦਾਦੀ ਦਾ ਪਤਾ ਲਾ ਲਿਆ ਸੀ ਤੇ ਏਜੰਸੀ ਦੇ ਬਗਦਾਦ ਵਿੱਚ ਸਥਿਤ ਮੁੱਖ ਦਫਤਰ ਤੋਂ ਇਸ ਆਸ ਦੇ ਨਾਲ ਇਰਾਕ ਦੀ ਹਵਾਈ ਸੈਨਾ ਨੂੰ ਹੁਕਮ ਜਾਰੀ ਕੀਤਾ ਕਿ ਇਸ ਹਮਲੇ ਵਿੱਚ ਬਗਦਾਦੀ ਮਾਰਿਆ ਜਾਵੇਗਾ ਤੇ ਲੜਾਈ ਦਾ ਰੁਖ ਬਦਲ ਜਾਵੇਗਾ ਤੇ ਉਨ੍ਹਾਂ ਦਾ ਮਿਸ਼ਨ ਵੀ ਸਫਲ ਹੋ ਜਾਵੇਗਾ ਪਰ ਹਵਾਈ ਫੌਜ ਦੇ ਅਧਿਕਾਰੀਆਂ ਨੇ ਫੈਸਲਾ ਲੈਂਦਿਆਂ ਲੈਂਦਿਆਂ ਸਮਾਂ ਲਾ ਦਿੱਤਾ ਅਤੇ ਇਸ ਦੌਰਾਨ ਬਗਦਾਦੀ ਬਚ ਕੇ ਨਿਕਲ ਗਿਆ।
ਬਗਦਾਦ ਤੋਂ 400 ਕਿਲੋਮੀਟਰ ਦੂਰ ਇਕ ਛੋਟੇ ਸਰਹੱਦੀ ਕਸਬੇ ਅਲ ਕੁਆਇਮ ਵਿੱਚ ਬਗਦਾਦੀ ਇਕ ਨਰਸਰੀ ਸਕੂਲ ਵਿੱਚ ਸਵੇਰੇ ਆਪਣੇ ਸੀਨੀਅਰ ਸਾਥੀਆਂ ਦੇ ਨਾਲ ਪੁੱਜਾ ਤੇ ਦਰਜਨਾਂ ਹੀ ਹੋਰ ਲੜਾਕੇ ਉਸ ਦੇ ਨਾਲ ਸਨ ਤੇ ਉਹ ਇਥੇ ਬਗਦਾਦੀ ਨੂੰ ਆਪਣਾ ਨਵਾਂ ਆਗੂ ਚੁਣਨ ਲਈ ਸਹੁੰ ਚੁੱਕਣ ਆਏ ਸਨ।
‘ਦਿ ਸੰਡੇ ਟਾਈਮਜ਼’ ਦੀ ਰਿਪੋਰਟ ਦੇ ਅਨੁਸਾਰ ਨਕਲੀ ਨਾਂ ਮੇਜਰ ਬਕਰ ਦੇ ਅਨੁਸਾਰ, ”ਸਾਨੂੰ ਬਗਦਾਦੀ ਬਾਰੇ ਆਪਣੇ ਸਰੋਤਾਂ ਤੋਂ ਜਾਣਕਾਰੀ ਮਿਲੀ ਤੇ ਉਹ ਉੱਥੇ ਸੀ ਤੇ ਇਰਾਕ ਦੀ ਹਵਾਈ ਸੈਨਾ ਨੂੰ ਸਕੂਲ ਉੱਤੇ ਹਮਲਾ ਕਰਨ ਦੇ ਹੁਕਮ ਦਿੱਤੇ ਗਏ ਪਰ ਰੱਖਿਆ ਵਿਭਾਗ ਨੇ ਕੋਈ ਕਾਰਵਾਈ ਨਾ ਕੀਤੀ। ਰੱਖਿਆ ਵਿਭਾਗ ਦੇ ਅਧਿਕਾਰੀ ਹਮਲੇ ਨੂੰ ਅੰਜਾਮ ਦੇਣ ਲਈ ਪ੍ਰਧਾਨ ਮੰਤਰੀ ਦਫਤਰ ਤੋਂ ਹੁਕਮ ਦੀ ਇਕ ਘੰਟੇ ਤੱਕ ਉਡੀਕ ਕਰਦੇ ਰਹੇ। ਇਸ ਦੌਰਾਨ ਉਹ ਕੀਮਤੀ ਸਮਾਂ ਲੰਘ ਗਿਆ ਜਿਸ ਦੌਰਾਨ ਕੀਤੀ ਕਾਰਵਾਈ ਇਸ ਖਿੱਤੇ ਦੀ ਕਿਸਮਤ ਬਦਲ ਸਕਦੀ ਸੀ ਤੇ ਇਕ ਖੂਨੀ ਲੜਾਈ ਖਤਮ ਹੋਣ ਦੇ ਕੰਢੇ ਪੁੱਜ ਜਾਣੀ ਸੀ।
ਬਾਅਦ ਵਿੱਚ ਸਕੂਲ ਉੱਤੇ ਹਮਲਾ ਕਰਨ ਦੀ ਥਾਂ ਜਦੋਂ ਬਗਦਾਦੀ ਦਾ ਕਾਫਲਾ ਜਾ ਰਿਹਾ ਸੀ ਤਾਂ ਉਸ ਉੱਤੇ ਹਵਾਈ ਹਮਲਾ ਕਰ ਦਿੱਤਾ ਗਿਆ ਤੇ ਬਗਦਾਦੀ ਕਿਸ ਵਾਹਨ ਵਿੱਚ ਸੀ, ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਇਸ ਹਮਲੇ ਵਿੱਚ ਬਗਦਾਦੀ ਦਾ ਸੀਨੀਅਰ ਸਹਿਯੋਗੀ ਅਬੂ ਮੁਹੰਮਦ ਮਾਰਿਆ ਗਿਆ ਅਤੇ ਦਸ ਵਾਹਨ ਵੀ ਤਬਾਹ ਹੋ ਗਏ। ‘ਫਾਲਕਲ’ ਨੂੰ ਇਨਾਮ ਮਿਲਣਾ ਸੀ, ਉਹ ਵੀ ਹੱਥੋਂ ਨਿਕਲ ਗਿਆ ਇਸ ਹਮਲੇ ਵਿੱਚ ਬਗਦਾਦੀ ਵੀ ਜ਼ਖਮੀ ਹੋ ਗਿਆ ਸੀ ਪਰ ਬਾਅਦ ਵਿੱਚ ਉਹ ਲਿਬੀਆ ਵਿੱਚ ਆਪਣੇ ਸੁਰੱਖਿਅਤ ਟਿਕਾਣੇ ਉੱਤੇ ਪੁੱਜ ਗਿਆ।
ਇਸ ਤਰ੍ਹਾਂ ਉੱਚ ਅਧਿਕਾਰੀਆਂ ਦੇ ਆਪਸੀ ਤਾਲਮੇਲ ਦੀ ਘਾਟ ਕਾਰਨ ਤੇ ਨਿੱਜੀ ਹਊਮੈ ਕਾਰਨ ਦੁਨੀਆਂ ਦੀ ਸਭ ਤੋਂ ਅਮੀਰ ਤੇ ਖੂੰਖਾਰ ਅਤੇ ਬੇਸ਼ਕੀਮਤੀ ਹਥਿਆਰਾਂ ਨਾਲ ਲੈਸ ਅਤਿਵਾਦੀ ਜਥੇਬੰਦੀ ਦੇ ਮੁਖੀ ਨੂੰ ਮਾਰਨ ਦਾ  ਅਹਿਮ ਸਮਾਂ ਹੱਥੋਂ ਲੰਘ ਗਿਆ। ਇਸ ਤੋਂ ਬਗਦਾਦੀ ਨੇ ਖੁਦ ਨੂੰ ਖਲੀਫਾ ਐਲਾਨ ਦਿੱਤਾ ਤੇ ਆਈ.ਐੱਸ.ਆਈ.ਐਸ. ਦਾ ਨਾਂ ਬਦਲ ਕੇ ਇਸਲਾਮਿਕ ਸਟੇਟ ਰੱਖ ਦਿੱਤਾ ਜੋ ਕਿ ਵਿਨਾਸ਼, ਤਬਾਹੀ ਦਾ ਦੂਜਾ ਨਾਂ ਹੈ ਜਿਸ ਨੇ ਇਰਾਕ ਅਤੇ ਲਿਬੀਆ ਦੇ ਵਿਚਕਾਰਲੇ ਇਲਾਕੇ ਵਿੱਚ ਆਪਣਾ ਰਾਜ ਸਥਾਪਿਤ ਕਰ ਲਿਆ ਹੈ।

Facebook Comment
Project by : XtremeStudioz