Close
Menu

16 ਦਸੰਬਰ ਨੂੰ ਪਾਸ ਹੋਵੇਗੀ ਖਿਡਾਰੀਆਂ ਲਈ ਨਵੀਂ ਨੌਕਰੀ ਨੀਤੀ – ਸੁਖਬੀਰ ਬਾਦਲ

-- 11 December,2014

* ਟਿਊਬਵੈਲ ਕੁਨੈਕਸ਼ਨਾਂ ‘ਤੇ ਲਾਈ ਰੋਕ ਹਟਵਾਉਣ ਲਈ ਨਾਮੀ ਕਾਨੂੰਨੀ ਮਾਹਿਰਾਂ ਦੀਆਂ ਸੇਵਾਵਾਂ ਲਈਆਂ

* ਪਿੰਡਾਂ ਵਿਚ ਮੰਗ ਦੇ ਆਧਾਰ ‘ਤੇ ਸਥਾਪਿਤ ਹੋਣਗੇ ਵਾਟਰ ਵਰਕਸ

ਚੋਹਲਾ ਸਾਹਿਬ (ਤਰਨਤਾਰਨ),  ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਮੰਤਰੀ ਮੰਡਲ ਵਲੋਂ 16 ਦਸੰਬਰ ਦੀ ਮੀਟਿੰਗ ਵਿਚ ਨਵੀਂ ਨੌਕਰੀ ਨੀਤੀ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਜੋ ਰਾਜ ਅੰਦਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਹੋਏ ਖੇਡ ਸਭਿਆਚਾਰ ਉਪਰ ਜੋਰ ਦਿੱਤਾ ਜਾ ਸਕੇ।

ਅੱਜ ਇੱਥੇ ਪੰਜਵੇਂ ਵਿਸ਼ਵ ਕਬੱਡੀ ਕੱਪ ਦੇ ਲੀਗ ਮੈਚਾਂ ਦੌਰਾਨ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਨੀਤੀ ਤਹਿਤ ਖਿਡਾਰੀਆਂ ਨੂੰ ਨੌਕਰੀ ਮਿਲਣ ਦੇ ਪਹਿਲੇ 10 ਸਾਲ ਖੇਡ ਵਿਭਾਗ  ਵਿਚ ਡੈਪੂਟੇਸ਼ਨ ‘ਤੇ ਹੀ ਕੰਮ ਕਰਨਾ ਹੋਵੇਗਾ ਤੇ ਉਹ ਉਭਰਦੇ ਖਿਡਾਰੀਆਂ ਨੂੰ ਕੋਚਿੰਗ ਦੇਣ ਦਾ ਕੰਮ ਕਰਨਗੇ। ਸ. ਬਾਦਲ ਨੇ ਕਿਹਾ ਕਿ 125 ਦੇ ਕਰੀਬ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।

ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਟੀਚੇ ਅਨੁਸਾਰ 2016 ਵਿਚ ਰੀਓ-ਡੀ-ਜਨੇਰਿਓ (ਬ੍ਰਾਜ਼ੀਲ) ਵਿਖੇ ਹੋਣ ਵਾਲੀਆਂ ਉਲੰਪਿਕ ਖੇਡਾਂ ਦੌਰਾਨ ਭਾਰਤੀ ਦਲ ਵਿਚ ਪੰਜਾਬ ਦੇ ਖਿਡਾਰੀਆਂ ਦੀ ਸਭ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਤਿਆਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਮੁਹਾਲੀ ਵਿਖੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਸਥਾਪਿਤ ਕੀਤਾ ਜਾ ਚੁੱਕਾ ਹੈ। ਇਸ ਇੰਸਟੀਚਿਊਟ ਵਿਖੇ 11 ਵੱਖ-ਵੱਖ ਖੇਡ ਸ਼੍ਰੇਣੀਆਂ ਲਈ ਡਾਇਰੈਕਟੋਰੇਟ ਸਥਾਪਿਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਇੱਥੇ ਉਭਰਦੇ ਖਿਡਾਰੀਆਂ ਨੂੰ ਦਾਖਲਾ ਦੇ ਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਲਈ ਕੋਚਿੰਗ, ਖੁਰਾਕ, ਮਨੋਵਿਗਿਆਨਕ ਸਿਖਲਾਈ,ਫੂਡ ਸਪਲੀਮੈਂਟ  ਆਦਿ ਬਿਲਕੁਲ ਮੁਫਤ ਮੁਹੱਈਆ ਕਰਵਾਏ ਜਾਣਗੇ। ਸ. ਬਾਦਲ ਨੇ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡ ਬੁਨਿਆਦੀ ਢਾਂਚੇ ਲਈ ਵੱਖਰਾ ਫੰਡ ਕਾਇਮ ਕੀਤਾ ਗਿਆ ਹੈ ਜਿਸ ਤਹਿਤ ਸਾਲਾਨਾ 100 ਕਰੋੜ ਰੁਪੈ ਖਰਚ ਕੀਤੇ ਜਾ ਰਹੇ ਹਨ।

ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਜਾਰੀ ਕਰਨ ਸਬੰਧੀ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਲੱਖ ਟਿਊਬਵੈਲ ਕੁਨੈਕਸ਼ਨ ਜਾਰੀ ਕੀਤੇ ਸਨ ਜਿਨ੍ਹਾਂ ‘ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਰੋਕ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਰੋਕ ਨੂੰ ਹਟਵਾਉਣ ਲਈ ਨਾਮੀ ਕਾਨੂੰਨੀ ਮਾਹਿਰਾਂ ਦੀਅÎਾਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਸ. ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਹਰ ਪਿੰਡ ਵਿਚ ਮੰਗ ਦੇ ਆਧਾਰ ‘ਤੇ ਹੀ ਵਾਟਰ ਵਰਕਸ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਤਰਨਤਾਰਨ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਸਟੇਡੀਅਮ ਨੂੰ ਫਲੱਡ ਲਾਇਟਾਂ ਤੇ ਨਵੀਨਤਮ ਸਹੂਲਤਾਂ ਨਾਲ ਲੈਸ ਕਰਨ ਲਈ ਇਕ ਮਹੀਨੇ ਦੇ ਅੰਦਰ-ਅੰਦਰ ਕੰਮ ਸ਼ੂਰੂ ਹੋ ਜਾਵੇਗਾ।

ਸੜਕੀ ਬੁਨਿਆਦੀ ਢਾਂਚੇ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਸਾਰੇ ਸੂਬੇ ਦੇ ਸ਼ਹਿਰਾਂ ਨੂੰ 4-6 ਮਾਰਗੀ ਸੜਕਾਂ ਨਾਲ ਜੋੜਨ ਲਈ 11000 ਕਰੋੜ ਰੁਪੈ ਖਰਚ ਕੀਤੇ ਜਾ ਰਹੇ ਹਨ ਜਿਸ ਨਾਲ ਮੁੱਖ ਤੌਰ ‘ਤੇ ਅੰਮ੍ਰਿਤਸਰ-ਬਠਿੰਡਾ, ਤਰਨਤਾਰਨ-ਫਰੀਦਕੋਟ, ਫਗਵਾੜਾ-ਮੁਹਾਲੀ,ਅੰਮ੍ਰਿਤਸਰ-ਫਿਰੋਜ਼ਪੁਰ ਆਦਿ ਮਾਰਗਾਂ ਨੂੰ 4 ਮਾਰਗੀ ਕਰਨਾ ਸ਼ਾਮਿਲ ਹੈ। ਇਸ ਤੋਂ ਇਲਾਵਾ ਲਿੰਕ ਸੜਕਾਂ ਦੇ ਮਜ਼ਬੂਤੀਕਰਨ ਲਈ ਵੀ ਵਿਸ਼ਵ ਬੈਂਕ ਵਲੋਂ 2000 ਕਰੋੜ ਰੁਪੈ ਮਨਜ਼ੂਰ ਕੀਤੇ ਗਏ ਹਨ।

ਇਸ ਮੌਕੇ ਸ. ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਮੰਤਰੀ ਪੰਜਾਬ ਨੇ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸ. ਬਾਦਲ ਦੀ ਯੋਗ ਅਗਵਾਈ ਸਦਕਾ ਪੰਜਾਬ ਨੇ ਸਿੱਖਿਆ, ਸਿਹਤ, ਮੁੱਢਲੇ ਢਾਂਚੇ, ਬਿਜਲੀ ਉਤਪਾਦਨ ਦੇ ਖੇਤਰ ਵਿਚ ਜਿਕਰਯੋਗ ਤਰੱਕੀ ਕੀਤੀ ਹੈ ਅਤੇ ਪੰਜਾਬ ਦੀ ਆਰਥਿਕਤਾ ਮਜਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਉੱਪ ਮੁੱਖ ਮੰਤਰੀ ਵੱਲੋਂ ਪੰਜਾਬ ਦੀ ਇਸ ਅਣਗੌਲੀ ਖੇਡ ਨੂੰ ਇਕ ਵਾਰ ਦੁਬਾਰਾ ਵਿਸ਼ਵ ਦੇ ਨਕਸ਼ੇ ‘ਤੇ ਲੈ ਆਂਦਾ ਹੈ ਅਤੇ ਪੰਜਾਬ ਵਿਚ ਇਸ ਵੇਲੇ ਖੇਡਾਂ ਦਾ ਮਾਹੌਲ ਵੱਡੇ ਪੱਧਰ ‘ਤੇ ਸਿਰਜਿਆ ਗਿਆ ਹੈ ਅਤੇ ਪੰਜਾਬ ਦੀ ਜਵਾਨੀ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋ ਰਹੀ ਹੈ। ਉਨ੍ਹਾਂ ਸ. ਬਾਦਲ ਜੋ ਕਿ ਪੰਜਾਬ ਦੇ ਖੇਡ ਮੰਤਰੀ ਵੀ ਹਨ, ਨੂੰ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਨੂੰ ਅਧੁਨਿਕ ਖੇਡ ਸਹੂਲਤਾਂ ਨਾਲ ਲੈਸ ਕੀਤਾ ਜਾਵੇ, ਤਾਂ ਜੋ ਇੱਥੇ ਸਾਰਾ ਸਾਲ ਖੇਡ ਸਰਗਰਮੀਆਂ ਚੱਲਦੀਆਂ ਰਹਿਣ ਅਤੇ ਨੌਜਵਾਨ ਲਗਾਤਾਰ ਖੇਡਾਂ ਨਾਲ ਜੁੜੇ ਰਹਿਣ।

ਇਸ ਮੌਕੇ ‘ਤੇ ਉਨ੍ਹਾਂ ਨਾਲ ਪ੍ਰੋ. ਵਿਰਸਾ ਸਿੰਘ ਵਲਟੋਹਾ, ਸ. ਹਰਮੀਤ ਸਿੰਘ ਸੰਧੂ ਦੋਵੇਂ ਮੁੱਖ ਪਾਰਲੀਮਾਨੀ ਸਕੱਤਰ, ਮਨਜੀਤ ਸਿੰਘ ਮੰਨਾ, ਸ. ਬਲਜੀਤ ਸਿੰਘ ਜਲਾਲਉਸਮਾ ਦੋਵੇਂ ਵਿਧਾਇਕ, ਸ. ਵੀਰ ਸਿੰਘ ਲੋਪੋਕੇ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ, ਸ. ਰਾਜਮਹਿੰਦਰ ਸਿੰਘ ਮਜੀਠੀਆ ਸਾਬਕਾ ਐੱਮ.ਪੀ., ਸ. ਹਰੀ ਸਿੰਘ ਜੀਰਾ, ਸ. ਰਵਿੰਦਰ ਸਿੰਘ ਬ੍ਰਹਮਪੁਰਾ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ, ਸ. ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਸ. ਨਵਰੀਤ ਸਿੰਘ ਸਫੀਪੁਰ ਜ਼ਿਲਾ ਪ੍ਰਧਾਨ ਭਾਜਪਾ, ਭਾਈ ਮਨਜੀਤ ਸਿੰਘ ਚੇਅਰਮੈਨ ਪੇਡਾ, ਬੀਬੀ ਸਰਬਜੀਤ ਕੌਰ ਬਾਠ, ਸ. ਗੁਰਬਚਨ ਸਿੰਘ ਕਰਮੂੰਵਾਲ ਮੈਂਬਰ ਐੱਸ.ਜੀ.ਪੀ.ਸੀ., ਸ. ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ, ਸ੍ਰੀ ਮਨਮੋਹਨ ਕੁਮਾਰ ਸ਼ਰਮਾ ਐੱਸ.ਐੱਸ.ਪੀ, ਸ. ਰਮਨਦੀਪ ਸਿੰਘ ਭਰੋਵਾਲ, ਸ. ਭੁਪਿੰਦਰ ਸਿੰਘ ਭਿੰਦਾ, ਸ. ਦਲਬੀਰ ਸਿੰਘ ਜਹਾਂਗੀਰ ਆਦਿ ਹਾਜਰ ਸਨ।

Facebook Comment
Project by : XtremeStudioz