Close
Menu

2002 ਵਿਚ ਭਾਜਪਾ ਨੂੰ ਮੁਫਤੀ ‘ਤੇ ਵਿਸ਼ਵਾਸ ਨਹੀਂ ਸੀ-ਦੁਲਤ

-- 04 July,2015

ਨਵੀਂ ਦਿੱਲੀ,4 ਜੁਲਾਈ -ਅੱਜ ਭਾਵੇਂ ਭਾਜਪਾ ਅਤੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਦੀ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਜੰਮੂ ਤੇ ਕਸ਼ਮੀਰ ਵਿਚ ਸੱਤਾਧਾਰੀ ਗੱਠਜੋੜ ਵਿਚ ਭਾਈਵਾਲ ਹਨ ਪ੍ਰੰਤੂ ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੌਰਾਨ ਭਗਵਾਂ ਪਾਰਟੀ ਨੂੰ ਮੁਫਤੀ ‘ਤੇ ਭਰੋਸਾ ਨਹੀਂ ਸੀ | ਸ੍ਰੀ ਦੁਲਟ ਨੇ ਨਵੀਂ ਕਿਤਾਬ ‘ਕਸ਼ਮੀਰ; ਦੀ ਵਾਜਪਾਈ ਯੀਅਰਜ਼’ ਵਿਚ ਦਾਅਵਾ ਕੀਤਾ ਕਿ ਬੇਭਰੋਸਗੀ ਦੇ ਕਾਰਨਾਂ ਵਿਚ ਇਕ ਕਾਰਨ 2002 ਦੀਆਂ ਵਿਧਾਨ ਸਭਾ ਚੋਣ ਦੌਰਾਨ ਮੁਫਤੀ ਵਲੋਂ ਪ੍ਰਾਪਤ ਕੀਤੀ ਇਕ ਤਰ੍ਹਾਂ ਦੀ ਮਦਦ ਸੀ | ਪਰ ਉਨ੍ਹਾਂ ਹੋਰ ਜ਼ਿਆਦਾ ਪ੍ਰਗਟਾਵਾ ਨਹੀਂ ਕੀਤਾ | ਖੋਜ ਤੇ ਵਿਸ਼ਲੇਸ਼ਣ ਵਿੰਗ (ਰਾਅ) ਦੇ ਮੁਖੀ ਵਜੋਂ ਸੇਵਾ-ਮੁਕਤ ਹੋਣ ਪਿੱਛੋਂ ਪ੍ਰਧਾਨ ਮੰਤਰੀ ਦਫ਼ਤਰ ਵਿਚ ਕਸ਼ਮੀਰ ਬਾਰੇ ਵਿਸ਼ੇਸ਼ ਸਲਾਹਕਾਰ ਰਹੇ ਸ੍ਰੀ ਦੁਲਟ ਨੇ ਅਪ੍ਰੈਲ 2003 ਵਿਚ ਪ੍ਰਧਾਨ ਮੰਤਰੀ ਦੀ ਸ੍ਰੀਨਗਰ ਫੇਰੀ ਦੌਰਾਨ ਵਾਪਰੀ ਇਕ ਘਟਨਾ ਦਾ ਵੇਰਵਾ ਦਿੱਤਾ ਹੈ ਜਦੋਂ ਉਨ੍ਹਾਂ ਨੇ ਪਾਕਿਸਤਾਨ ਵੱਲ ਦੋਸਤੀ ਦਾ ਹੱਥ ਵਧਾਇਆ ਸੀ | ਜਦੋਂ ਸ੍ਰੀ ਵਾਜਪਾਈ ਅਪ੍ਰੈਲ 2003 ਵਿਚ ਕਸ਼ਮੀਰ ਗਏ ਤਾਂ ਉਨ੍ਹਾਂ ਆਪਣਾ ਪਾਕਿਸਤਾਨ ਵੱਲ ਹੱਥ ਵਧਾਇਆ ਸੀ ਤਾਂ ਜਨਤਕ ਮੀਟਿੰਗ ਲਈ ਇਕ ਮੰਚ ਤਿਆਰ ਕੀਤਾ ਗਿਆ ਸੀ | ਮੰਚ ‘ਤੇ ਸ੍ਰੀ ਵਾਜਪਾਈ ਅਤੇ ਸ੍ਰੀ ਮੁਫਤੀ ਬੈਠੇ ਹੋਏ ਸਨ | ਮਹਿਬੂਬਾ ਮੁਫਤੀ ਵੀ ਉਨ੍ਹਾਂ ਕੋਲ ਜਾਣਾ ਚਾਹੁੰਦੀ ਸੀ ਪਰ ਉਨ੍ਹਾਂ ਨੂੰ ਨਿਮਰਤਾ ਨਾਲ ਦੱਸ ਦਿੱਤਾ ਗਿਆ ਕਿ ਮੰਚ ‘ਤੇ ਉਨ੍ਹਾਂ ਲਈ ਥਾਂ ਨਹੀਂ | ਸ੍ਰੀ ਵਾਜਪਾਈ ਮਹਿਬੂਬਾ ਨੂੰ ਮੰਚ ‘ਤੇ ਨਹੀਂ ਸਨ ਆਉਣ ਦੇਣਾ ਚਾਹੁੰਦੇ | ਉਹ ਮਹਿਬੂਬਾ ਨੂੰ ਨੇਤਾ ਵਜੋਂ ਪੇਸ਼ ਕਰਨਾ ਨਹੀਂ ਸਨ ਚਾਹੁੰਦੇ | 75 ਸਾਲਾ ਦੁਲਟ ਨੇ ਕਿਹਾ ਕਿ ਦਿੱਲੀ ਵਿਚ ਸਰਕਾਰ ਨੂੰ ਮਹਿਬੂਬਾ ਦੇ ਹਿਜਬੁਲ ਮੁਜਾਹਦੀਨ ਨਾਲ ਸਬੰਧਾਂ ਅਤੇ ਇਸ ਵਲੋਂ 2002 ਦੀਆਂ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਨੂੰ ਮੁਹੱਈਆ ਕੀਤੀ ਮਦਦ ਕਾਰਨ ਉਸ ‘ਤੇ ਗੰਭੀਰ ਸ਼ੱਕ ਸੀ |

Facebook Comment
Project by : XtremeStudioz