Close
Menu

1984 ਸਿੱਖ ਕਤਲੇਆਮ ਦੇ ਇਨਸਾਫ ਲਈ ਧਨੌਲਾ ਵਲੋਂ ਜੰਤਰ-ਮੰਤਰ ਵਿਖੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ

-- 10 December,2014

ਨਵੀਂ ਦਿੱਲੀ, ਪੰਜਾਬ ਦੀ ਗੈਰ-ਸਰਕਾਰੀ ਸੰਸਥਾ ‘ਮਾਨਵ ਸੇਵਾ ਸੰਗਠਨ’ ਦੇ ਮੁਖੀ ਬਿਰਕਮ ਸਿੰਘ ਧਨੌਲਾ ਦੀ ਅਗਵਾਈ ਸਮੇਤ ਸੰਸਥਾ ਦੇ ਮੈਂਬਰਾਂ ‘ਤੇ ਆਧਾਰਿਤ ਵਫਦ ਨੇ ਪ੍ਰਧਾਨ ਮੰਤਰੀ ਦੇ ਦਫ਼ਤਰ ਮੰਗ-ਪੱਤਰ ਸੌਂਪ ਕੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਤੇ ਪੀੜਤਾਂ ਲਈ ਇਨਸਾਫ ਦੀ ਮੰਗ ਕੀਤੀ। ਇਨਸਾਫ ਦੀ ਮੰਗ ਲਈ ਸ੍ਰੀ ਦਰਬਾਰ ਸਾਹਿਬ ਤੋਂ ਸਾਈਕਲ ਯਾਤਰਾ ਰਾਹੀਂ ਦਿੱਲੀ ਪੁੱਜੇ ਵਿਕਰਮ ਸਿੰਘ ਧਨੌਲਾ ਨੇ ਪ੍ਰਧਾਨ ਮੰਤਰੀ ਦੇ ਦਫਤਰ ਮੰਗ-ਪੱਤਰ ਸੌਂਪਣ ਉਪਰੰਤ ਜੰਤਰ-ਮੰਤਰ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਵਿਕਰਮ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਕੇਂਦਰ ‘ਚ ਭਾਜਪਾ ਦੀ ਸਰਕਾਰ ਬਣਨ ਉਪਰੰਤ ਸਿੱਖ ਕੌਮ ਨੂੰ ਇਨਸਾਫ ਦਿਵਾਇਆ ਜਾਵੇਗਾ ਪ੍ਰੰਤੂ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਨਿਕਲ ਗਿਆ ਹੈ ਪ੍ਰੰਤੂ ਸਰਕਾਰ ਨੇ ਆਪਣੇ ਵਾਅਦੇ ਪ੍ਰਤੀ ਕੋਈ ਗੰਭੀਰਤਾ ਨਹੀਂ ਵਿਖਾਈ। ਸਿੱਖ ਕਤਲੇਆਮ ਨਾਲ ਸਬੰਧਿਤ ਮਹੱਤਵਪੂਰਨ ਤੱਥਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਵਿਕਰਮ ਸਿੰਘ ਨੇ ਕਿਹਾ ਕਿ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਨਿਰਦੋਸ਼ ਸਿੱਖਾਂ ਦੀਆਂ ਵਿਧਵਾਵਾਂ, ਜੋ ਕਿ ਮੌਕਾ-ਏ-ਵਾਰਦਾਤ ਦੀਆਂ ਸਾਰਥਕ ਗਵਾਹ ਹਨ, ਅੱਜ ਵੀ ਸੇਜਲ ਅੱਖਾਂ ਨਾਲ ਇਨਸਾਫ ਦੀ ਉਡੀਕ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਕਤ ਦੀ ਹਕੂਮਤ ਨੇ ਸਿੱਖ ਕਤਲੇਆਮ ਨੂੰ ਅੰਜਾਮ ਦੇਣ ਲਈ ਸਰਕਾਰੀ ਮਸ਼ੀਨਰੀ ਦੀ ਰੱਜ ਦੇ ਦੁਰਵਰਤੋਂ ਕੀਤੀ, ਜਿਸ ਦੀ ਪੂਰੀ ਸਚਾਈ ਜਨਤਾ ਸਾਹਮਣੇ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨਸਾਫ ਵਾਸਤੇ 18 ਕਮਿਸ਼ਨ ਗਠਿਤ ਕੀਤੇ ਜਾ ਚੁੱਕੇ ਹਨ ਤੇ ਸਿੱਖਾਂ ਸਮੇਤ ਇਨਸਾਫ ਪਸੰਦ ਲੋਕਾਂ ਵਲੋਂ ਅਣਗਿਣਤ ਵਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਪ੍ਰੰਤੂ 30 ਵਰ੍ਹੇ ਬੀਤਣ ਉਪਰੰਤ ਵੀ ਨਿਆਂ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਨੂੰ ਛੇਤੀ ਤੋਂ ਛੇਤੀ ਇਨਸਾਫ ਦਿੱਤਾ ਜਾਵੇ ਜਾਂ ਫਿਰ ਲਿਖਤੀ ਰੂਪ ‘ਚ ਐਲਾਨਿਆ ਜਾਵੇ ਕਿ ਅਦਾਲਤਾਂ ਦੇ ਦਰਵਾਜੇ ਸਿੱਖ ਕੌਮ ਲਈ ਹਮੇਸ਼ਾਂ ਲਈ ਬੰਦ ਹੋ ਚੁੱਕੇ ਹਨ। ਜੰਤਰ ਮੰਤਰ ਵਿਖੇ ਭੁੱਖ ਹੜਤਾਲ ‘ਤੇ ਬੈਠੇ ਵਿਕਰਮ ਸਿੰਘ ਨਾਲ ਸੰਸਥਾ ਦੇ ਸਹਿਯੋਗੀ ਹਰਮੀਤ ਕੌਰ ਬਰਾੜ (ਪਟਿਆਲਾ), ਅਮਨਦੀਪ ਸਿੰਘ (ਲੁਧਿਆਣਾ), ਨਿਸ਼ਾ ਸ਼ਰਮਾ (ਬਰਨਾਲਾ), ਜਤਿੰਦਰ ਸਿੰਘ (ਸੰਗਰੂਰ) ਤੇ ਮੱਧ ਪ੍ਰਦੇਸ਼ ਤੋਂ ਆਏ ਹਿੰਦੂ ਭਾਈਚਾਰੇ ਨਾਲ ਸਬੰਧਿਤ ਸੰਤ ਰਾਜਕਵਲ ਵੀ ਸ਼ਾਮਿਲ ਸਨ।

Facebook Comment
Project by : XtremeStudioz