Close
Menu

1984 ਦੇ ਸਿੱਖ ਕਤਲੇਆਮ ਕੇਸਾਂ ਦੀ ਜਾਂਚ ਲਈ ਦੋ ਮੈਂਬਰੀ ਐਸ ਆਈ ਟੀ ਬਣਾਉਣ ਦਾ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਵਾਗਤ

-- 04 December,2018

ਸੁਪਰੀਮ ਕੋਰਟ ਦੇ ਫੈਸਲੇ ਨਾਲ ਕੇਸਾਂ ਦੀ ਜਾਂਚ ਜਲਦ ਕਰਨ ਦਾ ਕੰਮ ਲੀਹ ‘ਤੇ ਪਵੇਗਾ : ਸਿਰਸਾ
ਨਵੀਂ ਦਿੱਲੀ, 4 ਦਸੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ ਲਈ ਦੋ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀਮ) ਗਠਿਤ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਆਖਿਆ ਹੈ ਕਿ ਇਸ ਨਾਲ ਪਹਿਲਾਂ ਬੰਦ ਕੀਤੇ ਗਏ 186 ਕੇਸਾਂ ਨੂੰ ਮੁੜ ਖੋਲ• ਕੇ ਜਾਂਚ ਜਲਦ ਮੁਕੰਮਲ ਕਰਨ ਦਾ ਕੰਮ ਲੀਹ ‘ਤੇ ਪੈ ਜਾਵੇਗਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਦੋ ਮੈਂਬਰੀ ਐਸ ਆਈ ਟੀ ਰੱਖਣ ਦੇ ਫੈਸਲੇ ਦੀ ਬਦੌਲਤ ਜਿਥੇ ਜਾਂਚ ਜਲਦ ਹੋ ਸਕੇਗੀ, ਉਥੇ ਹੀ ਜਲਦ ਮੁਕੱਦਮੇ ਦੀ ਪ੍ਰਕਿਰਿਆ ਮੁਕੰਮਲ ਕਰ ਕੇ ਪੀੜਤ ਪਰਿਵਾਰਾਂ ਨੂੰ ਨਿਆਂ ਮਿਲਣ ਦਾ ਸਬੱਬ ਬਣੇਗਾ। ਉਹਨਾਂ ਕਿਹਾ ਕਿ ਡੀ ਐਸ ਜੀ ਐਮ ਸੀ ਨੇ ਸਬੂਤਾਂ ਦੀ ਅਣਹੋਂਦ ਕਾਰਨ ਬੰਦ ਕੀਤੇ ਗਏ 186 ਕੇਸ ਦੁਬਾਰਾ ਖੋਲ•ੇ ਜਾਣ ਲਈ ਪਟੀਸ਼ਨ ਦਾਇਰ ਇਸ ਕਰ ਕੇ ਕੀਤੀ ਸੀ ਕਿ ਉਸਦਾ ਮੰਨਣਾ ਹੈ ਕਿ ਸਰਵ ਉਚ ਅਦਾਲਤ ਦੀ ਨਿਗਰਾਨ ਹੇਠ ਹੋਣ ਵਾਲੀ ਜਾਂਚ ਦੀ ਬਦੌਲਤ ਜਿਥੇ ਸਬੂਤ ਸਾਹਮਦੇ ਆਉਣਗੇ, ਉਥੇ ਹੀ ਕੇਸਾਂ ਦਾ ਨਿਪਟਾਰਾ ਵੀ ਸਹੀ ਢੰਗ ਨਾਲ ਹੋ ਸਕੇਗਾ।
ਉਹਨਾਂ ਕਿਹਾ ਕਿ ਸਿੱਖ ਭਾਈਚਾਰਾ ਵਿਸ਼ਵ ਦੇ ਸਭ ਤੋਂ ਘਿਨੌਣੇ ਨਸਲਕੁਸ਼ੀ ਕਾਂਡ ਦੇ ਪੀੜਤਾਂ ਵਾਸਤੇ ਨਿਆਂ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨਸਲਕੁਸ਼ੀ ਕਾਂਡ ਵਿਚ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨੇ ਇਕ ਵਿਸ਼ੇਸ਼ ਫਿਰਕੇ ਨੂੰ ਨਿਸ਼ਾਨਾ ਬਣਾਇਆ ਤੇ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ ਕਾਂਗਰਸ ਦੇ ਗੁੰਡਿਆਂ ਨੇ ਹਜ਼ਾਰਾਂ ਨਿਰਦੋਸ਼ ਪੁਰਸ਼ਾਂ, ਮਹਿਲਾਵਾਂ ਤੇ ਬੱਚਿਆਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ। ਉਹਨਾਂ ਕਿਹਾ ਕਿ ਅੱਜ ਦੇ ਫੈਸਲੇ ਸਦਕਾ ਸਿੱਖ ਭਾਈਚਾਰੇ ਨੂੰ ਆਸ ਬੱਝੀ ਹੈ ਕਿ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਵੀ ਬੇਨਕਾਬ ਹੋ ਸਕਣਗੇ। ਉਹਨਾਂ ਕਿਹਾ ਕਿ ਹਾਲ ਹੀ ਵਿਚ ਅਜਿਹੇ ਹੀ ਇਕ ਕੇਸ ਵਿਚ ਇਕ ਮੁਜਰਿਮ ਨੂੰ ਫਾਂਸੀ ਤੇ ਦੂਜੇ ਨੂੰ ਉਮਰ ਕੈਦ ਦੀ ਸਜ਼ਾ ਮਿਲਣ ਨਾਲ ਸਿੱਖਾਂ ਦੀ ਨਿਆਂ ਦੀ ਆਸ ਹੋਰ ਵਧੀ ਹੈ। ਉਹਨਾਂ ਕਿਹਾ ਕਿ ਹੁਣ ਇਸ ਕੇਸ ਵਾਂਗ ਹੀ ਹੋਰ ਕੇਸਾਂ ਵਿਚ ਵੀ ਜਾਂਚ ਤੇਜ਼ ਰਫਤਾਰ ਹੋ ਸਕੇਗੀ ਤੇ ਨਿਆਂ ਆਖਿਰਕਾਰ ਨਸੀਬ ਹੋਵੇਗਾ।
ਸ੍ਰੀ ਸਿਰਸਾ ਨੇ ਮੁੜ ਦੁਹਰਾਇਆ ਕਿ ਡੀ ਐਸ ਜੀ ਐਮ ਸੀ ਤੇ ਸ੍ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਇਹਨਾਂ ਕੇਸਾਂ ਨੂੰ ਤਰਕਸੰਗਤ ਨਤੀਜੇ ਤੱਕ ਲੈ ਕੇ ਜਾਵੇਗਾ ਤੇ ਪੀੜਤਾਂ ਨੂੰ ਨਿਆਂ ਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਯਕੀਨੀ ਬਣਾਏਗਾ।

Facebook Comment
Project by : XtremeStudioz